Follow us

05/11/2026 3:18 am

Search
Close this search box.
Home » News In Punjabi » ਸੰਸਾਰ » 1984 Sikh Massacre: ਭਾਜਪਾ ਦੀ ਰਾਹੁਲ ਗਾਂਧੀ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ

1984 Sikh Massacre: ਭਾਜਪਾ ਦੀ ਰਾਹੁਲ ਗਾਂਧੀ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ

ਰਵੀ ਸ਼ੰਕਰ ਪ੍ਰਸਾਦ ਨੇ ਪੁੱਛਿਆ—ਰਾਜੀਵ ਗਾਂਧੀ ਦੇ ਵਿਵਾਦਤ ਬਿਆਨ ’ਤੇ ਤੁਹਾਡਾ ਕੀ ਸਟੈਂਡ ਹੈ? ‘ਜ਼ਖ਼ਮ 84 ਦੇ’ ਸੰਮੇਲਨ ’ਚ ਕਾਂਗਰਸ ’ਤੇ ਤਿੱਖੇ ਹਮਲੇ; ਪੀੜਤਾਂ ਨੇ ਸੁਣਾਈਆਂ ਹੱਡਬੀਤੀਆਂ

rahul-gandhi-open-debate-1984-sikh-massacre-bjp-chandigarh:: 1984 ਦੇ ਸਿੱਖ ਕਤਲੇਆਮ ਦੇ 42 ਸਾਲ ਬਾਅਦ ਵੀ ਇਨਸਾਫ਼ ਦੀ ਉਡੀਕ ਕਰ ਰਹੇ ਪੀੜਤ ਪਰਿਵਾਰਾਂ ਦਾ ਦਰਦ ਇੱਕ ਵਾਰ ਫਿਰ ਸਿਆਸੀ ਚਰਚਾ ਦੇ ਕੇਂਦਰ ਵਿੱਚ ਆ ਗਿਆ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਵੱਲੋਂ ਚੰਡੀਗੜ੍ਹ ਵਿੱਚ ਕਰਵਾਏ ਗਏ ਇੱਕ ਰੋਜ਼ਾ ਸੰਮੇਲਨ ‘ਜ਼ਖ਼ਮ 84 ਦੇ’ ਦੌਰਾਨ ਸੀਨੀਅਰ ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ 1984 ਦੇ ਕਤਲੇਆਮ ਅਤੇ ਉਨ੍ਹਾਂ ਦੇ ਪਰਿਵਾਰ ਦੀ ਭੂਮਿਕਾ ਬਾਰੇ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ। ਉਨ੍ਹਾਂ ਸਵਾਲ ਕੀਤਾ ਕਿ ਲੋਕਤੰਤਰ ਅਤੇ ਇਨਸਾਫ਼ ਦੀ ਗੱਲ ਕਰਨ ਵਾਲੇ ਰਾਹੁਲ ਗਾਂਧੀ ਕਤਲੇਆਮ ਦੇ ਪੀੜਤਾਂ ਨੂੰ ਜਵਾਬ ਕਿਉਂ ਨਹੀਂ ਦਿੰਦੇ ਅਤੇ ਉਨ੍ਹਾਂ ਦੇ ਪਰਿਵਾਰ ਨੇ ਅੱਜ ਤੱਕ ਮੁਆਫ਼ੀ ਕਿਉਂ ਨਹੀਂ ਮੰਗੀ।

ਛੇ ਸੈਸ਼ਨਾਂ ਵਿੱਚ ਹੋਏ ਇਸ ਸੰਮੇਲਨ ਦੌਰਾਨ ਭਾਜਪਾ ਆਗੂਆਂ, ਕਾਨੂੰਨੀ ਮਾਹਿਰਾਂ ਅਤੇ ਕਤਲੇਆਮ ਦੇ ਪੀੜਤਾਂ ਨੇ 1984 ਦੀਆਂ ਘਟਨਾਵਾਂ, ਜਾਂਚ ਅਤੇ ਨਿਆਂ ਪ੍ਰਕਿਰਿਆ ਵਿੱਚ ਹੋਈ ਦੇਰੀ ਬਾਰੇ ਆਪਣੇ ਵਿਚਾਰ ਰੱਖੇ। ਬੁਲਾਰਿਆਂ ਨੇ ਕਾਂਗਰਸ ’ਤੇ ਦੋਸ਼ੀਆਂ ਨੂੰ ਬਚਾਉਣ ਅਤੇ ਪੀੜਤਾਂ ਨੂੰ ਇਨਸਾਫ਼ ਤੋਂ ਵਾਂਝਾ ਰੱਖਣ ਦੇ ਦੋਸ਼ ਲਾਏ। ਪੀੜਤ ਪਰਿਵਾਰਾਂ ਨੇ ਰਾਹੁਲ ਗਾਂਧੀ ਨੂੰ ਉਨ੍ਹਾਂ ਦੇ ਪਰਿਵਾਰ ਅਤੇ ਕਾਂਗਰਸ ਦੀ ਭੂਮਿਕਾ ਬਾਰੇ ਸਿੱਧੇ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ।

ਸੰਮੇਲਨ ਨੂੰ ਸੰਬੋਧਨ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਕਿਹਾ, “ਅੱਜ ਪੰਜਾਬ ਦੀ ਰੂਹ ’ਤੇ ਦੋ ਡੂੰਘੇ ਦਾਗ਼ ਹਨ—1984 ਦੇ ਜ਼ਖ਼ਮ ਅਤੇ ਚਿੱਟੇ ਦੀ ਪੀੜਾ। ਇਨ੍ਹਾਂ ਜ਼ਖ਼ਮਾਂ ’ਤੇ ਮੱਲ੍ਹਮ ਉਦੋਂ ਹੀ ਲੱਗ ਸਕਦੀ ਹੈ, ਜਦੋਂ ਬਿਨਾਂ ਕਿਸੇ ਸਮਝੌਤੇ ਦੇ ਇਨਸਾਫ਼ ਮਿਲੇ।”

ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ 1 ਨਵੰਬਰ ਨੂੰ ਦਿੱਲੀ ਵਿੱਚ ਕਾਂਗਰਸ ਦੀ ਰੈਲੀ ਅਤੇ ਪੰਜਾਬ ਵਿੱਚ ਕੀਤੇ ਜਾ ਰਹੇ ਸਿਆਸੀ ਸਮਾਗਮਾਂ ਦਾ ਸਮਾਂ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ 19 ਨਵੰਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਵੱਲੋਂ ਦਿੱਤੇ ਗਏ ਵਿਵਾਦਤ ਬਿਆਨ ‘ਜਦੋਂ ਕੋਈ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ’ ਦਾ ਹਵਾਲਾ ਦਿੰਦਿਆਂ ਪੁੱਛਿਆ ਕਿ ਰਾਹੁਲ ਗਾਂਧੀ ਇਸ ਬਿਆਨ ਬਾਰੇ ਆਪਣਾ ਪੱਖ ਸਪੱਸ਼ਟ ਕਰਨ।

ਪ੍ਰਸਾਦ ਨੇ ਦਾਅਵਾ ਕੀਤਾ ਕਿ ਅਟਲ ਬਿਹਾਰੀ ਵਾਜਪਾਈ ਸਰਕਾਰ ਦੌਰਾਨ ਉਨ੍ਹਾਂ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਵਜੋਂ ਇਸ ਬਿਆਨ ਦੀ ਵੀਡੀਓ ਨੂੰ ਮੁੜ ਜਨਤਕ ਪੁਰਾਲੇਖਾਂ ਵਿੱਚ ਉਪਲਬਧ ਕਰਵਾਉਣ ਦੀ ਪਹਿਲ ਕੀਤੀ ਸੀ। ਉਨ੍ਹਾਂ ਕਾਂਗਰਸ ’ਤੇ ਜਾਂਚ ਕਮਿਸ਼ਨਾਂ ਦੇ ਬਾਵਜੂਦ ਮਾਮਲੇ ਨੂੰ ਲਟਕਾਉਣ ਅਤੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਾਇਆ।

ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਲੋੜੀਂਦੀ ਕਾਰਵਾਈ ਨਹੀਂ ਹੋਈ। ਉਨ੍ਹਾਂ ਮੁਤਾਬਕ ਨਰਿੰਦਰ ਮੋਦੀ ਸਰਕਾਰ ਵੱਲੋਂ ਵਿਸ਼ੇਸ਼ ਜਾਂਚ ਟੀਮ (SIT) ਬਣਾਉਣ ਅਤੇ ਜਸਟਿਸ ਢੀਂਗਰਾ ਦੀਆਂ ਸਿਫ਼ਾਰਸ਼ਾਂ ’ਤੇ ਕਾਰਵਾਈ ਤੋਂ ਬਾਅਦ ਸੱਜਣ ਕੁਮਾਰ ਵਰਗੇ ਆਗੂਆਂ ਨੂੰ ਸਜ਼ਾਵਾਂ ਮਿਲਣ ਦਾ ਰਾਹ ਖੁੱਲ੍ਹਿਆ।

1984 ਦੇ ਜ਼ਖ਼ਮ ਕਦੇ ਨਹੀਂ ਭੁੱਲਾਂਗੇ: ਕੇਵਲ ਸਿੰਘ ਢਿੱਲੋਂ

ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪੀੜਤ ਪਰਿਵਾਰਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ 42 ਸਾਲ ਬੀਤਣ ਦੇ ਬਾਵਜੂਦ 1984 ਦੀਆਂ ਘਟਨਾਵਾਂ ਦਾ ਦਰਦ ਅੱਜ ਵੀ ਬਰਕਰਾਰ ਹੈ।

ਉਨ੍ਹਾਂ ਕਿਹਾ, “ਜਿਹੜਾ ਸਮਾਜ ਆਪਣੇ ਅਤੀਤ ਨੂੰ ਭੁੱਲ ਜਾਂਦਾ ਹੈ, ਉਹ ਆਪਣਾ ਭਵਿੱਖ ਵੀ ਗੁਆ ਬੈਠਦਾ ਹੈ। ਅਸੀਂ 1984 ਨੂੰ ਨਾ ਭੁੱਲੇ ਹਾਂ ਅਤੇ ਨਾ ਹੀ ਭੁੱਲਣ ਦੇਵਾਂਗੇ।” ਉਨ੍ਹਾਂ ਰਾਹੁਲ ਗਾਂਧੀ ’ਤੇ ਇਨਸਾਫ਼ ਦੇ ਮੁੱਦੇ ’ਤੇ ਸਿਆਸੀ ਦਿਖਾਵਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਜਪਾ ਆਖਰੀ ਦੋਸ਼ੀ ਨੂੰ ਸਜ਼ਾ ਮਿਲਣ ਤੱਕ ਆਪਣੀ ਲੜਾਈ ਜਾਰੀ ਰੱਖੇਗੀ।

ਰਾਹੁਲ ਗਾਂਧੀ ਪੀੜਤਾਂ ਨੂੰ ਜਵਾਬ ਦੇਣ: ਡਾ. ਸਤੀਸ਼ ਪੂਨੀਆ

ਪੰਜਾਬ ਭਾਜਪਾ ਦੇ ਇੰਚਾਰਜ ਡਾ. ਸਤੀਸ਼ ਪੂਨੀਆ ਨੇ ਕਿਹਾ ਕਿ ਜੇਕਰ ਰਾਹੁਲ ਗਾਂਧੀ ਵਿੱਚ ਹਿੰਮਤ ਹੈ ਤਾਂ ਉਹ 1984 ਦੇ ਕਤਲੇਆਮ ਦੀ ਪੀੜਤ ਨਿਰਪ੍ਰੀਤ ਕੌਰ ਦੇ ਸਵਾਲਾਂ ਦਾ ਜਵਾਬ ਦੇਣ। ਉਨ੍ਹਾਂ ਕਿਹਾ ਕਿ ਲੋਕਤੰਤਰ ਅਤੇ ਇਨਸਾਫ਼ ਦੀ ਗੱਲ ਕਰਨ ਵਾਲੇ ਕਾਂਗਰਸੀ ਆਗੂ ਨੂੰ ਪਹਿਲਾਂ ਕਤਲੇਆਮ ਦੇ ਪੀੜਤਾਂ ਦੇ ਦਰਦ ਅਤੇ ਉਨ੍ਹਾਂ ਨੂੰ ਇਨਸਾਫ਼ ਨਾ ਮਿਲਣ ਦੇ ਸਵਾਲਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ।

ਫੂਲਕਾ ਨੇ ਵਾਜਪਾਈ ਅਤੇ ਮੋਦੀ ਸਰਕਾਰ ਦੇ ਕਾਰਜਕਾਲ ਦਾ ਕੀਤਾ ਜ਼ਿਕਰ

ਐੱਚ.ਐੱਸ. ਫੂਲਕਾ ਨੇ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਦਹਾਕਿਆਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਵੀ.ਪੀ. ਸਿੰਘ ਸਰਕਾਰ ਦੇ ਸਮੇਂ ਇਸ ਦਿਸ਼ਾ ਵਿੱਚ ਕੁਝ ਪ੍ਰਗਤੀ ਹੋਈ, ਜਦਕਿ ਬਾਅਦ ਦੇ ਸਾਲਾਂ ਵਿੱਚ ਮਾਮਲੇ ਲੰਬੇ ਸਮੇਂ ਤੱਕ ਲਟਕੇ ਰਹੇ।

ਉਨ੍ਹਾਂ ਮੁਤਾਬਕ ਵਾਜਪਾਈ ਸਰਕਾਰ ਦੌਰਾਨ ਨਾਨਾਵਤੀ ਕਮਿਸ਼ਨ ਨੇ ਸੱਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਵਿਰੁੱਧ ਕੇਸ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਸੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਸਮੇਂ ਕਾਨੂੰਨੀ ਪੈਰਵੀ ਵਿੱਚ ਤੇਜ਼ੀ ਆਈ ਅਤੇ ਸੱਜਣ ਕੁਮਾਰ ਨੂੰ ਉਮਰ ਕੈਦ ਸਮੇਤ ਹੋਰ ਮਾਮਲਿਆਂ ਵਿੱਚ ਸਜ਼ਾਵਾਂ ਹੋਈਆਂ। ਉਨ੍ਹਾਂ ਟਾਈਟਲਰ ਵਿਰੁੱਧ ਚੱਲ ਰਹੀ ਕਾਰਵਾਈ ਅਤੇ ਕਮਲ ਨਾਥ ਵਿਰੁੱਧ ਕਾਰਵਾਈ ਦੀ ਮੰਗ ਦਾ ਵੀ ਜ਼ਿਕਰ ਕੀਤਾ।

ਨਿਆਂ ਪ੍ਰਣਾਲੀ ਨੂੰ ਯੋਜਨਾਬੱਧ ਢੰਗ ਨਾਲ ਨਾਕਾਮ ਕੀਤਾ ਗਿਆ: ਜਸਟਿਸ ਢੀਂਗਰਾ

ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਸ਼ਿਵ ਨਾਰਾਇਣ ਢੀਂਗਰਾ ਨੇ ਸੰਮੇਲਨ ਦੇ ਚੌਥੇ ਸੈਸ਼ਨ ‘ਇਨਸਾਫ਼ ਦਾ ਕਤਲ’ ਵਿੱਚ ਦਾਅਵਾ ਕੀਤਾ ਕਿ 1984 ਦੇ ਸਿੱਖ ਕਤਲੇਆਮ ਨਾਲ ਜੁੜੇ ਮਾਮਲਿਆਂ ਵਿੱਚ ਪ੍ਰਸ਼ਾਸਨਿਕ, ਪੁਲਿਸ ਅਤੇ ਕਾਨੂੰਨੀ ਸੰਸਥਾਵਾਂ ਦੀ ਭੂਮਿਕਾ ਨੇ ਨਿਆਂ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ।

ਉਨ੍ਹਾਂ ਕਿਹਾ ਕਿ ਕਈ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਕਾਨੂੰਨੀ ਸਜ਼ਾ ਤੋਂ ਬਚਾਉਣ ਲਈ ਪ੍ਰਣਾਲੀਬੱਧ ਢੰਗ ਨਾਲ ਕੰਮ ਕੀਤਾ ਗਿਆ। ਉਨ੍ਹਾਂ ਪਿਛਲੀਆਂ ਸਰਕਾਰਾਂ ਦੌਰਾਨ ਹੋਈ ਜਾਂਚ ਅਤੇ ਮੁਕੱਦਮਿਆਂ ਦੀ ਕਾਰਵਾਈ ਨੂੰ ਪੀੜਤਾਂ ਨਾਲ ਵੱਡਾ ਧੋਖਾ ਕਰਾਰ ਦਿੱਤਾ।

ਕਤਲੇਆਮ ਪਿੱਛੇ ਸਾਜ਼ਿਸ਼ ਦਾ ਦਾਅਵਾ

ਤੀਜੇ ਸੈਸ਼ਨ ‘ਕੀ 1984 ਦਾ ਸਿੱਖ ਕਤਲੇਆਮ ਇੱਕ ਸਾਜ਼ਿਸ਼ ਸੀ?’ ਵਿੱਚ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਵਰਚੁਅਲੀ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦਿੱਲੀ ਵਿੱਚ ਹੋਈ ਇੱਕ ਗੁਪਤ ਬੈਠਕ ਦੌਰਾਨ ਕਤਲੇਆਮ ਦੀ ਸਾਜ਼ਿਸ਼ ਘੜੀ ਗਈ ਸੀ।

ਰਾਅ ਦੇ ਸਾਬਕਾ ਵਿਸ਼ੇਸ਼ ਨਿਰਦੇਸ਼ਕ ਜੀ.ਬੀ.ਐੱਸ. ਸਿੱਧੂ ਨੇ ਵੀ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਕਤਲੇਆਮ ਦੌਰਾਨ ਤਤਕਾਲੀ ਗ੍ਰਹਿ ਮੰਤਰੀ ਵੀ.ਪੀ. ਸਿੰਘ ਤੋਂ ਦਿੱਲੀ ਪੁਲਿਸ ਦਾ ਚਾਰਜ ਵਾਪਸ ਲੈ ਲਿਆ ਗਿਆ ਸੀ। ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਵੀ ਉਸ ਸਮੇਂ ਦੇ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ।

ਪੀੜਤਾਂ ਦੀਆਂ ਹੱਡਬੀਤੀਆਂ ਸੁਣ ਕੇ ਭਾਵੁਕ ਹੋਇਆ ਮਾਹੌਲ

ਦੂਜੇ ਸੈਸ਼ਨ ਦੌਰਾਨ ਆਤਮਾ ਸਿੰਘ ਲੁਬਾਣਾ, ਬੀਬੀ ਨਿਰਪ੍ਰੀਤ ਕੌਰ, ਦਰਸ਼ਣ ਕੌਰ, ਸਤਪਾਲ ਕੌਰ, ਸੋਨੀਆ ਕੌਰ ਅਤੇ ਜੰਗਸ਼ੇਰ ਸਿੰਘ ਸਮੇਤ ਹੋਰ ਪੀੜਤਾਂ ਨੇ ਆਪਣੇ ਨਾਲ ਵਾਪਰੀਆਂ ਘਟਨਾਵਾਂ ਬਿਆਨ ਕੀਤੀਆਂ। ਉਨ੍ਹਾਂ ਦੀਆਂ ਹੱਡਬੀਤੀਆਂ ਸੁਣ ਕੇ ਸੰਮੇਲਨ ਵਿੱਚ ਮੌਜੂਦ ਲੋਕ ਭਾਵੁਕ ਹੋ ਗਏ। ਪੀੜਤਾਂ ਨੇ ਰਾਹੁਲ ਗਾਂਧੀ ਨੂੰ ਖੁੱਲ੍ਹੀ ਬਹਿਸ ਵਿੱਚ ਸ਼ਾਮਲ ਹੋਣ ਦੀ ਚੁਣੌਤੀ ਵੀ ਦਿੱਤੀ।

ਫੋਟੋ ਪ੍ਰਦਰਸ਼ਨੀ ਰਾਹੀਂ 1984 ਦੀ ਤ੍ਰਾਸਦੀ ਨੂੰ ਕੀਤਾ ਪੇਸ਼

ਸੰਮੇਲਨ ਦੌਰਾਨ 1984 ਦੇ ਕਤਲੇਆਮ ਨਾਲ ਸਬੰਧਤ ਪੁਰਾਲੇਖੀ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਪੰਜਾਬੀ ਕੈਪਸ਼ਨਾਂ ਵਾਲੇ ਵੱਡੇ ਪੈਨਲਾਂ ’ਤੇ ਲੱਗੀਆਂ ਕਾਲੀਆਂ-ਚਿੱਟੀਆਂ ਤਸਵੀਰਾਂ ਵਿੱਚ ਤ੍ਰਿਲੋਕਪੁਰੀ ਵਿੱਚ ਸਿੱਖਾਂ ਦੇ ਘਰਾਂ ਅਤੇ ਝੁੱਗੀਆਂ ਨੂੰ ਅੱਗ ਲਾਉਣ, ਕਨਾਟ ਪਲੇਸ ਵਿੱਚ ਦੁਕਾਨਾਂ ਸਾੜਨ ਅਤੇ ਦਿੱਲੀ ਦੀਆਂ ਗਲੀਆਂ ਵਿੱਚ ਹੋਈ ਹਿੰਸਾ ਦੇ ਦ੍ਰਿਸ਼ ਦਰਸਾਏ ਗਏ।

ਕੁਝ ਤਸਵੀਰਾਂ ਵਿੱਚ ਘਰਾਂ ਤੋਂ ਬੇਘਰ ਹੋਏ ਪਰਿਵਾਰ ਆਪਣੇ ਬਚੇ ਹੋਏ ਸਾਮਾਨ ਨਾਲ ਬੈਠੇ ਦਿਖਾਈ ਦਿੱਤੇ, ਜਦਕਿ ਹੋਰ ਤਸਵੀਰਾਂ ਵਿੱਚ ਬੱਸਾਂ ਵਿੱਚੋਂ ਸਿੱਖਾਂ ਨੂੰ ਘੜੀਸ ਕੇ ਬਾਹਰ ਕੱਢਣ ਦੀਆਂ ਘਟਨਾਵਾਂ ਦਰਜ ਸਨ। ਪ੍ਰਦਰਸ਼ਨੀ ਦਾ ਮਕਸਦ ਨਵੀਂ ਪੀੜ੍ਹੀ ਨੂੰ 1984 ਦੀ ਤ੍ਰਾਸਦੀ ਅਤੇ ਪੀੜਤਾਂ ਦੇ ਸੰਘਰਸ਼ ਤੋਂ ਜਾਣੂ ਕਰਵਾਉਣਾ ਸੀ।

ਸੰਮੇਲਨ ਦੀ ਸਮੁੱਚੀ ਕਾਰਵਾਈ ਭਾਜਪਾ ਦੇ ਕੌਮੀ ਬੁਲਾਰੇ ਆਰ.ਪੀ. ਸਿੰਘ ਨੇ ਚਲਾਈ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ, ਡਾ. ਸਤੀਸ਼ ਪੂਨੀਆ, ਸੰਗਠਨ ਮੰਤਰੀ ਮੰਥਰੀ ਨਿਵਾਸਲੂ, ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਵਿਜੇ ਸਾਂਪਲਾ, ਮਨੋਰੰਜਨ ਕਾਲੀਆ, ਅਸ਼ਵਨੀ ਸ਼ਰਮਾ, ਅਨਿਲ ਸਰੀਨ, ਜੀਵਨ ਗਰਗ, ਰਜਨੀਸ਼ ਧੀਮਾਨ, ਵਿਨੀਤ ਜੋਸ਼ੀ, ਮਨਜੀਤ ਸਿੰਘ ਰਾਏ ਅਤੇ ਇਕਬਾਲ ਸਿੰਘ ਲਾਲਪੁਰਾ ਸਮੇਤ ਕਈ ਆਗੂ ਮੌਜੂਦ ਸਨ।

——–

1984 Sikh Massacre, Rahul Gandhi, Ravi Shankar Prasad, Zakhm 84 De, BJP Punjab, Sikh Genocide Victims, Chandigarh News

dawnpunjab
Author: dawnpunjab

Leave a Comment

RELATED LATEST NEWS