ਪੰਜਾਬ ਨੂੰ ਬਿਜਲੀ ਸਰਪਲਸ ਸੂਬਾ ਬਣਾ ਕੇ ਮੋਹਾਲੀ ਦੇ ਉਦਯੋਗਾਂ ਨੂੰ ਰਾਹਤ ਅਕਾਲੀ ਸਰਕਾਰ ਨੇ ਦਿੱਤੀ : ਪਰਵਿੰਦਰ ਸਿੰਘ ਸੋਹਾਣਾ
ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦੀ ਹੈ ਪੰਜਾਬ ਦਾ ਵਿਕਾਸ ਤੇ ਪੰਜਾਬ ਦੇ ਹਿੱਤਾਂ ਦੀ ਰੱਖਿਆ
ਸ਼੍ਰੋਮਣੀ ਅਕਾਲੀ ਦਲ ਹਲਕਾ ਮੋਹਾਲੀ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਨੇ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਹੱਕ ਵਿੱਚ ਮੋਹਾਲੀ ਦੇ ਫੇਜ਼ 9 ਸਨਅਤੀ ਖੇਤਰ ਦੇ ਉਦਯਗਪਤੀਆਂ ਨਾਲ ਮਿਲਣੀ ਕੀਤੀ। ਇਸ ਮੌਕੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਸਪੁੱਤਰ ਸਿਮਰਨਜੀਤ ਸਿੰਘ ਚੰਦੂ ਮਾਜਰਾ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਇਹ ਮੀਟਿੰਗ ਸਰਬਜੀਤ ਸਿੰਘ ਗੋਲਡੀ ਸਰਕਲ ਪ੍ਰਧਾਨ ਵੱਲੋਂ ਕਰਵਾਈ ਗਈ।
ਇਸ ਮੌਕੇ ਬੋਲਦਿਆਂ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਮੋਹਾਲੀ ਦੀ ਰੱਕੀ ਲਈ ਜਿੰਨੇ ਕੰਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕਰਵਾਏ ਹਨ, ਓਨੇ ਕੋਈ ਹੋਰ ਪਾਰਟੀ ਨਹੀਂ ਕਰਵਾ ਸਕੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ 2007 ਵਿੱਚ ਬਣੀ ਸੀ। ਉਸ ਸਮੇਂ ਪੰਜਾਬ ਵਿੱਚ ਬਿਜਲੀ ਦੀ ਭਾਰੀ ਘਾਟ ਸੀ ਅਤੇ 11 ਘੰਟੇ ਦੇ ਬਿਜਲੀ ਕੱਟ ਲੱਗਦੇ ਸਨ ਜਿਸ ਕਾਰਨ ਸਨਅਤਾਂ ਮੋਹਾਲੀ ਨੂੰ ਛੱਡ ਕੇ ਹੋਰਨਾਂ ਸੂਬਿਆਂ ਵਿੱਚ ਜਾ ਰਹੀਆਂ ਸਨ। ਉਦਯੋਗਿਕ ਖੇਤਰ ਦਾ ਬੁਨਿਆਦੀ ਢਾਂਚਾ ਵੀ ਬੁਰੀ ਤਰ੍ਹਾਂ ਵਿਗੜਿਆ ਹੋਇਆ ਸੀ, ਸੜਕਾਂ ਟੁੱਟੀਆਂ ਹੋਈਆਂ ਸਨ, ਪਾਣੀ ਦੀ ਸਪਲਾਈ ਨਹੀਂ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਮੋਹਾਲੀ ਦੇ ਸਨਅਤੀ ਖੇਤਰ ਵੱਲ ਵਿਸ਼ੇਸ਼ ਧਿਆਨ ਦਿੰਦੇ ਬੁਨਿਆਦੀ ਢਾਂਚੇ ਦੇ ਵਿਕਾਸ ਵੱਲ ਧਿਆਨ ਦਿੱਤਾ ਅਤੇ ਖਾਸ ਤੌਰ ਤੇ ਬਿਜਲੀ ਉਤਪਾਦਨ ਲਈ ਪੰਜਾਬ ਵਿੱਚ ਕਈ ਕਾਰਖਾਨੇ ਲਾਏ ਜਿਸ ਨਾਲ 2017 ਤਾਂ ਪੰਜਾਬ ਵਿੱਚ ਬਿਜਲੀ ਸਰਪਲੱਸ ਹੋ ਗਈ ਸੀ।
ਪਰਵਿੰਦਰ ਸਿੰਘ ਸੁਹਾਣਾ ਨੇ ਕਿਹਾ ਕਿ ਵਿਕਾਸ ਦੀਆਂ ਗੱਲਾਂ ਕਰਨ ਵਾਲੀਆਂ ਕਾਂਗਰਸ ਅਤੇ ਆਪ ਸਰਕਾਰਾਂ ਦੱਸਣ ਕਿ ਉਹਨਾਂ ਦੇ ਰਾਜ ਸਮੇਂ ਬਿਜਲੀ ਦਾ ਕਿਹੜਾ ਨਵਾਂ ਕਾਰਖਾਨਾ ਪੰਜਾਬ ਵਿੱਚ ਲੱਗਾ ਹੈ। ਉਹਨਾਂ ਕਿਹਾ ਕਿ ਇਹਨਾਂ ਦੋਹਾਂ ਸਰਕਾਰਾਂ ਨੇ ਵਿਕਾਸ ਨਹੀਂ ਵਿਨਾਸ਼ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਨਿਵੇਸ਼ ਲਿਆ ਕੇ ਨਵੀਆਂ ਸਨਅਤਾਂ ਲਾਉਣ ਦੀ ਲੋੜ ਹੈ ਜਿੱਥੇ ਪੰਜਾਬੀਆਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮਿਲ ਸਕੇ ਪਰ ਮੌਜੂਦਾ ਸਰਕਾਰ ਤਾਂ ਸਿਰਫ ਇਸ਼ਤਿਹਾਰਬਾਜ਼ੀ ਉੱਤੇ ਹੀ ਵੱਡੇ ਖਰਚੇ ਕਰਕੇ ਸੂਬੇ ਦੇ ਮਾਲੀਏ ਨੂੰ ਢਾਅ ਆ ਰਹੀ ਹੈ।
ਉਹਨਾਂ ਕਿਹਾ ਕਿ ਪੰਜਾਬੀਆਂ ਨੂੰ ਇਸ ਗੱਲ ਦੀ ਸਮਝ ਆ ਗਈ ਹੈ ਕਿ ਪੰਜਾਬ ਦੀ ਤਰੱਕੀ ਖੇਤਰੀ ਪਾਰਟੀ ਅਕਾਲੀ ਦਲ ਹੀ ਕਰ ਸਕਦਾ ਹੈ। ਅਤੇ ਇਸ ਦੀ ਮਿਸਾਲ ਹੋਰਨਾਂ ਸੂਬਿਆਂ ਵਿੱਚ ਤੋਂ ਮਿਲਦੀ ਹੈ ਜਿੱਥੇ ਖੇਤਰੀ ਪਾਰਟੀਆਂ ਵਧੀਆ ਢੰਗ ਨਾਲ ਆਪੋ ਆਪਣੇ ਸੂਬਿਆਂ ਦਾ ਵਿਕਾਸ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਦਿੱਲੀ ਦੀ ਕਮਾਂਡ ਤੇ ਕੰਮ ਕਰਨ ਵਾਲੀਆਂ ਪਾਰਟੀਆਂ ਪੰਜਾਬ ਦੇ ਹਿੱਤਾਂ ਬਾਰੇ ਨਹੀਂ ਸੋਚਦੀਆਂ ਇਸ ਲਈ ਸਾਰਿਆਂ ਨੂੰ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾ ਕੇ ਜਿਤਾਉਣਾ ਸਮੇਂ ਦੀ ਲੋੜ ਹੈ।
ਇਸ ਮੀਟਿੰਗ ਵਿੱਚ ਇੰਡਸਟਰੀਅਲ ਐਸੋਸੀਏਸ਼ਨ ਆਫ ਮੋਹਾਲੀ ਫੇਜ 9, ਪ੍ਰਧਾਨ ਦਵਿੰਦਰ ਸਿੰਘ ਲੌਂਗੀਆ ਅਤੇ ਮੈਂਬਰ ਇੰਡਸਟਰੀਅਲ ਬਿਜ਼ਨਸ ਓਨਰ ਐਸੋਸੀਏਸ਼ਨ ਸੈਕਟਰ 82 ਮੋਹਾਲੀ, ਪ੍ਰਧਾਨ ਰਵੀਜੀਤ ਸਿੰਘ ਅਤੇ ਮੈਂਬਰ, ਮੋਹਾਲੀ ਇੰਡਸਟਰੀ ਐਸੋਸੀਏਸ਼ਨ ਫੇਜ 9, ਜਨਰਲ ਸਕੱਤਰ ਦਿਲਪ੍ਰੀਤ ਸਿੰਘ ਬੋਪਾਰਾਏ, ਅਕਾਲੀ ਆਗੂ ਹਰਜੀਤ ਸਿੰਘ ਜਸਬੀਰ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਰਹੇ।