ਸਾਹਿਬਜ਼ਾਦਾ ਅਜੀਤ ਸਿੰਘ ਨਗਰ :
ਇੰਦਰਜੀਤ ਸਿੰਘ ਪੁਰੇਵਾਲ ਅਤੇ ਕਾਫ਼ਲਾ ਰਾਗ ਵੱਲੋਂ ਮਿਤੀ 23 ਫਰਵਰੀ 2024 ਨੂੰ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਮਾਂ-ਬੋਲੀ ਪੰਜਾਬੀ ਦੀ ਸੇਵਾ ਵਿਚ ਜੁੱਟੀਆਂ ਪੰਜ ਉੱਘੀਆਂ ਸ਼ਖਸੀਅਤਾਂ ਦਾ ‘ਰਾਗ ਸਾਹਿਤ ਪੁਰਸਕਾਰ’ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਨ੍ਹਾਂ ਸਨਮਾਨਿਤ ਸ਼ਖਸੀਅਤਾਂ ਵਿਚ ਡਾ. ਦਵਿੰਦਰ ਸਿੰਘ ਬੋਹਾ (ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ), ਡਾ. ਸੰਦੀਪ ਸ਼ਰਮਾ (ਜ਼ਿਲ੍ਹਾ ਭਾਸ਼ਾ ਅਫ਼ਸਰ, ਲੁਧਿਆਣਾ), ਕੀਰਤੀ ਕਿਰਪਾਲ (ਜ਼ਿਲ੍ਹਾ ਭਾਸ਼ਾ ਅਫ਼ਸਰ, ਬਠਿੰਡਾ), ਡਾ.ਜਸਵੰਤ ਰਾਏ (ਖੋਜ ਅਫ਼ਸਰ, ਹੁਸ਼ਿਆਰਪੁਰ), ਗੁਰਪ੍ਰੀਤ (ਖੋਜ ਅਫ਼ਸਰ, ਮਾਨਸਾ) ਨੂੰ ਗਿਆਰਾਂ ਹਜ਼ਾਰ ਰੁਪਏ, ਸ਼ਾਲ ਅਤੇ ਇਕ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੀ ਪ੍ਰਧਾਨਗੀ ਉੱਘੇ ਲੇਖਕ ਤੇ ਅਨੁਵਾਦਕ ਸ਼੍ਰੀ ਜੰਗ ਬਹਾਦੁਰ ਗੋਇਲ ਵੱਲੋਂ ਕੀਤੀ ਗਈ। ਮੁੱਖ ਮਹਿਮਾਨ ਵਜੋਂ ਉੱਘੇ ਕਵੀ ਜਸਵੰਤ ਸਿੰਘ ਜ਼ਫ਼ਰ ਅਤੇ ਵਿਸ਼ੇਸ਼ ਮਹਿਮਾਨ ਵਜੋਂ ਸਾਹਿਤ ਅਕਾਦਮੀ ਪੁਰਸਕ੍ਰਿਤ ਸਵਰਨਜੀਤ ਸਵੀ ਵੱਲੋਂ ਸ਼ਿਰਕਤ ਕੀਤੀ ਗਈ। ਸ਼੍ਰੀ ਜੰਗ ਬਹਾਦੁਰ ਗੋਇਲ ਵੱਲੋਂ ਆਖਿਆ ਗਿਆ ਕਿ ਸਾਰੀਆਂ ਸਨਮਾਨਿਤ ਸ਼ਖ਼ਸੀਅਤਾਂ ਦਾ ਕੰਮ ਮਹੱਤਵਪੂਰਨ ਹੈ; ਸਨਮਾਨ ਮਿਲਣ ਨਾਲ ਲੇਖਕ, ਕਲਾਕਾਰ ਉਤਸ਼ਾਹਿਤ ਹੁੰਦਾ ਹੈ। ਉਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਪ੍ਰਤੀ ਵੀ ਆਪਣੇ ਤੌਖਲੇ ਵੀ ਜ਼ਾਹਰ ਕੀਤੇ।
ਸਮਾਗਮ ਦੇ ਆਰੰਭ ਵਿਚ ‘ਕਾਫ਼ਲਾ ਰਾਗ’ ਦੇ ਸਰਪ੍ਰਸਤ ਹਰਵਿੰਦਰ ਸਿੰਘ ਵੱਲੋਂ ਮਹਿਮਾਨਾਂ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿ ਕੇ ਸੁਆਗਤ ਕੀਤਾ ਗਿਆ। ਸਨਮਾਨਿਤ ਕੀਤੀਆਂ ਜਾ ਰਹੀਆਂ ਹਸਤੀਆਂ ਵਿੱਚੋਂ ਡਾ. ਦਵਿੰਦਰ ਸਿੰਘ ਬੋਹਾ ਦੀਆਂ ਪ੍ਰਾਪਤੀਆਂ ਬਾਰੇ ਡਾ. ਲਾਭ ਸਿੰਘ ਖੀਵਾ ਨੇ ਬੋਲਦਿਆਂ ਆਖਿਆ ਕਿ ਡਾ. ਬੋਹਾ ਦੀ ਸਿੱਖਿਆ ਦੇ ਖੇਤਰ ਵਿਚ ਅਹਿਮ ਦੇਣ ਹੈ।
ਉਨ੍ਹਾਂ ਅੱਗੇ ਕਿਹਾ ਕਿ ਡਾ. ਬੋਹਾ ਦੇ ਭਾਸ਼ਾ ਵਿਭਾਗ ਵਿਚ ਆਉਣ ਨਾਲ ਇਸ ਵਿਭਾਗ ਵਿਚ ਜਾਨ ਪੈ ਗਈ। ਇਸ ਉਪਰੰਤ ਕੀਰਤੀ ਕਿਰਪਾਲ ਬਾਰੇ ਬੋਲਦਿਆਂ ਨਾਟਕਕਾਰ ਸੰਜੀਵਨ ਸਿੰਘ ਨੇ ਕਿਹਾ ਕਿ ਕੀਰਤੀ ਹੋਰਾਂ ਦਾ ਨਾਟਕ ਦੇ ਖੇਤਰ ਵਿਚ ਮਹੱਤਵਪੂਰਨ ਕੰਮ ਹੈ। ਇਨ੍ਹਾਂ ਨੇ ਭਾਸ਼ਾ ਵਿਭਾਗ ਵਿਚ ਆ ਕੇ ਅਹਿਮ ਕਾਰਜ ਨੇਪਰੇ ਚਾੜੇ ਨੇ। ਕਵਿਤਾ ਤੇ ਚਿਤਰਕਲਾ ਦੇ ਉੱਘੇ ਹਸਤਾਖ਼ਰ ਸਵਰਨਜੀਤ ਸਵੀ ਨੇ ਸਨਮਾਨ ਪ੍ਰਾਪਤ ਸ਼ਾਇਰ ਡਾ. ਸੰਦੀਪ ਸ਼ਰਮਾ ਬਾਰੇ ਕਿਹਾ ਕਿ ਸੰਦੀਪ ਨਵੇਂ ਭਾਵ-ਬੋਧ ਦਾ ਸ਼ਾਇਰ ਹੈ। ਉਨ੍ਹਾਂ ਨੇ ਏ.ਆਈ. ਲਈ ਇੰਟਰਨੈੱਟ ‘ਤੇ ਪੰਜਾਬੀ ਵਿਚ ਡਾਟਾ ਨਾ ਹੋਣ ਦਾ ਫ਼ਿਕਰ ਜ਼ਾਹਰ ਕੀਤਾ।
ਡਾ. ਜਸਵੰਤ ਰਾਏ ਬਾਰੇ ਬੋਲਦਿਆਂ ਮਨਜੀਤ ਪਾਲ ਸਿੰਘ ਹੋਰਾਂ ਨੇ ਕਿਹਾ ਜਸਵੰਤ ਹੁਸ਼ਿਆਰਪੁਰ ਦੇ ਭਾਸ਼ਾ ਵਿਭਾਗ ਵਿਖੇ ਖੋਜ ਅਫ਼ਸਰ ਵਜੋਂ ਤਾਇਨਾਤ ਹੈ; ਇਨ੍ਹਾਂ ਨੇ ਦਰਜਨ ਦੇ ਕਰੀਬ ਕਿਤਾਬਾਂ ਦੀ ਸਿਰਜਨਾ ਕੀਤੀ ਹੈ ਅਤੇ ਅਨੁਵਾਦ ਦੇ ਖੇਤਰ ਵਿਚ ਵੀ ਇਨ੍ਹਾਂ ਦਾ ਨਿਵੇਕਲਾ ਕੰਮ ਹੈ। ਸ਼ਾਇਰ ਗੁਰਪ੍ਰੀਤ ਮਾਨਸਾ ਬਾਰੇ ਬੋਲਦਿਆਂ ਜਸਵੰਤ ਜ਼ਫ਼ਰ ਹੋਰਾਂ ਨੇ ਕਿਹਾ ਕਿ ਗੁਰਪ੍ਰੀਤ ਮੇਰਾ ਸਮਕਾਲੀ ਹੈ ਅਤੇ ਕਾਵਿ, ਅਨੁਵਾਦ ਤੇ ਵਾਰਤਕ ਦੇ ਖੇਤਰ ਵਿਚ ਇਸਦਾ ਕੰਮ ਗੌਲਣਯੋਗ ਹੈ।
‘ਰਾਗ’ ਦੇ ਮੁੱਖ ਸੰਪਾਦਕ ਇੰਦਰਜੀਤ ਪੁਰੇਵਾਲ ਹੋਰਾਂ ਨੇ ਸਨਮਾਨ ਸਮਾਗ ਵਿਚ ਸ਼ਿਰਕਤ ਕਰਨ ਲਈ ਪਹੁੰਚੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਯੋਗ ਕਲਾਕਾਰ ਅਤੇ ਸਾਹਿਤ ਨਾਲ ਸੰਬੰਧਿਤ ਹਸਤੀਆਂ ਦੇ ਸਨਮਾਨ ਹੁੰਦੇ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਰਾਗ ਸਾਹਿਤਕ ਪਰਚਾ ਨਿਰਵਿਘਨ ਛਪਦਾ ਰਹੇਗਾ।
ਇਸ ਸਮਾਗਮ ਮੌਕੇ ਮੰਚ ਸੰਚਾਲਨ ਸ਼ਾਇਰ ਜਗਦੀਪ ਸਿੱਧੂ ਨੇ ਕੀਤਾ। ਇਸ ਦੌਰਾਨ ਇੰਦਰਜੀਤ ਪ੍ਰੇਮੀ, ਭੁਪਿੰਦਰ ਬੇਕਸ, ਰਮਨ ਸੰਧੂ, ਮਨਜੀਤ ਪਾਲ ਸਿੰਘ, ਧਿਆਨ ਸਿੰਘ ਕਾਹਲੋਂ, ਪਰਮਜੀਤ ਮਾਨ, ਹਰਦੀਪ ਢਿੱਲੋਂ, ਸੁਨੀਲਮ ਮੰਡ ਆਦਿ ਵੀ ਸ਼ਾਮਲ ਹੋਏ।