ਮੋਹਾਲੀ ਦੀ ਸਫ਼ਾਈ ਨਾਲ ਕੋਈ ਸਮਝੌਤਾ ਨਹੀਂ, ਲਾਪਰਵਾਹ ਕਰਮਚਾਰੀਆਂ ਖ਼ਿਲਾਫ਼ ਹੋਵੇਗੀ ਕਾਰਵਾਈ: ਮੇਅਰ ਸਮਾਣਾ
ਕੌਂਸਲਰਾਂ ਦੀ ਮੀਟਿੰਗ ’ਚ ਵਾਰਡਾਂ ਦੀਆਂ ਸਮੱਸਿਆਵਾਂ ’ਤੇ ਹੋਈ ਚਰਚਾ, ਸਮਗੌਲੀ ਕੂੜਾ ਪਲਾਂਟ ਚਾਲੂ ਕਰਨ ਅਤੇ ਡੌਗ ਸ਼ੈਲਟਰ ਲਈ ਜਗ੍ਹਾ ਫਾਈਨਲ ਕਰਨ ਦੀ ਤਿਆਰੀ
DP ਮੋਹਾਲੀ: ਅਕਤੂਬਰ 12
ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਬਿਹਤਰ ਬਣਾਉਣ ਲਈ ਨਗਰ ਨਿਗਮ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਸਫ਼ਾਈ ਦੇ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ। ਇਹ ਗੱਲ ਮੋਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਕੌਂਸਲਰਾਂ ਨਾਲ ਹੋਈ ਮੀਟਿੰਗ ਦੌਰਾਨ ਕਹੀ।
ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਨੇ ਆਪਣੇ-ਆਪਣੇ ਵਾਰਡਾਂ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਮੇਅਰ ਨੂੰ ਜਾਣੂ ਕਰਵਾਇਆ। ਮੇਅਰ ਨੇ ਮੌਕੇ ’ਤੇ ਹੀ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕਿਸੇ ਵੀ ਕੌਂਸਲਰ ਦੇ ਕੰਮ ਵਿੱਚ ਬੇਵਜ੍ਹਾ ਰੁਕਾਵਟ ਨਾ ਪਾਈ ਜਾਵੇ। ਜੇਕਰ ਕੋਈ ਕਰਮਚਾਰੀ ਆਪਣੀ ਡਿਊਟੀ ਵਿੱਚ ਲਾਪਰਵਾਹੀ ਵਰਤਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਮੇਅਰ ਸਮਾਣਾ ਨੇ ਕੌਂਸਲਰਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਜਨਤਕ ਥਾਵਾਂ ’ਤੇ ਗੰਦਗੀ ਫੈਲਾਉਂਦਾ ਹੈ ਤਾਂ ਉਸ ਦੀ ਫੋਟੋ ਖਿੱਚ ਕੇ ਸਬੰਧਤ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦੀ ਜਾਵੇ, ਤਾਂ ਜੋ ਸ਼ਹਿਰ ਵਿੱਚ ਸਫ਼ਾਈ ਵਿਵਸਥਾ ਨੂੰ ਕਾਇਮ ਰੱਖਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕੂੜੇ ਦੀ ਸਮੱਸਿਆ ਦੇ ਹੱਲ ਲਈ ਸਮਗੌਲੀ ਸਥਿਤ ਕੂੜਾ ਪਲਾਂਟ ਨੂੰ ਜਲਦ ਚਾਲੂ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਫੇਜ਼-5 ਵਿੱਚ ਲੱਗੀ ਅੱਗ ਦੇ ਮਾਮਲੇ ਨੂੰ ਵੀ ਚਿੰਤਾ ਦਾ ਵਿਸ਼ਾ ਦੱਸਿਆ ਗਿਆ। ਉਨ੍ਹਾਂ ਉੱਥੇ ਲੱਗ ਰਹੀ ਮੰਡੀ ਕਾਰਨ ਸੰਭਾਵੀ ਹਾਦਸੇ ਦੇ ਖ਼ਤਰੇ ਨੂੰ ਦੇਖਦਿਆਂ ਮੰਡੀ ਹਟਾਉਣ ਸਬੰਧੀ ਹਦਾਇਤਾਂ ਦਿੱਤੀਆਂ।
ਮੇਅਰ ਨੇ ਕਿਹਾ ਕਿ ਮੰਡੀ ਨਾਲ ਜੁੜੇ ਲੋਕਾਂ ਦੇ ਰੁਜ਼ਗਾਰ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ, ਪਰ ਪਹਿਲਾਂ ਕੂੜੇ ਦੀ ਸਮੱਸਿਆ ਦਾ ਹੱਲ ਕਰਨਾ ਜ਼ਰੂਰੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਲੋਕਾਂ ਦੀ ਸੁਰੱਖਿਆ ਅਤੇ ਸ਼ਹਿਰ ਦੀ ਸਫ਼ਾਈ ਨਗਰ ਨਿਗਮ ਦੀ ਤਰਜੀਹ ਹੈ। ਉਨ੍ਹਾ ਕਿਹਾ ਕਿ ਜਲਦੀ ਸਮਗੌਲੀ ਪਲਾਟ ਚੱਲਣ ਨਾਲ ਸ਼ਹਿਰ ਚ ਕੂੜੇ ਡੰਪ ਦੀ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ।
ਇਸ ਤੋਂ ਇਲਾਵਾ ਮੇਅਰ ਨੇ ਦੱਸਿਆ ਕਿ ਨਗਰ ਨਿਗਮ ਵੱਲੋਂ ਜਲਦ ਹੀ ਡੌਗ ਸ਼ੈਲਟਰ ਬਣਾਉਣ ਲਈ ਢੁੱਕਵੀਂ ਜਗ੍ਹਾ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਆਰ.ਪੀ. ਸ਼ਰਮਾ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ, ਚੀਫ਼ ਇੰਜੀਨੀਅਰ ਨਰੇਸ਼ ਬੱਤਾ, ਨਿਗਰਾਨ ਇੰਜੀਨੀਅਰ ਕਮਲਦੀਪ ਸਿੰਘ ਅਤੇ ਹੋਰ ਕੌਂਸਲਰ ਮੌਜੂਦ ਸਨ।





