ਜਨਰਲ ਕੈਟਾਗਰੀਜ ਵੈਲਫੇਅਰ ਫੈਡਰੇਸ਼ਨ ਪੰਜਾਬ ਦੀ ਮੋਹਾਲੀ ਇਕਾਈ ਦੇ ਪ੍ਰਧਾਨ ਜਸਵੀਰ ਸਿੰਘ ਗੜਾਂਗ ਨੇ ਵੱਖ-ਵੱਖ ਕੌਮੀ ਅਤੇ ਖੇਤਰੀ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਾਰੇ ਹੀ ਆਪਣੀਆਂ-ਆਪਣੀਆਂ ਰਾਜਨੀਤਿਕ ਪਾਰਟੀਆਂ ‘ਚ ਜਨਰਲ ਵਰਗ ਦੇ ਲੋਕਾਂ ਦੀਆਂ ਸਮੱਸਿਆਵਾਂ ਜਾਨਣ ਲਈ ਜਨਰਲ ਵਰਗ ਦੇ ਰਾਜਨੀਤਿਕ ਵਿੰਗਾਂ ਦੀ ਸਥਾਪਨਾ ਕਰਨ ਤਾਂ ਕਿ ਜਨਰਲ ਵਰਗ ਨਾਲ ਸਬੰਧ ਰੱਖਦੇ ਲੋਕਾਂ ਨੂੰ ਵੀ ਇਹਨਾਂ ਪਾਰਟੀਆਂ ਦੇ ਆਗੂਆਂ ਅੱਗੇ ਆਪਣੇ ਮਸਲੇ ਰੱਖਣ ਦਾ ਮੌਕਾ ਮਿਲ ਸਕੇ ।
ਆਗੂ ਨੇ ਇਹ ਵੀ ਦੱਸਿਆ ਕਿ ਅੱਜ ਦੇ ਸਮੇਂ ‘ਚ ਜੇ ਸ਼ੋਸ਼ਣ ਹੋ ਰਿਹਾ ਹੈ ਤਾਂ ਉਹ ਜਨਰਲ ਵਰਗ ਦੇ ਲੋਕਾਂ ਨਾਲ ਹੋ ਰਿਹਾ ਹੈ । ਐਟਰੋਸਿਟੀ ਐਕਟ ਦੀ ਦੁਰਵਰਤੋਂ ਹੋਣ ਕਾਰਣ ਜਨਰਲ ਵਰਗ ਦੇ ਲੋਕਾਂ ਨੂੰ ਹਮੇਸ਼ਾ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਇਸ ਐਕਟ ਤਹਿਤ ਦਰਜ ਹੋਣ ਵਾਲੇ ਜਿਆਦਾਤਰ ਮਸਲੇ ਝੂਠੇ ਪਾਏ ਜਾਂਦੇ ਹਨ ਜਨਰਲ ਵਰਗ ਦੇ ਵਿਦਿਆਰਥੀਆਂ ਨੂੰ ਰਿਜਰਵ ਕੈਟਾਗਰੀ ਦੇ ਵਿਦਿਆਰਥੀਆਂ ਨਾਲੋਂ ਨੌਕਰੀਆਂ ਜਾਂ ਦਾਖਲਿਆ ਸਮੇਂ ਬਹੁਤ ਜਿਆਦਾ ਫੀਸਾਂ ਜਮਾਂ ਕਰਵਾਉਣੀਆਂ ਪੈਂਦੀਆਂ ਹਨ।
ਓਹਨਾਂ ਕਿਹਾ ਨੌਕਰੀਆਂ ਵਿੱਚ ਕੋਟੇ ਨਾਲੋਂ ਵੱਧ ਰਾਖਵਾਂ ਕਰਨ ਦਿੱਤਾ ਜਾ ਰਿਹਾ ਹੈ ਕਿਉਂਕਿ ਮੈਰਿਟ ਵਿੱਚ ਆਏ ਰਿਜ਼ਰਵ ਕੈਟਾਗਰੀ ਦੇ ਉਮੀਦਵਾਰਾਂ ਨੂੰ ਜਨਰਲ ਕੈਟਾਗਰੀ ਵਿੱਚ ਪ੍ਰਵਾਨਗੀ ਉਹਨਾਂ ਦੀ ਪ੍ਰਵਾਨਗੀ ਤੋਂ ਬਿਨਾਂ ਹੀ ਜਨਰਲ ਕੈਟਾਗਰੀ ਵਿੱਚ ਤਬਦੀਲ ਕਰ ਦਿੱਤਾ ਜਾਂਦਾ ਹੈ। ਜਿਸ ਕਾਰਨ ਰਿਜ਼ਰਵ ਕੈਟਾਗਰੀ ਦੇ ਉਮੀਦਵਾਰਾਂ ਦੀ ਗਿਣਤੀ ਕੋਟੇ ਨਾਲੋਂ ਵੱਧਣੀ ਸੁਭਾਵਿਕ ਹੈ ਪੁਰਾਣੇ ਸਮੇਂ ਵਿੱਚ ਕੋਟਾ ਇਸ ਕਰਕੇ ਨਿਸ਼ਚਿਤ ਕੀਤਾ ਗਿਆ ਸੀ ਕਿ ਰਿਜ਼ਰਵ ਵਰਗ ਦੇ ਲੋਕ ਮੈਰਿਟ ਵਿੱਚ ਨਹੀਂ ਸਨ ਆਉਂਦੇ ਇਸ ਕਰਕੇ ਇਹਨਾਂ ਦੀ ਭਰਤੀ ਜਰੂਰੀ ਕਰਨ ਲਈ ਕੋਟੇ ਦੀ ਪ੍ਰਤੀਸ਼ਤਤਾ ਨਿਸ਼ਚਿਤ ਕੀਤੀ ਗਈ ਸੀ।
ਓਹਨਾਂ ਕਿਹਾ ਪਰ ਅੱਜ ਦੇ ਸਮੇਂ ਵਿੱਚ ਰਿਜਰਵ ਕੈਟਾਗਰੀ ਦੇ ਉਮੀਦਵਾਰ 10 ਤੋਂ 20 ਫੀਸਦੀ ਤੱਕ ਮੈਰਿਟ ਵਿੱਚ ਆਉਣ ਲੱਗ ਪਏ ਹਨ। ਜਿਸ ਕਾਰਨ ਭਰਤੀ ਸਮੇਂ ਇਹਨਾਂ ਦੀ ਗਿਣਤੀ 25 ਫੀਸਦੀ ਦੀ ਬਜਾਏ 35 ਤੋਂ 45 ਫੀਸਦੀ ਤੱਕ ਹੋ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਜਨਰਲ ਵਰਗ ਦੇ ਉਮੀਦਵਾਰਾਂ ਦੀ ਗਿਣਤੀ 40 ਫੀਸਦੀ ਦੀ ਬਜਾਏ 20 ਫੀਸਦੀ ਹੀ ਰਹਿ ਜਾਂਦੀ ਹੈ।
ਫੈਡਰੇਸ਼ਨ ਦੇ ਆਗੂ ਨੇ ਰਾਜਨੀਤਿਕ ਲੀਡਰਾਂ ਨੂੰ ਸਵਾਲ ਕੀਤਾ ਹੈ ਕਿ ਜਦੋਂ ਗਰੀਬੀ ਜਾਤੀ ਵੇਖ ਕੇ ਨਹੀਂ ਆਉਂਦੀ ਤਾਂ ਜਾਤੀ ਅਧਾਰਤ ਸਹੂਲਤਾਂ ਕਿਉਂ ਦਿੱਤੀਆਂ ਜਾਂਦੀਆਂ ਹਨ ਫੈਡਰੇਸ਼ਨ ਦੀ ਸ਼ੁਰੂ ਤੋਂ ਹੀ ਇਹ ਮੰਗ ਰਹੀ ਹੈ ਕਿ ਰਾਖਵਾਂਕਰਨ ਅਤੇ ਹੋਰ ਸਹੂਲਤਾਂ ਜਾਤੀ ਦੀ ਬਜਾਏ ਗਰੀਬ ਲੋਕਾਂ ਨੂੰ ਦਿੱਤੀਆਂ ਜਾਣ ਭਾਵੇਂ ਉਹ ਕਿਸੇ ਵੀ ਜਾਤੀ ਨਾਲ ਸੰਬੰਧ ਰੱਖਦੇ ਹੋਣ ਐਸ. ਸੀ. ਕੈਟਾਗਰੀ ਵਿੱਚ ਵੀ ਬੀ.ਸੀ. ਕੈਟਾਗਰੀ ਵਾਂਗ ਕਰੀਮੀ ਲੇਅਰ ਦੀ ਹੱਦ ਨਿਸ਼ਚਿਤ ਹੋਣੀ ਲਾਜ਼ਮੀ ਹੋਵੇ ਤਾਂ ਕਿ ਐਸ. ਸੀ. ਕੈਟਾਗਰੀ ਦੇ ਅਮੀਰ ਲੋਕਾਂ ਨੂੰ ਇਹਨਾਂ ਸਹੂਲਤਾਂ ਤੋਂ ਵਾਂਝੇ ਕਰਕੇ ਇਸ ਕੈਟਾਗਰੀ ਦੇ ਗਰੀਬ ਲੋਕਾਂ ਨੂੰ ਮੌਕੇ ਮਿਲ ਸਕਣ ਅਤੇ ਬਰਾਬਰਤਾ ਵਾਲਾ ਸਮਾਜ ਸਿਰਜਿਆ ਜਾ ਸਕੇ।
ਆਗੂ ਨੇ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਤੋਂ ਮੰਗ ਕੀਤੀ ਕਿ ਜਦ ਸਾਰੀਆਂ ਕੈਟਾਗਰੀਆਂ ਦੇ ਰਾਜਨੀਤਿਕ ਵਿੰਗ ਬਣਾਏ ਜਾ ਸਕਦੇ ਹਨ ਤਾਂ ਜਨਰਲ ਕੈਟਾਗਰੀ ਦੇ ਵਿੰਗ ਕਿਉਂ ਨਹੀਂ ਬਣਾਏ ਜਾ ਸਕਦੇ ਜਨਰਲ ਕੈਟਾਗਰੀ ਦੇ ਵਿੰਗ ਵੀ ਬਣਾਏ ਜਾਣ ਅਤੇ ਪਹਿਲ ਕਰਨ ਵਾਲੀ ਪਾਰਟੀ ਦੀ ਫੈਡਰੇਸ਼ਨ ਵੱਲੋਂ ਚੋਣਾਂ ਵਿੱਚ ਖੁੱਲ ਕੇ ਹਮਾਇਤ ਕੀਤੀ ਜਾਵੇਗੀ।