ਪਾਰਟੀ ਆਗੂਆਂ ਦੀਆਂ ਕਮੇਟੀ ਚੋਣਾਂ ਲਈ ਵੋਟਾਂ ਬਣਾਉਣ ਸਬੰਧੀ ਲਗਾਈਆਂ ਡਿਊਟੀਆਂ
21 ਅਕਤੂਬਰ ਤੋਂ ਬਣਨ ਵਾਲੀਆਂ ਵੋਟਾਂ ਲਈ ਵੰਡੇ ਫ਼ਾਰਮ
ਐਸ.ਏ.ਐਸ.ਨਗਰ :
ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਤਿਆਰੀਆਂ ਵਿੱਢ ਦਿੱਤੀਆਂ ਹਨ। ਪਾਰਟੀ ਦੇ ਮੁਹਾਲੀ ਹਲਕੇ ਦੇ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਦੀ ਅਗਵਾਈ ਹੇਠ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਪਾਰਟੀ ਦੇ ਮੁਹਾਲੀ ਸ਼ਹਿਰੀ ਜਥੇ ਦੀ ਭਰਵੀਂ ਮੀਟਿੰਗ ਹੋਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੀਆਂ 21 ਅਕਤੂਬਰ ਤੋਂ ਬਣਨ ਵਾਲੀਆਂ ਵੋਟਾਂ ਸਬੰਧੀ ਫ਼ਾਰਮ ਵੰਡੇ ਗਏ ਅਤੇ ਘਰੋ-ਘਰੀ ਜਾ ਕੇ ਵੋਟਾਂ ਵੋਟਰਾਂ ਤੱਕ ਫ਼ਾਰਮ ਪਹੁੰਚਾਣ ਲਈ ਵਿਉਂਤਬੰਦੀ ਕੀਤੀ ਗਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪਰਵਿੰਦਰ ਸਿੰਘ ਸੋਹਾਣਾ ਨੇ ਆਖਿਆ ਕਿ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਲਈ ਕਿਸੇ ਵੀ ਯੋਗ ਵੋਟਰ, ਵੋਟ ਬਣਨ ਤੋਂ ਬਿਨ੍ਹਾਂ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਚੁਣੇ ਜਾਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਹਾਕਿਆਂ ਤੋਂ ਇਸ ਸੰਸਥਾ ਰਾਹੀਂ ਵਡਮੁੱਲੀ ਸੇਵਾ ਨਿਭਾ ਰਹੇ ਹਨ।
ਉਨ੍ਹਾਂ ਕਿਹਾ ਕਿ ਹਰ ਚੋਣ ਵਿੱਚ ਪੰਥ ਵਿਰੋਧੀ ਧਿਰਾਂ ਪੰਥਕ ਮਖੌਟੇ ਪਹਿਨ ਕੇ ਇਨ੍ਹਾਂ ਚੋਣਾਂ ਵਿੱਚ ਸਿੱਧੇ ਤੇ ਅਸਿੱਧੇ ਤੌਰ ਤੇ ਦਖ਼ਲ ਅੰਦਾਜ਼ੀ ਕਰਦੀਆਂ ਹਨ ਪਰ ਸਿੱਖ ਸੰਗਤ ਹਮੇਸ਼ਾ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਹੀ ਇਹ ਸੇਵਾ ਬਖ਼ਸ਼ਦੀ ਹੈ।
ਉਨ੍ਹਾਂ ਕਿਹਾ ਕਿ ਇਸ ਵੇਰ ਵੀ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਅਜਿਹੀਆਂ ਧਿਰਾਂ ਨੂੰ ਮੂੰਹ ਦੀ ਖਾਣੀ ਪਵੇਗੀ। ਉਨ੍ਹਾਂ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਨਿੱਜੀ ਦਿਲਚਸਪੀ ਲੈ ਕੇ ਵੋਟਾਂ ਦੇ ਫ਼ਾਰਮ ਵੋਟਰਾਂ ਤੱਕ ਪਹੁੰਚਾਣ ਤੇ ਉਨ੍ਹਾਂ ਨੂੰ ਵੋਟਾਂ ਬਣਾਉਣ ਲਈ ਜਾਗਰੂਕ ਕਰਨ ਦੀ ਅਪੀਲ ਕੀਤੀ।
ਇਸ ਇਕੱਤਰਤਾ ਨੂੰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਰੂਬੀ, ਹਰਮਨਪ੍ਰੀਤ ਸਿੰਘ ਪ੍ਰਿੰਸ, ਕਰਮ ਸਿੰਘ ਬਬਰਾ, ਮਨਜੀਤ ਸਿੰਘ ਮਾਨ, ਅਜੇਪਾਲ ਸਿੰਘ ਮਿੱਡੂਖੇਡ਼ਾ, ਜਗਦੀਸ਼ ਸਿੰਘ ਸਰਾਓ,ਗੁਰਚਰਨ ਸਿੰਘ ਨੰਨੜਾ,ਐਡਵੋਕੇਟ ਗਗਨਦੀਪ ਬੈਦਵਾਣ ,ਮਨਜੀਤ ਸਿੰਘ ਲੁਬਾਣਾ, ਗੁਰਚਰਨ ਸਿੰਘ ਚੋਚੀ,ਤਰਸੇਮ ਸਿੰਘ ਗੰਧੋਂ, ਹਰਮਿੰਦਰ ਸਿੰਘ ਪੱਤੋਂ, ਨੰਬਰਦਾਰ ਹਰਵਿੰਦਰ ਸਿੰਘ ਸੋਹਾਣਾ, ਜਗਤਾਰ ਸਿੰਘ, ਸਰਦਾਰਾ ਸਿੰਘ, ਹਰਪਾਲ ਸਿੰਘ ਬਰਾਡ਼, ਰਸ਼ਪਾਲ ਸਿੰਘ, ਮੱਖਣ ਸਿੰਘ ਸੈਣੀ, ਸ਼ਵਿੰਦਰ ਸਿੰਘ ਲੱਖੋਵਾਲ, ਅਵਤਾਰ ਸਿੰਘ ਦਾਊਂ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵੱਖ-ਵੱਖ ਵਾਰਡਾਂ ਵਿੱਚ ਵੋਟਰ ਫ਼ਾਰਮ ਵੰਡਣ ਅਤੇ ਵੋਟਾਂ ਬਣਾਉਣ ਲਈ ਡਿਊਟੀਆਂ ਵੀ ਲਗਾਈਆਂ ਗਈਆਂ।