ਸਾਹਿਬਜ਼ਾਦਾ ਅਜੀਤ ਸਿੰਘ ਨਗਰ :
ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਨੇ ਦਰਸ਼ਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਨਵੇਂ ਕ੍ਰਿਕਟ ਸਟੇਡੀਅਮ, ਮੁੱਲਾਂਪੁਰ ਵਿਖੇ ਸਮੇਂ ਸਿਰ ਸਟੇਡੀਅਮ ਵਿੱਚ ਸਮੇਂ ਸਿਰ ਦਖਲ ਹੋਣ ਲਈ ਅਤੇ ਕਿਸੇ ਵੀ ਤਰ੍ਹਾਂ ਦੇ ਭੀੜ ਭੜੱਕੇ ਵਾਲੀ ਸਥਿਤੀ ਤੋਂ ਬਚਣ ਲਈ ਤੈਅ ਵਕਤ ਤੋਂ ਪਹਿਲਾਂ ਪਹੁੰਚਣ।
DC ਆਸ਼ਿਕਾ ਜੈਨ ਨੇ ਕਿਹਾ ਕਿ ਪਿਛਲੇ ਖੇਡੇ ਗਏ ਮੈਚਾਂ ਵਿੱਚ ਇਹ ਦੇਖਿਆ ਗਿਆ ਹੈ ਕਿ ਦਰਸ਼ਕਾਂ ਨੂੰ ਸਲਾਹ ਦੇਣ ਦੇ ਬਾਵਜੂਦ, ਆਖਰੀ ਸਮੇਂ ਦੀ ਆਮਦ ਸਭ ਲਈ ਪਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕਿਉਂਕਿ ਮੈਚ ਸ਼ੁਰੂ ਹੋਣ ਤੋਂ ਤਿੰਨ ਘੰਟੇ ਪਹਿਲਾਂ ਐਂਟਰੀ ਗੇਟ ਖੋਲ੍ਹ ਦਿੱਤੇ ਜਾਂਦੇ ਹਨ, ਇਸ ਲਈ ਸਾਨੂੰ ਤੈਅ ਸਮੇਂ ਤੋਂ ਪਹਿਲਾਂ ਉੱਥੇ ਪਹੁੰਚਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਰੋਜ਼ਾਨਾ ਆਉਣ-ਜਾਣ ਵਾਲੇ ਯਾਤਰੀਆਂ ਨੂੰ ਜਿਨ੍ਹਾਂ ਦੀ ਮੰਜ਼ਿਲ ਸਟੇਡੀਅਮ ਨਹੀਂ ਹੈ, ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਹ ਮੈਚ ਵਾਲੇ ਦਿਨ ਸ਼ਾਮ ਚਾਰ ਵਜੇ ਤੋਂ ਬਾਅਦ PR-4 ਰੋਡ ਦੀ ਵਰਤੋਂ ਨਾ ਕਰਨ, ਇਸ ਦੀ ਬਜਾਏ ਕਿਸੇ ਵੀ ਟ੍ਰੈਫਿਕ ਜਾਮ ਤੋਂ ਬਚਣ ਲਈ ਮੁੱਲਾਂਪੁਰ ਬੈਰੀਅਰ ਰੋਡ ਉਨ੍ਹਾਂ ਲਈ ਸਭ ਤੋਂ ਵਧੀਆ ਹੈ।
ਉਨ੍ਹਾਂ ਕਿਹਾ ਕਿ ਭਾਵੇਂ SSP ਡਾ. ਸੰਦੀਪ ਗਰਗ ਦੀ ਅਗਵਾਈ ਹੇਠ ਜ਼ਿਲ੍ਹਾ ਪੁਲੀਸ ਇਸ ਹਫੜਾ-ਦਫੜੀ ਨੂੰ ਘੱਟ ਕਰਨ ਲਈ ਪੂਰੀ ਵਾਹ ਲਾ ਰਹੀ ਹੈ ਪਰ ਸਟੇਡੀਅਮ ਨੂੰ ਜਾਣ ਵਾਲੀ ਮੁੱਖ ਸੜਕ ਇੱਕੋ ਹੋਣ ਕਾਰਨ ਅਤੇ ਦਰਸ਼ਕਾਂ ਦੀ ਆਮਦ ਵੱਡੀ ਗਿਣਤੀ ਚ ਹੋਣ ਕਾਰਨ ਸਾਰੇ ਪ੍ਰਬੰਧ ਨਾਕਾਫ਼ੀ ਪੈ ਜਾਂਦੇ ਹਨ।
ਉਨ੍ਹਾਂ ਦਰਸ਼ਕਾਂ ਨੂੰ ਸਲਾਹ ਦਿੱਤੀ ਕਿ ਉਹ ਮੈਚ ਸ਼ੁਰੂ ਹੋਣ ਦੇ ਸਮੇਂ ਤੋਂ ਪਹਿਲਾਂ ਸਟੇਡੀਅਮ ਵਿੱਚ ਪਹੁੰਚ ਜਾਣ ਅਤੇ ਸਟੇਡੀਅਮ ਪ੍ਰਬੰਧਕਾਂ ਵੱਲੋਂ ਆਰਜ਼ੀ ਤੌਰ ’ਤੇ ਪ੍ਰਬੰਧ ਕੀਤੇ ਗਏ ਪਾਰਕਿੰਗ ਸਥਾਨਾਂ ਵਿੱਚ ਆਪਣੇ ਵਾਹਨ ਪਾਰਕ ਕਰਕੇ ਸਮੇਂ ਸਿਰ ਸਟੇਡੀਅਮ ਵਿੱਚ ਦਾਖਲ ਹੋਣ।
ਉਨ੍ਹਾਂ ਕਿਹਾ ਕਿ ਇੱਥੇ ਭਵਿੱਖ ਵਿੱਚ ਖੇਡੇ ਜਾਣ ਵਾਲੇ ਕ੍ਰਿਕਟ ਮੈਚਾਂ ਦੇ ਸ਼ਡਿਊਲ ਤੋਂ ਪਹਿਲਾਂ ਨੇੜੇ ਦੀਆਂ ਸੜਕਾਂ ਨੂੰ ਭੀੜ-ਭੜੱਕੇ ਤੋਂ ਨਿਜਾਤ ਦਿਵਾਉਣ ਲਈ ਟ੍ਰੈਫਿਕ ਪ੍ਰਬੰਧਨ ਦਾ ਢੁੱਕਵਾਂ ਪ੍ਰਬੰਧ ਕੀਤਾ ਜਾਵੇਗਾ।