ਚੰਡੀਗੜ੍ਹ:
PGI ਵਿੱਚ ਲਗਾਤਾਰ ਹੋ ਰਹੀਆਂ ਅੱਗਾਂ ਦੀਆਂ ਘਟਨਾਵਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਸ਼ਹਿਰ ਦੇ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਪਵਨ ਬਾਂਸਲ ਨੇ ਭਾਜਪਾ ’ਤੇ ਨਿਸ਼ਾਨਾ ਸਾਧਿਆ ਹੈ।
ਪਵਨ ਬਾਂਸਲ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਭਾਜਪਾ ਨੇ ਪੀਜੀਆਈ ਵਰਗੇ ਦੇਸ਼ ਦੇ ਪ੍ਰੀਮੀਅਮ ਅਦਾਰੇ ਦਾ ਅਜਿਹਾ ਕੀ ਕੀਤਾ ਹੈ ਕਿ ਇੱਥੇ ਚੱਲ ਰਹੇ ਅਪਰੇਸ਼ਨ ਥੀਏਟਰ ਨੂੰ ਅੱਗ ਲੱਗ ਜਾਂਦੀ ਹੈ। 6 ਮਹੀਨਿਆਂ ‘ਚ 4 ਵਾਰ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਵਾਰ-ਵਾਰ ਇਹ ਘਟਨਾਵਾਂ ਸਾਹਮਣੇ ਆਉਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ ਹੈ। “ਪੀਜੀਆਈ ਵਿੱਚ ਹਜ਼ਾਰਾਂ ਸਟਾਫ਼ ਕੰਮ ਕਰਦਾ ਹੈ ਅਤੇ ਇਸ ਤੋਂ ਵੀ ਵੱਧ ਮਰੀਜ਼ ਅਤੇ ਉਨ੍ਹਾਂ ਦੇ ਰਿਸ਼ਤੇਦਾਰ ਪੀਜੀਆਈ ਵਿੱਚ ਮੌਜੂਦ ਹਨ, ਪਰ ਸੀਬੀਆਰਆਈ ਰੁੜਕੀ ਦੀ ਆਡਿਟ ਰਿਪੋਰਟ ਅਨੁਸਾਰ ਪੀਜੀਆਈ ਵਿੱਚ ਅੱਗ ਦੀਆਂ ਘਟਨਾਵਾਂ ਨਾਲ ਨਜਿੱਠਣ ਲਈ ਲੋੜੀਂਦੇ ਪ੍ਰਬੰਧ ਨਹੀਂ ਹਨ। ਇਹ ਚਿੰਤਾਜਨਕ ਹੈ ਅਤੇ ਭਾਜਪਾ ਦੇ ਲਾਪਰਵਾਹ ਪ੍ਰਸ਼ਾਸਨ ਦਾ ਸਬੂਤ ਹੈ।”