ਸਰਕਾਰੀ ਕਾਲਜ ਡੇਰਾ ਬੱਸੀ ਨੇ ਮਾਈਮ ਵਿੱਚ ਲਗਾਤਾਰ ਦੂਜੇ ਸਾਲ ਜਿੱਤਿਆ ਪਹਿਲਾ ਸਥਾਨ
ਪਰਾਂਦਾ ਬਣਾਉਣ ਵਿੱਚ ਪਹਿਲਾ ਅਤੇ ਮਿਮਿਕਰੀ ਵਿੱਚ ਦੂਜਾ ਸਥਾਨ ਹਾਸਲ ਕੀਤਾ
ਡੇਰਾ ਬੱਸੀ:
ਸਰਕਾਰੀ ਕਾਲਜ ਡੇਰਾ ਬੱਸੀ ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਰੋਪੜ-ਫ਼ਤਿਹਗੜ੍ਹ ਖੇਤਰ ਦੇ ਯੁਵਕ ਅਤੇ ਲੋਕ ਮੇਲੇ ਵਿੱਚ ਮਾਈਮ ਦੇ ਮੁਕਾਬਲੇ ਵਿੱਚ ਲਗਾਤਾਰ ਦੂਜੇ ਸਾਲ ਪਹਿਲਾ ਸਥਾਨ ਹਾਸਲ ਕੀਤਾ। ਕਾਲਜ ਨੇ ਪਰਾਂਦਾ ਬਣਾਉਣ ਵਿੱਚ ਪਹਿਲਾ ਅਤੇ ਮਿਮਿਕਰੀ ਵਿੱਚ ਦੂਜਾ ਸਥਾਨ ਵੀ ਪ੍ਰਾਪਤ ਕੀਤਾ। ਕਾਲਜ ਦੇ ਵਿਦਿਆਰਥੀਆਂ ਨੇ ਭੰਡ, ਲੋਕ ਸਾਜ਼, ਸਮੂਹ ਸ਼ਬਦ, ਸਾਹਿਤਕ ਗੀਤ, ਕਰੋਸ਼ੀਏ ਦੀ ਬੁਣਤੀ, ਨਾਲਾ ਬਣਾਉਣ, ਪੱਖੀ ਬਣਾਉਣ ਅਤੇ ਛਿੱਕੂ ਬਣਾਉਣ ਦੇ ਮੁਕਾਬਲਿਆਂ ਵਿੱਚ ਤੀਜੇ ਸਥਾਨ ਹਾਸਲ ਕੀਤੇ। ਯੂਨੀਵਰਸਿਟੀ ਦੁਆਰਾ ਇਹ ਮੁਕਾਬਲੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਅਨੰਦਪੁਰ ਸਾਹਿਬ ਵਿਖੇ ਕਰਵਾਏ ਗਏ।
ਮਾਈਮ ਵਿੱਚ ਅਸ਼ੀਸ਼, ਰੌਸ਼ਨੀ, ਚੇਤਨਾ, ਵੰਸ਼, ਗੁੱਡੀ ਕੁਮਾਰੀ, ਅਰਵਿੰਦਰ ਕੁਮਾਰ ਅਤੇ ਖੁਸ਼ੀ ਸਕਸੈਨਾ ਨੇ ਭਾਗ ਲਿਆ। ਮਿਮਿਕਰੀ ਵਿੱਚ ਚੇਤਨਾ ਅਤੇ ਭੰਡ ਵਿੱਚ ਨਿਤੇਸ਼ ਤੇ ਹਰਮਨਜੀਤ ਸਿੰਘ ਨੇ ਪ੍ਰਦਰਸ਼ਨ ਕੀਤਾ। ਸਮੂਹ ਸ਼ਬਦ ਵਿੱਚ ਜਸਨਦੀਪ ਸਿੰਘ, ਪਰਮਵੀਰ ਸਿੰਘ, ਜਸ਼ਨਪ੍ਰੀਤ ਸਿੰਘ, ਅੰਜਲੀ, ਜਸਕੀਰਤ ਕੌਰ ਅਤੇ ਹਰਕੀਰਤ ਸਿੰਘ, ਸਾਹਿਤਕ ਗੀਤ ਵਿੱਚ ਤਰਨਦੀਪ ਸਿੰਘ ਅਤੇ ਲੋਕ ਸਾਜ਼ ਵਿੱਚ ਵਿਸ਼ਾਲ ਨੇ ਭਾਗ ਲਿਆ।
ਲੋਕ ਕਲਾਵਾਂ ਦੇ ਮੁਕਾਬਲਿਆਂ ਵਿੱਚ ਪਰਾਂਦਾ ਬਣਾਉਣ ਲਈ ਸਿਮਰਨ, ਕਰੋਸ਼ੀਏ ਦੀ ਬੁਣਤੀ ਲਈ ਪੁਸ਼ਪਿੰਦਰ ਕੌਰ, ਨਾਲਾ ਬੁਣਨ ਲਈ ਪੂਜਾ, ਪੱਖੀ ਬੁਣਨ ਲਈ ਅੰਕਿਤਾ ਅਤੇ ਛਿੱਕੂ ਬਣਾਉਣ ਲਈ ਤਨੂੰ ਨੇ ਇਨਾਮ ਹਾਸਲ ਕੀਤੇ। ਇਸ ਮੇਲੇ ਵਿੱਚ ਰੋਪੜ-ਫ਼ਤਿਹਗੜ੍ਹ ਖੇਤਰ ਦੇ 65 ਕਾਲਜਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਕਲਾਵਾਂ ਦੇ ਮੁਕਾਬਲਿਆਂ ਵਿੱਚ ਭਾਗ ਲਿਆ।
ਕਾਲਜ ਦੀ ਪ੍ਰਿੰਸੀਪਲ ਸ੍ਰੀਮਤੀ ਵਨੀਤਾ ਰਾਓ ਨੇ ਇਨਾਮ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਯੁਵਕ ਮੇਲਿਆਂ ਵਿੱਚ ਭਾਗ ਲੈਣ ਨਾਲ ਵਿਦਿਆਰਥੀਆਂ ਦੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ ਅਤੇ ਉਨ੍ਹਾਂ ਨੂੰ ਕਲਾ ਤੇ ਸਾਹਿਤ ਨਾਲ ਜੁੜਨ ਦੇ ਮੌਕੇ ਮਿਲਦੇ ਹਨ। ਉਨ੍ਹਾਂ ਕਿਹਾ ਕਿ ਕਾਲਜ ਭਵਿੱਖ ਵਿੱਚ ਵੀ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰੇਗਾ, ਤਾਂ ਜੋ ਉਹ ਅਕਾਦਮਿਕ ਖੇਤਰ ਦੇ ਨਾਲ-ਨਾਲ ਕਲਾਤਮਕ ਖੇਤਰਾਂ ਵਿੱਚ ਵੀ ਆਪਣੀ ਪਛਾਣ ਬਣਾ ਸਕਣ।




