Follow us

11/12/2024 12:14 pm

Search
Close this search box.
Home » News In Punjabi » ਚੰਡੀਗੜ੍ਹ » ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ

– ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਵੱਖ-ਵੱਖ ਏਜੰਸੀਆਂ ਵੱਲੋਂ ਚੌਕਸੀ ਹੋਰ ਵਧਾਈ ਗਈ: ਮੁੱਖ ਚੋਣ ਅਧਿਕਾਰੀ

– ਗੈਰ-ਕਾਨੂੰਨੀ ਤਸਕਰੀ ਰੋਕਣ ਲਈ ਅੰਤਰਰਾਜੀ ਨਾਕਿਆਂ ਉੱਤੇ 48 ਹਾਈਟੈੱਕ ਸੀਸੀਟੀਵੀ ਕੈਮਰੇ ਸਥਾਪਿਤ

– 13 ਲੋਕ ਸਭਾ ਹਲਕਿਆਂ ਵਿੱਚ ਹਾਈਟੈੱਕ ਕੈਮਰਿਆਂ ਵਾਲੀਆਂ 351 ਗੱਡੀਆਂ ਰਾਹੀਂ ਫਲਾਇੰਗ ਸੁਕਐਡ ਟੀਮਾਂ ਰੱਖ ਰਹੀਆਂ ਨੇ ਨਜ਼ਰ

ਚੰਡੀਗੜ੍ਹ :

ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ 16 ਮਾਰਚ ਤੋਂ ਸਾਰੇ ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੈ ਅਤੇ ਇਸ ਦੌਰਾਨ  ਵੱਖ-ਵੱਖ ਸੁਰੱਖਿਆ ਅਤੇ ਹੋਰ ਏਜੰਸੀਆਂ ਵੱਲੋਂ ਪੰਜਾਬ ਵਿੱਚ ਕੁੱਲ 243.95 ਕਰੋੜ ਰੁਪਏ ਦੀ ਨਕਦੀ, ਸ਼ਰਾਬ, ਡਰੱਗ ਅਤੇ ਹੋਰ ਕੀਮਤੀ ਸਮਾਨ ਜ਼ਬਤ ਕੀਤਾ ਜਾ ਚੁੱਕਾ ਹੈ।  

ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਪੰਜਾਬ ਵਿੱਚ ਸੁਤੰਤਰ ਅਤੇ ਨਿਰਪੱਖ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ 16 ਮਾਰਚ ਤੋਂ 17 ਅਪ੍ਰੈਲ 2024 ਤੱਕ ਸਭ ਤੋਂ ਜ਼ਿਆਦਾ 158.76 ਕਰੋੜ ਰੁਪਏ ਦੀ ਨਗਦੀ, ਸ਼ਰਾਬ/ਨਸ਼ੀਲੇ ਪਦਾਰਥ ਅਤੇ ਹੋਰ ਵਸਤਾਂ ਪੰਜਾਬ ਪੁਲਿਸ ਵੱਲੋਂ ਜ਼ਬਤ ਕੀਤੀਆਂ ਗਈਆਂ ਹਨ। 

ਸਿਬਿਨ ਸੀ ਨੇ ਅੱਗੇ ਦੱਸਿਆ ਕਿ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 17 ਅਪ੍ਰੈਲ ਤੱਕ ਪੰਜਾਬ ਪੁਲਿਸ ਨੇ 2.49 ਕਰੋੜ ਰੁਪਏ ਦੀ ਨਕਦੀ, 7.06 ਕਰੋੜ ਰੁਪਏ ਦੀ ਸ਼ਰਾਬ, 148.21 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ, 25.6 ਲੱਖ ਰੁਪਏ ਦੀਆਂ ਕੀਮਤੀ ਵਸਤਾਂ ਅਤੇ 74.2 ਲੱਖ ਰੁਪਏ ਦੀ ਕੀਮਤ ਵਾਲੀਆਂ ਹੋਰ ਵਸਤੂਆਂ ਜ਼ਬਤ ਕੀਤੀਆਂ ਹਨ। ਇਸੇ ਤਰ੍ਹਾਂ ਸੂਬੇ ਦੇ ਆਬਕਾਰੀ ਵਿਭਾਗ ਨੇ 6.77 ਕਰੋੜ ਰੁਪਏ ਦੀ ਸ਼ਰਾਬ ਅਤੇ 2 ਲੱਖ ਰੁਪਏ ਦੇ ਨਸ਼ੀਲੇ ਪਦਾਰਥ ਅਤੇ ਬੀ.ਐਸ.ਐਫ ਨੇ 19.66 ਕਰੋੜ ਰੁਪਏ ਦੇ ਡਰੱਗਜ਼ ਤੇ ਨਸ਼ੀਲੇ ਪਦਾਰਥ, 40 ਲੱਖ ਰੁਪਏ ਦੀਆਂ ਕੀਮਤੀ ਵਸਤਾਂ ਅਤੇ 36 ਲੱਖ ਰੁਪਏ ਦੀ ਨਗਦੀ ਜ਼ਬਤ ਕੀਤੀ ਹੈ।

ਇਸ ਤੋਂ ਇਲਾਵਾ 45.92 ਕਰੋੜ ਰੁਪਏ ਦੇ ਡਰੱਗਜ਼ ਤੇ ਨਸ਼ੀਲੇ ਪਦਾਰਥ, 3.15 ਕਰੋੜ ਰੁਪਏ ਦੀ ਨਕਦੀ, 8.84 ਕਰੋੜ ਰੁਪਏ ਦੀਆਂ ਕੀਮਤੀ ਵਸਤਾਂ ਅਤੇ 6 ਲੱਖ ਰੁਪਏ ਦੀ ਕੀਮਤ ਵਾਲੀਆਂ ਹੋਰ ਵਸਤੂਆਂ ਨੂੰ ਵੱਖ-ਵੱਖ ਏਜੰਸੀਆਂ ਵੱਲੋਂ ਜ਼ਬਤ ਕੀਤਾ ਗਿਆ ਹੈ। ਇਸ ਤਰ੍ਹਾਂ ਇਕ ਮਹੀਨੇ ਦੌਰਾਨ ਇਹ ਸਾਰੀ ਜ਼ਬਤੀ 243.95 ਕਰੋੜ ਰੁਪਏ ਬਣਦੀ ਹੈ।

ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਜ਼ਬਤੀ ਦੇ ਮਾਮਲੇ ਵਿੱਚ ਪੰਜਾਬ ਦੇਸ਼ ਭਰ ਵਿੱਚੋਂ ਪੰਜਵੇਂ ਸਥਾਨ ਉੱਤੇ ਰਿਹਾ। ਇਨ੍ਹਾਂ ਅੰਕੜਿਆਂ ਅਨੁਸਾਰ 1 ਮਾਰਚ 2024 ਤੋਂ 15 ਅਪ੍ਰੈਲ 2024 ਤੱਕ ਪੰਜਾਬ ਵਿੱਚ 311 ਕਰੋੜ ਰੁਪਏ ਦੀ ਜ਼ਬਤੀ ਕੀਤੀ ਗਈ ਹੈ।

ਸਿਬਿਨ ਸੀ ਨੇ ਕਿਹਾ ਕਿ ਡਰੱਗ, ਸ਼ਰਾਬ, ਨਕਦੀ ਅਤੇ ਹੋਰ ਸਮਾਨ ਦੀ ਗੈਰ-ਕਾਨੂੰਨੀ ਤਸਕਰੀ ਨੂੰ ਰੋਕਣ ਲਈ ਅੰਤਰਰਾਜੀ ਨਾਕਿਆਂ ਉੱਤੇ 48 ਹਾਈਟੈੱਕ ਸੀਸੀਟੀਵੀ ਕੈਮਰਿਆਂ ਨਾਲ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੂਬੇ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਫਲਾਇੰਗ ਸੁਕਐਡ ਟੀਮਾਂ ਦੁਆਰਾ ਹਾਈਟੈੱਕ ਸੀਸੀਟੀਵੀ ਕੈਮਰਿਆਂ ਨਾਲ ਲੈੱਸ 351 ਗੱਡੀਆਂ (ਹਰੇਕ ਵਿਧਾਨ ਸਭਾ ਹਲਕੇ ਲਈ 3 ਗੱਡੀਆਂ) ਰਾਹੀਂ ਹਰ ਵੇਲੇ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਇਸ ਦੀ ਲਾਈਵ ਫੀਡ ਸਿੱਧੀ ਜ਼ਿਲ੍ਹਾ ਅਤੇ ਸਟੇਟ ਮਾਨੀਟਰਿੰਗ ਕੰਟਰੋਲ ਰੂਮ ਨੂੰ ਭੇਜੀ ਜਾ ਰਹੀ ਹੈ।         

ਸਿਬਿਨ ਸੀ ਨੇ ਅੱਗੇ ਦੱਸਿਆ ਕਿ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੂਬੇ ਦੇ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਨੂੰ ਆਦਰਸ਼ ਚੋਣ ਜ਼ਾਬਤੇ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਅੰਤਰਰਾਜੀ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਸਰਹੱਦੀ ਜ਼ਿਲ੍ਹਿਆਂ ਵਿੱਚ ਬੀ.ਐੱਸ.ਐਫ਼ ਅਤੇ ਹੋਰ ਸਬੰਧਤ ਏਜੰਸੀਆਂ ਵੱਲੋਂ ਵੀ ਚੌਕਸੀ ਵਧਾ ਦਿੱਤੀ ਗਈ ਹੈ ਤਾਂ ਜੋ ਸਰਹੱਦ ਪਾਰੋਂ ਆਉਂਦੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਉੱਤੇ ਠੱਲ੍ਹ ਪਾਈ ਜਾ ਸਕੇ। 

ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਾਰਾ ਅਮਲਾ ਸੂਬੇ ਵਿੱਚ ਨਿਰਪੱਖ ਅਤੇ ਸ਼ਾਂਤਮਈ ਤਰੀਕੇ ਨਾਲ ਚੋਣਾਂ ਕਰਵਾਉਣ ਲਈ ਵਚਨਬੱਧ ਹੈ ਅਤੇ ਇਸ ਸਬੰਧ ਵਿੱਚ ਹਰ ਸੰਭਵ ਕਦਮ ਚੁੱਕੇ ਜਾ ਰਹੇ ਹਨ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal