S.A.S NAGAR:
An appeal was made to reach out to the youth who became voters for the first time and vote
ਭਾਰਤੀ ਚੋਣ ਕਮਿਸ਼ਨ ਦੇ ਸੁਨੇਹੇ ‘ਮੇਰਾ ਪਹਿਲਾ ਵੋਟ, ਦੇਸ਼ ਦੇ ਨਾਮ’ ਨੂੰ ਨਵੇਂ ਵੋਟਰਾਂ ਤੱਕ ਪਹੁੰਚਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ-ਕਮ-DC ਆਸ਼ਿਕਾ ਜੈਨ ਦੀ ਅਗਵਾਈ ਵਿੱਚ ਜ਼ਿਲ੍ਹਾ ਸਵੀਪ ਟੀਮ ਵੱਲੋਂ ਨਿਰੰਤਰ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ। ਜਿੱਥੇ ਘਰਾਂ ਦੀਆਂ ਸੁਆਣੀਆਂ ਨੂੰ ਵੇਰਕਾ ਦੁੱਧ ਦੇ ਪੈਕਟਾਂ ਉਪਰ ਪਹਿਲੀ ਜੂਨ ਨੂੰ ਵੋਟ ਪਾਉਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ, ਉੱਥੇ ਪਹਿਲੀ ਵਾਰ ਵੋਟਰ ਬਣੇ ਨੌਜਵਾਨ ਯੁਵਕ-ਯੁਵਤੀਆਂ ਨੂੰ ਆਪਣੀ ਵੋਟ ਦੇ ਇਸਤੇਮਾਲ ਲਈ ਜਾਗਰੂਕ ਕਰਨ ਲਈ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਵੱਲੋਂ ਆਪਣੀ ਟੀਮ ਸਮੇਤ ਪਹੁੰਚ ਕੀਤੀ ਜਾ ਰਹੀ ਹੈ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲੀ ਵਾਰ ਵੋਟ ਪਾਉਣ ਲਈ ਉਤਸ਼ਾਹਿਤ ਨੌਜਵਾਨਾਂ ਨੂੰ ਕੀ-ਚੇਨ (ਵੋਟਰ ਜਾਗਰੂਕਤਾ ਦੇ ਸੁਨੇਹੇ ਵਾਲੇ ਚਾਬੀਆਂ ਦੇ ਛੱਲੇ), ਕੈਪਸ ਅਤੇ ਟੀ-ਸ਼ਰਟਾਂ ਵੰਡ ਕੇ ਪਹਿਲੀ ਜੂਨ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਜੋ ਜ਼ਿਲ੍ਹਾ ਚੋਣ ਅਫ਼ਸਰ-ਕਮ-DC ਸਾਹਿਬਜ਼ਾਦਾ ਅਜੀਤ ਸਿੰਘ ਨਗਰ ਆਸ਼ਿਕਾ ਜੈਨ ਦੇ 80 ਫ਼ੀਸਦੀ ਤੋਂ ਵੱਧ ਮਤਦਾਨ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਚੋਣ ਤਹਿਸੀਲਦਾਰ ਸੰਜੇ ਕੁਮਾਰ ਅਤੇ ਜ਼ਿਲ੍ਹਾ ਸਵੀਪ ਟੀਮ ਵੱਲੋਂ ਡੇਰਾਬੱਸੀ ਵਿੱਚ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਗਿਆ।
ਇਸ ਮੌਕੇ ਸਰਕਾਰੀ ਕਾਲਜ ਡੇਰਾਬੱਸੀ ਦੇ ਵਿਦਿਆਰਥੀਆਂ ਵੱਲੋਂ ਨੁੱਕੜ ਨਾਟਕ ‘ਮੇਰੀ ਵੋਟ, ਮੇਰੀ ਤਾਕਤ’ ਦਾ ਮੰਚਣ ਵੀ ਕੀਤਾ ਗਿਆ। ਸਕੂਲਾਂ ਦੇ ਕੈਂਪਸ ਅੰਬੇਸਡਰ ਵੱਲੋਂ ਪੰਜਾਬ ਦੇ ਚੋਣ ਮਾਸਕਟ ਸ਼ੇਰੇ ਦੇ ਮਖੋਟੇ ਪਾ ਕੇ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਮੁਹਿੰਮ ਵਿੱਚ ਡੇਰਾਬੱਸੀ ਦੇ ਚੋਣ ਕਾਨੂੰਗੋ ਸੁਰਿੰਦਰ ਬਤਰਾ, ਵਿਧਾਨ ਸਭਾ ਹਲਕਾ ਦੇ ਨੋਡਲ ਅਫਸਰ ਸਵੀਪ ਪ੍ਰਿੰਸੀਪਲ ਰੂਮਾਂ ਰਾਣੀ, ਪੰਜਾਬੀ ਅਧਿਆਪਕਾ ਮੀਨਾ ਰਾਜਪੂਤ ਅਤੇ ਐਸ ਡੀ ਐਮ ਦਫਤਰ ਤੋਂ ਰਾਜੇਸ਼ ਕੁਮਾਰ ਨੇ ਵੀ ਵਿਸ਼ੇਸ਼ ਭੂਮਿਕਾ ਨਿਭਾਈ।