ਐਕਸਟਰਾ ਜੈਨਕਾ ਦੇ ਲੰਡਨ ਵਿੱਚ ਦਿੱਤੇ ਹਲਫਨਾਮੇ ਤੋਂ ਬਾਅਦ ਭਾਰਤ ਦੇ ਲੋਕਾਂ ਵਿੱਚ ਤਣਾਅ ਅਤੇ ਘਬਰਾਹਟ : ਡਿਪਟੀ ਮੇਅਰ
ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਐਸਟਰਾਜੈਨਿਕਾ ਵੱਲੋਂ ਇਹ ਮੰਨੇ ਜਾਣ ਕਿ ਕੋਵੀਸ਼ੀਲਡ ਵੈਕਸੀਨ ਦੇ ਭਾਰਤ ਵਿੱਚ ਦੁਰਲਭ ਮਾੜੇ ਪ੍ਰਭਾਵ ਹੋ ਸਕਦੇ ਹਨ, ਨੂੰ ਬੇਹਦ ਗੰਭੀਰ ਵਿਸ਼ਾ ਦੱਸਦਿਆਂ ਕੇਂਦਰ ਸਰਕਾਰ ਨੂੰ ਇਸ ਮੁੱਦੇ ਉੱਤੇ ਫੌਰੀ ਤੌਰ ਤੇ ਜਵਾਬ ਦੇਣ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਆਈਸੀਐਮਈਆਰ ਦੀ ਇੱਕ ਰਿਪੋਰਟ ਵਿੱਚ ਵੀ ਮੰਨਿਆ ਗਿਆ ਸੀ ਕਿ 18 ਤੋਂ 45 ਸਾਲ ਦੇ ਵਿਅਕਤੀਆਂ ਵਿੱਚੋਂ 6.50 ਫੀਸਦੀ ਲੋਕਾਂ ਦੀ ਅਚਾਨਕ ਮੌਤ ਹੋਈ ਹੈ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਐਸਟਰਾਜੈਨਿਕਾ ਦੇ ਇਸ ਖੁਲਾਸੇ ਤੋਂ ਬਾਅਦ ਭਾਰਤ ਦੇ ਲੋਕਾਂ ਵਿੱਚ ਘਬਰਾਹਟ ਅਤੇ ਤਣਾਅ ਫੈਲ ਗਿਆ ਹੈ। ਉਹਨਾਂ ਕਿਹਾ ਕਿ ਉਹ ਕੰਪਨੀ ਵੱਲੋਂ ਇਹ ਕਿਹਾ ਗਿਆ ਹੈ ਕਿ ਕੋਵੀ ਸ਼ੀਲਡ ਬਹੁਤ ਘੱਟ ਮਾਮਲਿਆਂ ਵਿੱਚ ਅਜਿਹੀ ਸਥਿਤੀ ਦਾ ਕਾਰਨ ਬਣ ਸਕਦੀ ਹੈ ਜਿਸ ਨਾਲ ਖੂਨ ਦੇ ਥੱਕੇ ਬਣ ਸਕਦੇ ਹਨ ਅਤੇ ਪਲੇਟਲੈਟ ਦੀ ਗਿਣਤੀ ਘੱਟ ਹੋ ਸਕਦੀ ਹੈ।
ਇਥੇ ਜ਼ਿਕਰਯਗ ਹੈ ਕਿ ਇਸ ਕੋਵੀਸ਼ੀਲਡ ਵੈਕਸੀਨ ਨੂੰ ਭਾਰਤ ਵਿੱਚ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਤਿਆਰ ਕੀਤਾ ਗਿਆ ਸੀ ਅਤੇ ਭਾਰਤ ਵਿੱਚ ਵੱਡੀ ਗਿਣਤੀ ਲੋਕਾਂ ਨੂੰ ਇਹੀ ਵੈਕਸੀਨ ਲੱਗੀ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਕਿਉਂਕਿ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਲੋਕਾਂ ਦੀ ਸਿਹਤ ਅਤੇ ਜ਼ਿੰਦਗੀ ਨਾਲ ਜੁੜਿਆ ਹੋਇਆ ਹੈ।
ਉਹਨਾਂ ਕਿਹਾ ਕਿ ਭਾਰਤ ਦੇ ਅੰਕੜੇ ਇਹ ਦੱਸਦੇ ਹਨ ਕਿ ਕੋਵੀਸ਼ੀਲਡ ਅਤੇ ਕੋਵੈਕਸੀਨ ਦੀ ਖੁਰਾਕ ਲੈਣ ਤੋਂ ਬਾਅਦ ਤਬੀਅਤ ਖਰਾਬ ਹੋਣ ਤੇ ਹਸਪਤਾਲ ਵਿੱਚ ਦਾਖਲ ਕੀਤੇ ਗਏ 520 ਲੋਕਾਂ ਦੀ ਇਲਾਜ ਦੇ ਦੌਰਾਨ ਮੌਤ ਹੋਈ। ਉਹਨਾਂ ਕਿਹਾ ਕਿ ਦੂਜੇ ਪਾਸੇ ਇੱਕ ਅਖਬਾਰ ਦਾ ਇੱਕ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ ਸਰਵੇ ਇਹ ਦੱਸਦਾ ਹੈ ਕਿ ਇੱਥੇ ਹੋਈਆਂ ਮੌਤਾਂ ਵਿੱਚ ਹਰ ਤੀਜੇ ਵਕਤੀ ਦੀ ਮੌਤ ਅਚਾਨਕ ਹੋਈ ਹੈ।
ਉਹਨਾਂ ਕਿਹਾ ਕਿ ਇਹ ਗੱਲ ਸਾਰਿਆਂ ਨੂੰ ਚੇਤੇ ਹੈ ਕਿ ਇਹ ਟੀਕੇ ਜਬਰੀ ਤੌਰ ਤੇ ਸਾਰਿਆਂ ਨੂੰ ਲਗਾਏ ਗਏ। ਲੋਕਾਂ ਨੂੰ ਫਲਾਈਟ ਤੇ ਨਹੀਂ ਸੀ ਚੜਨ ਦਿੱਤਾ ਜਾਂਦਾ, ਇੱਕ ਰਾਜ ਤੋਂ ਦੂਜੇ ਰਾਜ ਵਿੱਚ ਟੀਕਾ ਲਵਾਏ ਦਾ ਸਰਟੀਫਿਕੇਟ ਦਿਖਾਏ ਬਗੈਰ ਨਹੀਂ ਸੀ ਜਾਣ ਦਿੱਤਾ ਜਾਂਦਾ, ਵਿਦੇਸ਼ ਦੀ ਫਲਾਈਟ ਵਿੱਚ ਵੀ ਨਹੀਂ ਚੜਨ ਦਿੱਤਾ ਜਾਂਦਾ ਸੀ। ਉਹਨਾਂ ਇਹ ਵੀ ਯਾਦ ਕਰਵਾਇਆ ਕਿ ਟੈਨਿਸ ਜਗਤ ਦੇ ਨੰਬਰ ਇੱਕ ਖਿਡਾਰੀ ਜੋਕੋਵਿੱਚ ਵੱਲੋਂ ਟੀਕਾ ਲਗਵਾਉਣ ਤੋਂ ਨਾਂਹ ਕਰਨ ਉਪਰੰਤ ਉਸ ਨੂੰ ਆਸਟਰੇਲੀਅਨ ਓਪਨ ਵਿੱਚ ਨਹੀਂ ਸੀ ਖੇਡਣ ਦਿੱਤਾ ਗਿਆ ਜਿਸ ਨਾਲ ਉਸਦੀ ਰੈਂਕਿੰਗ ਵੀ ਡਿੱਗੀ ਸੀ ਪਰ ਉਸਨੇ ਟੀਕਾ ਲਗਵਾਉਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਸੀ ਤੇ ਅੱਜ ਤੱਕ ਉਸਨੇ ਟੀਕਾ ਨਹੀਂ ਲਗਵਾਇਆ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਜਿਨ੍ਹਾਂ ਘਰਾਂ ਦੇ ਮੈਂਬਰ ਅਚਾਨਕ ਮੌਤ ਦਾ ਸ਼ਿਕਾਰ ਹੋ ਰਹੇ ਹਨ ਉਹ ਪਰਿਵਾਰ ਤਬਾਹ ਹੋ ਜਾਂਦੇ ਹਨ। ਕਈਆਂ ਦੇ ਘਰਾਂ ਵਿੱਚ ਇਕਲੌਤਾ ਕਮਾਉਣ ਵਾਲਾ ਜੀਅ ਅਚਾਨਕ ਦਿਲ ਦੇ ਦੌਰੇ ਜਾਂ ਸਟਰੋਕ ਕਾਰਨ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਖੁਦ ਸਰਕਾਰੀ ਰਿਪੋਰਟਾਂ ਅਤੇ ਅਖਬਾਰਾਂ ਦੀਆਂ ਰਿਪੋਰਟਾਂ ਇਹ ਦੱਸਦੀਆਂ ਹਨ ਕਿ ਦੇਸ਼ ਦੇ ਕਈ ਇਲਾਕਿਆਂ ਵਿੱਚ ਅਚਾਨਕ ਕਈ ਕਈ ਮੌਤਾਂ ਦਿਲ ਦੇ ਦੌਰੇ ਕਾਰਨ ਹੋਈਆਂ ਜਿਨ੍ਹਾਂ ਦੀ ਉਮਰ 50 ਸਾਲ ਤੋਂ ਘੱਟ ਸੀ।
ਉਹਨਾਂ ਕਿਹਾ ਕਿ ਇਸ ਕਾਰਨ ਦੇਸ਼ ਦੀ ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਮਾਮਲੇ ‘ਚ ਹੋਰ ਕੀ ਕੁਝ ਲੁਕੋਇਆ ਗਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਹੀ ਕੋਵਿਡ ਕਾਰਨ ਦੇਸ਼ ਵਿੱਚ ਹੋਈਆਂ ਮੌਤਾਂ ਦੇ ਸਰਕਾਰੀ ਅੰਕੜਿਆਂ ਉੱਤੇ ਸਵਾਲ ਖੜੇ ਹੁੰਦੇ ਰਹੇ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਦੇਸ਼ ਦੇ ਲੋਕਾਂ ਦੇ ਇਹ ਸ਼ੰਕੇ ਫੌਰੀ ਤੌਰ ਤੇ ਦੂਰ ਹੋਣੇ ਚਾਹੀਦੇ ਹਨ ਕਿ ਜਿਨ੍ਹਾਂ ਲੋਕਾਂ ਨੇ ਪਹਿਲਾਂ ਦੋ ਵੈਕਸੀਨ ਦੇ ਟੀਕੇ ਅਤੇ ਫਿਰ ਤੀਜਾ ਟੀਕਾ ਬੂਸਟਰ ਦੇ ਰੂਪ ਵਿੱਚ ਵੀ ਲਵਾ ਲਿਆ, ਕੀ ਉਹਨਾਂ ਦੀ ਜਾਨ ਨੂੰ ਇਸ ਟੀਕੇ ਕਾਰਨ ਕੋਈ ਖਤਰਾ ਹੈ। ਕੀ ਉਹ ਸੁਰੱਖਿਅਤ ਹਨ, ਕੀ ਉਹਨਾਂ ਨੂੰ ਅਚਾਨਕ ਖੂਨ ਵਿੱਚ ਥੱਕਾ ਬਣਨ ਕਾਰਨ ਦਿਲ ਦਾ ਦੌਰਾ ਆ ਸਕਦਾ ਹੈ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਸਬੰਧੀ ਫੌਰੀ ਤੌਰ ਤੇ ਬਿਆਨ ਜਾਰੀ ਕਰਨਾ ਚਾਹੀਦਾ ਹੈ ਅਤੇ ਲੋਕਾਂ ਵਿੱਚ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਤਾਂ ਕਿ ਲੋਕਾਂ ਵਿੱਚ ਤਣਾਓ ਅਤੇ ਘਬਰਾਹਟ ਨਾ ਫੈਲੇ।
