ZIRAKPUR BREAKING NEWS: ਸਾਬਕਾ ਕਾਂਗਰਸੀ ਕੌਂਸਲਰ ਰੀਤੂ ਚੌਧਰੀ ਦੇ ਘਰ ਬਾਹਰ ਫਾਇਰਿੰਗ, ਵੀਡੀਓ ਬਣਾ ਕੇ ਭੇਜੀ; ਫਿਰੌਤੀ ਲਈ ਡਰਾਉਣ ਦੀ ਕੋਸ਼ਿਸ਼ ਦਾ ਸ਼ੱਕ
DP, ਜ਼ੀਰਕਪੁਰ ਅਕਤਬੂਰ 14: ਜ਼ੀਰਕਪੁਰ ਦੇ ਵਾਰਡ ਨੰਬਰ 31 ਵਿੱਚ ਬੀਤੀ ਰਾਤ ਸਾਬਕਾ ਕਾਂਗਰਸੀ ਕੌਂਸਲਰ ਰੀਤੂ ਚੌਧਰੀ ਦੇ ਘਰ ਦੇ ਬਾਹਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਸਾਹਮਣੇ ਆਈ ਹੈ। ਮੁਲਜ਼ਮਾਂ ਨੇ ਕਥਿਤ ਤੌਰ ’ਤੇ ਫਾਇਰਿੰਗ ਦੀ ਵੀਡੀਓ ਵੀ ਬਣਾਈ ਅਤੇ ਪਰਿਵਾਰ ਨੂੰ ਭੇਜੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਜਾਣਕਾਰੀ ਮੁਤਾਬਕ, ਇਹ ਘਟਨਾ ਰਾਤ ਕਰੀਬ ਡੇਢ ਤੋਂ ਦੋ ਵਜੇ ਦੇ ਵਿਚਕਾਰ ਵਾਪਰੀ। ਰੀਤੂ ਚੌਧਰੀ, ਜੋ 2022 ਵਿੱਚ ਵਾਰਡ ਨੰਬਰ 31 ਤੋਂ ਕਾਂਗਰਸ ਪਾਰਟੀ ਦੀ ਕੌਂਸਲਰ ਰਹਿ ਚੁੱਕੇ ਹਨ, ਦੇ ਪਰਿਵਾਰ ਵੱਲੋਂ ਪਹਿਲਾਂ ਵੀ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਡੋਨੀ ਬਲ ਨਾਮ ਤੋਂ ਫਿਰੌਤੀ ਮੰਗਣ ਅਤੇ ਧਮਕੀਆਂ ਦੇਣ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੇ ਜਾਣ ਦੀ ਗੱਲ ਸਾਹਮਣੇ ਆਈ ਹੈ।
ਘਟਨਾ ਦੀ ਸੂਚਨਾ ਮਿਲਣ ’ਤੇ ਸਥਾਨਕ ਕਾਂਗਰਸੀ ਆਗੂ ਅਤੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਮੁਤਾਬਿਕ, ਪੁਲਿਸ ਨੂੰ ਘਟਨਾ ਸਥਾਨ ਤੋਂ ਗੋਲੀਆਂ ਦੇ ਖੋਲ ਮਿਲੇ ਹਨ। ਘਰ ਦੀਆਂ ਕੰਧਾਂ ਅਤੇ ਹੋਰ ਹਿੱਸਿਆਂ ’ਤੇ ਵੀ ਗੋਲੀਆਂ ਦੇ ਨਿਸ਼ਾਨ ਮਿਲਣ ਦੀ ਜਾਣਕਾਰੀ ਦਿੱਤੀ ਗਈ ਹੈ , ਜਿਸ ਵਿੱਚ ਅੱਠ ਗੋਲੀਆਂ ਦੇ ਨਿਸ਼ਾਨ ਤਾਂ ਉਹਨਾਂ ਦੇ ਮੁੱਖ ਗੇਟ ਉੱਪਰ ਹੀ ਲੱਗੇ ਦਿਖ ਰਹੇ ਸਨ। ਅਤੇ ਕੁਝ ਗੋਲੀਆਂ ਕੰਧ ਛੱਤ ਉੱਪਰ ਵੀ ਲੱਗੀਆਂ।
ਪੁਲਿਸ ਨੇ ਕੀ ਕਿਹਾ?
ਮੌਕੇ ’ਤੇ ਪਹੁੰਚੀ ਇਲਾਕੇ ਦੀ ਏ.ਐਸ.ਪੀ.(ਡੀ) ਗਜ਼ਲਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ 112 ਰਾਹੀਂ ਘਰ ’ਤੇ ਫਾਇਰਿੰਗ ਹੋਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਟੀਮਾਂ ਅਤੇ ਸੀਨੀਅਰ ਅਧਿਕਾਰੀ ਤੁਰੰਤ ਮੌਕੇ ’ਤੇ ਪਹੁੰਚੇ।
ਓਹਨ੍ਹਾਂ ਮੁਤਾਬਕ, ਮੁੱਢਲੀ ਜਾਂਚ ਦੌਰਾਨ ਲਗਭਗ 7 ਤੋਂ 8 ਰਾਊਂਡ ਫਾਇਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਫੋਰੈਂਸਿਕ ਟੀਮ ਨੂੰ ਬੁਲਾ ਕੇ ਸਬੂਤਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾਵੇਗੀ।
ਪੁਲਿਸ ਨੇ ਇਹ ਵੀ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਇਸੇ ਪਰਿਵਾਰ ਨੂੰ ਧਮਕੀਆਂ ਮਿਲਣ ਸਬੰਧੀ ਮਾਮਲਾ ਸਾਹਮਣੇ ਆਇਆ ਸੀ। ਕੀ ਮੌਜੂਦਾ ਘਟਨਾ ਦਾ ਉਸ ਮਾਮਲੇ ਨਾਲ ਕੋਈ ਸਬੰਧ ਹੈ, ਇਸ ਬਾਰੇ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।
ਕਾਨੂੰਨ-ਵਿਵਸਥਾ ’ਤੇ ਉੱਠੇ ਸਵਾਲ
ਘਟਨਾ ਤੋਂ ਬਾਅਦ ਸਥਾਨਕ ਕਾਂਗਰਸੀ ਆਗੂਆਂ ਨੇ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ’ਤੇ ਸਵਾਲ ਚੁੱਕੇ। ਉਨ੍ਹਾਂ ਦਾ ਦੋਸ਼ ਹੈ ਕਿ ਸੂਬੇ ਵਿੱਚ ਗੈਂਗਸਟਰਾਂ ਦੀਆਂ ਗਤੀਵਿਧੀਆਂ ਅਤੇ ਫਿਰੌਤੀ ਦੀਆਂ ਧਮਕੀਆਂ ਵਧ ਰਹੀਆਂ ਹਨ, ਜਦਕਿ ਸਰਕਾਰ ਇਨ੍ਹਾਂ ’ਤੇ ਕਾਬੂ ਪਾਉਣ ਵਿੱਚ ਨਾਕਾਮ ਰਹੀ ਹੈ।
ਫਿਲਹਾਲ ਪੁਲਿਸ ਸੀਸੀਟੀਵੀ ਫੁਟੇਜ, ਫੋਰੈਂਸਿਕ ਸਬੂਤਾਂ ਅਤੇ ਹੋਰ ਜਾਣਕਾਰੀਆਂ ਦੇ ਆਧਾਰ ’ਤੇ ਜਾਂਚ ਕਰ ਰਹੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਟੀਮਾਂ ਲਗਾਈਆਂ ਗਈਆਂ ਹਨ।
ਹੁਣ ਸਭ ਦੀ ਨਜ਼ਰ ਪੁਲਿਸ ਜਾਂਚ ’ਤੇ ਹੈ ਕਿ ਇਸ ਫਾਇਰਿੰਗ ਪਿੱਛੇ ਕੌਣ ਸੀ ਅਤੇ ਕੀ ਇਸ ਦਾ ਪਹਿਲਾਂ ਮਿਲੀਆਂ ਫਿਰੌਤੀ ਦੀਆਂ ਧਮਕੀਆਂ ਨਾਲ ਕੋਈ ਸਬੰਧ ਹੈ।





