ਪੰਜਾਬ ’ਚ 5 ਸਾਲਾਂ ’ਚ ਸਟਾਰਟਅੱਪਸ ਦੀ ਗਿਣਤੀ 11 ਗੁਣਾ ਵਧੀ, 28 ਨੂੰ ਮਿਲੇ 1.17 ਕਰੋੜ
ਅਮਨ ਅਰੋੜਾ ਨੇ ‘ਪੰਜਾਬ ਇਨਵੈਸਟਰ ਸਰਕਲ 2.0’ ਦੀ ਕੀਤੀ ਸ਼ੁਰੂਆਤ; 404 ਸਟਾਰਟਅੱਪਸ ਰਾਹੀਂ ਨੌਜਵਾਨਾਂ ਨੂੰ ਮਿਲ ਰਿਹਾ ਉੱਦਮ ਦਾ ਮੌਕਾ, 10 ਸਟਾਰਟਅੱਪਸ ਨੇ ਨਿਵੇਸ਼ਕਾਂ ਸਾਹਮਣੇ ਪੇਸ਼ ਕੀਤੇ ਨਵੇਂ ਤਕਨੀਕੀ ਪ੍ਰਾਜੈਕਟ
punjab-investor-circle-2-0-aman-arora-startup-seed-grant : : ਪੰਜਾਬ ਵਿੱਚ ਸਟਾਰਟਅੱਪਸ ਦੀ ਗਿਣਤੀ ਪੰਜ ਸਾਲਾਂ ਦੌਰਾਨ 36 ਤੋਂ ਵਧ ਕੇ 404 ਹੋ ਗਈ ਹੈ। ਸੂਬੇ ਦੇ ਇਸ ਉੱਭਰਦੇ ਸਟਾਰਟਅੱਪ ਈਕੋਸਿਸਟਮ ਨੂੰ ਹੋਰ ਮਜ਼ਬੂਤ ਕਰਨ ਲਈ ਉਦਯੋਗ ਤੇ ਵਣਜ ਮੰਤਰੀ ਅਮਨ ਅਰੋੜਾ ਨੇ ਬੁੱਧਵਾਰ ਨੂੰ ‘ਪੰਜਾਬ ਇਨਵੈਸਟਰ ਸਰਕਲ 2.0’ ਦੀ ਸ਼ੁਰੂਆਤ ਕੀਤੀ। ਇਸ ਮੌਕੇ 28 ਸਟਾਰਟਅੱਪਸ ਨੂੰ 1.17 ਕਰੋੜ ਰੁਪਏ ਦੀ ਸੀਡ ਗ੍ਰਾਂਟ ਵੰਡੀ ਗਈ।
ਅਮਨ ਅਰੋੜਾ ਨੇ ਦੱਸਿਆ ਕਿ ਹੁਣ ਤੱਕ ਪੰਜਾਬ ਦੇ 222 ਸਟਾਰਟਅੱਪਸ ਨੂੰ 6.80 ਕਰੋੜ ਰੁਪਏ ਦੀ ਸੀਡ ਫੰਡਿੰਗ ਦਿੱਤੀ ਜਾ ਚੁੱਕੀ ਹੈ। ਪੰਜਾਬ ਸਟਾਰਟਅੱਪ ਨੀਤੀ 2026 ਤਹਿਤ ਯੋਗ ਉੱਦਮੀਆਂ ਨੂੰ ਦੋ ਕਿਸ਼ਤਾਂ ਵਿੱਚ 15 ਲੱਖ ਰੁਪਏ ਤੱਕ ਦੀ ਸੀਡ ਗ੍ਰਾਂਟ, ਵਿਆਜ ਅਤੇ ਲੀਜ਼ ਕਿਰਾਏ ’ਤੇ ਸਬਸਿਡੀ ਦੇ ਨਾਲ ਸਰਕਾਰੀ ਖਰੀਦ ਵਿੱਚ ਤਰਜੀਹ ਦਿੱਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਈਟੀ, ਹੈਲਥਕੇਅਰ, ਖੇਤੀਬਾੜੀ, ਫੂਡ ਪ੍ਰੋਸੈਸਿੰਗ ਅਤੇ ਸਿੱਖਿਆ ਸਮੇਤ ਕਈ ਖੇਤਰਾਂ ਵਿੱਚ ਸਟਾਰਟਅੱਪਸ ਤੇਜ਼ੀ ਨਾਲ ਉੱਭਰ ਰਹੇ ਹਨ। ਇਨ੍ਹਾਂ ਵਿੱਚੋਂ 50 ਫ਼ੀਸਦੀ ਸਟਾਰਟਅੱਪਸ ਦੀ ਅਗਵਾਈ ਮਹਿਲਾ ਡਾਇਰੈਕਟਰਾਂ ਕਰ ਰਹੀਆਂ ਹਨ।
10 ਸਟਾਰਟਅੱਪਸ ਨੇ ਨਿਵੇਸ਼ਕਾਂ ਸਾਹਮਣੇ ਰੱਖੇ ਪ੍ਰਾਜੈਕਟ
ਸਮਾਗਮ ਦਾ ਮੁੱਖ ਆਕਰਸ਼ਣ ਇਨਵੈਸਟਰ ਪਿਚਿੰਗ ਸੈਸ਼ਨ ਰਿਹਾ, ਜਿਸ ਵਿੱਚ 10 ਸਟਾਰਟਅੱਪਸ ਨੇ ਨਿਵੇਸ਼ਕਾਂ ਅਤੇ ਮਾਹਿਰਾਂ ਸਾਹਮਣੇ ਆਪਣੇ ਕਾਰੋਬਾਰੀ ਮਾਡਲ ਅਤੇ ਨਵੀਆਂ ਤਕਨੀਕਾਂ ਪੇਸ਼ ਕੀਤੀਆਂ। ਇਨ੍ਹਾਂ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ (AI), ਰੋਬੋਟਿਕਸ, ਬਾਇਓਟੈਕਨਾਲੋਜੀ, ਹੈਲਥ-ਟੈਕ, ਐਗਰੀ-ਟੈਕ, ਸਮਾਰਟ ਮੈਨੂਫੈਕਚਰਿੰਗ ਅਤੇ ਐਜੂ-ਟੈਕ ਨਾਲ ਸਬੰਧਤ ਪ੍ਰਾਜੈਕਟ ਸ਼ਾਮਲ ਸਨ।
ਅਰੋੜਾ ਨੇ ਨੌਜਵਾਨ ਉੱਦਮੀਆਂ ਨੂੰ ਵੱਡੇ ਟੀਚੇ ਮਿੱਥਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਸਿਰਫ਼ ਛੋਟੇ ਕਾਰੋਬਾਰਾਂ ਤੱਕ ਸੀਮਤ ਨਾ ਰਹਿਣ, ਸਗੋਂ ਗਲੋਬਲ ਕੰਪਨੀਆਂ ਅਤੇ ਯੂਨੀਕੋਰਨ ਬਣਨ ਦਾ ਟੀਚਾ ਰੱਖਣ। ਉਨ੍ਹਾਂ ਕਿਹਾ ਕਿ ਸਰਕਾਰ ਸਟਾਰਟਅੱਪਸ ਨੂੰ ਵਿੱਤੀ ਸਹਾਇਤਾ, ਮਾਰਗਦਰਸ਼ਨ, ਸੰਸਥਾਗਤ ਸਹਿਯੋਗ ਅਤੇ ਬਾਜ਼ਾਰ ਤੱਕ ਪਹੁੰਚ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਜ਼ੋਹੋ ਨਾਲ ਸਮਝੌਤਾ, ਸਟਾਰਟਅੱਪਸ ਨੂੰ ਮਿਲੇਗਾ 1.86 ਲੱਖ ਦਾ ਲਾਭ
ਇਸ ਮੌਕੇ ‘ਸਟਾਰਟਅੱਪ ਪੰਜਾਬ’ ਨੇ ਜ਼ੋਹੋ ਕਾਰਪੋਰੇਸ਼ਨ ਨਾਲ ਸਮਝੌਤਾ ਸਹੀਬੱਧ ਕੀਤਾ। ਇਸ ਤਹਿਤ ਯੋਗ ਰਜਿਸਟਰਡ ਸਟਾਰਟਅੱਪਸ ਨੂੰ ਜ਼ੋਹੋ ਦੇ ਡਿਜੀਟਲ ਕਾਰੋਬਾਰੀ ਸਾਫਟਵੇਅਰ ਅਤੇ ਸੇਵਾਵਾਂ ਦੀ ਵਰਤੋਂ ਲਈ 1.86 ਲੱਖ ਰੁਪਏ ਤੱਕ ਦੇ ਵਾਲਿਟ ਕ੍ਰੈਡਿਟ ਮਿਲਣਗੇ। ਇਸ ਨਾਲ ਨਵੇਂ ਉੱਦਮਾਂ ਨੂੰ ਆਪਣਾ ਕੰਮਕਾਜ ਸੁਚਾਰੂ ਬਣਾਉਣ ਅਤੇ ਕਾਰੋਬਾਰ ਦਾ ਵਿਸਥਾਰ ਕਰਨ ਵਿੱਚ ਮਦਦ ਮਿਲੇਗੀ।
ਅਧਿਕਾਰੀਆਂ ਅਨੁਸਾਰ ਪੰਜਾਬ ਵਿੱਚ 25 ਤੋਂ ਵੱਧ ਮਾਨਤਾ ਪ੍ਰਾਪਤ ਇਨਕਿਊਬੇਟਰ ਅਤੇ ਐਕਸਲਰੇਟਰ ਕੰਮ ਕਰ ਰਹੇ ਹਨ। ਆਈਆਈਟੀ ਰੋਪੜ, ਆਈਆਈਐਸਈਆਰ ਮੋਹਾਲੀ, ਆਈਐਸਬੀ, ਪਲਾਕਸ਼ਾ ਯੂਨੀਵਰਸਿਟੀ, ਪੀਏਯੂ, ਗਡਵਾਸੂ ਅਤੇ ਥਾਪਰ ਇੰਸਟੀਚਿਊਟ ਵਰਗੀਆਂ ਸੰਸਥਾਵਾਂ ਨਾਲ ਸਾਂਝੇਦਾਰੀ ਵੀ ਇਸ ਈਕੋਸਿਸਟਮ ਨੂੰ ਮਜ਼ਬੂਤ ਕਰ ਰਹੀ ਹੈ।
ਉਦਯੋਗ ਤੇ ਵਣਜ ਵਿਭਾਗ ਦੇ ਪ੍ਰਸ਼ਾਸਕੀ ਸਕੱਤਰ ਡਾ. ਬਸੰਤ ਗਰਗ ਨੇ ਕਿਹਾ ਕਿ ਪੰਜਾਬ ਇਨਵੈਸਟਰ ਸਰਕਲ ਸਟਾਰਟਅੱਪਸ ਨੂੰ ਨਿਵੇਸ਼ਕਾਂ, ਉਦਯੋਗਿਕ ਆਗੂਆਂ ਅਤੇ ਫੰਡਿੰਗ ਸੰਸਥਾਵਾਂ ਨਾਲ ਜੋੜਨ ਦਾ ਅਹਿਮ ਮੰਚ ਹੈ। ਇਸ ਮੌਕੇ ਡਾਇਰੈਕਟਰ ਉਦਯੋਗ ਤੇ ਵਣਜ ਜਸਪ੍ਰੀਤ ਸਿੰਘ, ਪੰਜਾਬ ਵਿੱਤੀ ਕਾਰਪੋਰੇਸ਼ਨ ਦੀ ਮੈਨੇਜਿੰਗ ਡਾਇਰੈਕਟਰ ਸੇਨੂ ਦੁੱਗਲ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
—————
Punjab Startups, Aman Arora, Punjab Investor Circle 2.0, Startup Punjab Policy 2026, Seed Grant, Zoho Corporation




