Mohali 1st Foundation ‘ਮੋਹਾਲੀ ਫਰਸਟ ਫਾਊਂਡੇਸ਼ਨ’ ਦੀ ਸ਼ੁਰੂਆਤ, 8 ਮਾਰਚ ਨੂੰ ਬ੍ਰੈਸਟ ਕੈਂਸਰ ਜਾਂਚ ਕੈਂਪ ਲਗਾਇਆ ਜਾਵੇਗਾ
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕੀਤੀ ਨਵੀਂ ਸਮਾਜ ਸੇਵੀ ਸੰਸਥਾ ਦੀ ਸਥਾਪਨਾ
DPB, Mohali : Mohali 1st Foundation ਮੋਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੱਲੋਂ ਸ਼ਹਿਰ ਦੇ ਸਮਾਜਿਕ ਵਿਕਾਸ ਅਤੇ ਲੋਕ ਭਲਾਈ ਦੇ ਉਦੇਸ਼ ਨਾਲ ਇੱਕ ਨਵੀਂ ਸੰਸਥਾ “ਮੋਹਾਲੀ ਫਰਸਟ ਫਾਊਂਡੇਸ਼ਨ” ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੌਕੇ ਅੱਜ ਇੱਕ ਪੱਤਰਕਾਰ ਸੰਮੇਲਨ ਵਿੱਚ ਮੋਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਇਸ ਸੰਸਥਾ ਦਾ ਮੁੱਖ ਮਕਸਦ ਮੋਹਾਲੀ ਨੂੰ ਸਮੱਸਿਆ ਰਹਿਤ ਅਤੇ ਹੋਰ ਵੀ ਸੁੰਦਰ ਸ਼ਹਿਰ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ ਉਹ ਜਦੋਂ ਤੋਂ ਸਿਆਸਤ ਵਿੱਚ ਆਏ ਹਨ, ਤਦੋਂ ਤੋਂ ਮੋਹਾਲੀ ਦੇ ਹੱਕਾਂ ਲਈ ਲਗਾਤਾਰ ਆਵਾਜ਼ ਉਠਾ ਰਹੇ ਹਨ ਅਤੇ ਕਈ ਮਸਲਿਆਂ ਨੂੰ ਲੈ ਕੇ ਅਦਾਲਤਾਂ ਤੱਕ ਲੜਾਈ ਵੀ ਲੜੀ ਹੈ। ਹੁਣ ਇੱਕ ਸੰਗਠਨ ਦੇ ਰੂਪ ਵਿੱਚ ਸ਼ਹਿਰ ਦੇ ਸਮਾਜਸੇਵੀਆਂ, ਬਿਜ਼ਨਸਮੈਨਾਂ ਅਤੇ ਮੋਹਾਲੀ ਨਾਲ ਪਿਆਰ ਕਰਨ ਵਾਲੇ ਹਰ ਵਿਅਕਤੀ ਨੂੰ ਇਕੱਠਾ ਕਰਕੇ ਮੋਹਾਲੀ ਦੇ ਵਿਕਾਸ ਲਈ ਕੰਮ ਕੀਤਾ ਜਾਵੇਗਾ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਮੋਹਾਲੀ ਫਰਸਟ ਫਾਊਂਡੇਸ਼ਨ ਦੀ ਪਹਿਲੀ ਮੁਹਿੰਮ ਦੇ ਤੌਰ ‘ਤੇ 8 ਮਾਰਚ (ਅੰਤਰਰਾਸ਼ਟਰੀ ਮਹਿਲਾ ਦਿਵਸ) ਨੂੰ ਮਹਿਲਾਵਾਂ ਲਈ ਬ੍ਰੈਸਟ ਕੈਂਸਰ ਜਾਂਚ ਕੈਂਪ ਲਗਾਇਆ ਜਾਵੇਗਾ। ਇਹ ਕੈਂਪ ਫੇਜ਼-2 ਸਥਿਤ ਗਿਆਨ ਜੋਤੀ ਸਕੂਲ ਵਿੱਚ ਲਗਾਇਆ ਜਾਵੇਗਾ, ਜਿੱਥੇ ਚੰਡੀਗੜ੍ਹ ਦੀਆਂ ਤਜਰਬੇਕਾਰ ਮੈਡੀਕਲ ਟੀਮਾਂ ਮਹਿਲਾਵਾਂ ਦੀ ਜਾਂਚ ਕਰਨਗੀਆਂ।
ਉਨ੍ਹਾਂ ਕਿਹਾ ਕਿ ਸਮਾਜ ਵਿੱਚ ਮਹਿਲਾਵਾਂ ਦੀ ਸਿਹਤ ਸਭ ਤੋਂ ਮਹੱਤਵਪੂਰਨ ਹੈ, ਕਿਉਂਕਿ ਜੇ ਮਾਂ, ਭੈਣਾਂ ਅਤੇ ਧੀਆਂ ਤੰਦਰੁਸਤ ਹੋਣਗੀਆਂ ਤਾਂ ਹੀ ਪਰਿਵਾਰ ਅਤੇ ਸਮਾਜ ਤੰਦਰੁਸਤ ਰਹੇਗਾ। ਇਸ ਕੈਂਪ ਵਿੱਚ ਲੋੜਵੰਦ ਮਹਿਲਾਵਾਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ ਅਤੇ ਜੇ ਕਿਸੇ ਵਿੱਚ ਕੋਈ ਸਮੱਸਿਆ ਸਾਹਮਣੇ ਆਉਂਦੀ ਹੈ ਤਾਂ ਉਸਦਾ ਅਗਲਾ ਇਲਾਜ ਕਰਵਾਉਣ ਵਿੱਚ ਵੀ ਸੰਸਥਾ ਵੱਲੋਂ ਮਦਦ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਮੋਹਾਲੀ ਵਿੱਚ ਕਈ ਸਮਾਜਿਕ ਸੰਸਥਾਵਾਂ ਵਧੀਆ ਕੰਮ ਕਰ ਰਹੀਆਂ ਹਨ, ਪਰ ਮੋਹਾਲੀ ਫਰਸਟ ਫਾਊਂਡੇਸ਼ਨ ਦਾ ਦਾਇਰਾ ਮੋਹਾਲੀ ਵਾਸਤੇ ਪ੍ਰਮੁੱਖ ਹੈ ਅਤੇ ਇਹ ਸ਼ਹਿਰ ਦੀ ਹਰ ਸਮੱਸਿਆ—ਚਾਹੇ ਉਹ ਸਿਹਤ, ਬੁਨਿਆਦੀ ਸਹੂਲਤਾਂ, ਪ੍ਰਸ਼ਾਸਕੀ ਮਸਲੇ ਜਾਂ ਨਾਗਰਿਕ ਸੁਵਿਧਾਵਾਂ ਨਾਲ ਸੰਬੰਧਿਤ ਹੋਵੇ—ਉਸਦੇ ਹੱਲ ਲਈ ਲੋਕਾਂ ਨੂੰ ਇਕੱਠਾ ਕਰਕੇ ਕੰਮ ਕਰੇਗੀ।
ਉਨ੍ਹਾਂ ਨੇ ਮੋਹਾਲੀ ਦੇ ਵਸਨੀਕਾਂ, ਸਮਾਜਸੇਵੀ ਸੰਸਥਾਵਾਂ, ਧਾਰਮਿਕ ਸੰਸਥਾਵਾਂ ਅਤੇ ਮੀਡੀਆ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਨਾਲ ਜੁੜ ਕੇ ਸ਼ਹਿਰ ਨੂੰ ਹੋਰ ਵਧੀਆ ਅਤੇ ਸਮੱਸਿਆ ਰਹਿਤ ਬਣਾਉਣ ਵਿੱਚ ਸਹਿਯੋਗ ਦੇਣ।
ਮੋਹਾਲੀ ਨੂੰ ਕਜੌਲੀ ਤੋਂ ਪੀਣ ਵਾਲਾ ਪਾਣੀ ਦਿਵਾਉਣ, ਬਜ਼ੁਰਗਾਂ ਵਾਸਤੇ ਓਲਡ ਏਜ ਹੋਮ ਬਣਵਾਉਣ ਤੋਂ ਬਿਨਾਂ ਕਈ ਅਹਿਮ ਮਸਲੇ ਅਦਾਲਤਾਂ ਰਾਹੀਂ ਹੱਲ ਕਰਵਾਏ
ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਉਹਨਾਂ ਨੇ ਹਮੇਸ਼ਾ ਮੋਹਾਲੀ ਦੇ ਮਸਲਿਆਂ ਨੂੰ ਸਭ ਤੋਂ ਉੱਪਰ ਰੱਖਿਆ ਹੈ ਅਤੇ ਕਜੌਲੀ ਤੋਂ ਮੋਹਾਲੀ ਵਾਸੀਆਂ ਨੂੰ ਪਾਣੀ ਦੀ ਸਪਲਾਈ ਸੁਚਾਰੂ ਕਰਵਾਉਣ ਦੀ ਗੱਲ ਹੋਵੇ ਭਾਵੇਂ ਪੂਰੇ ਪੰਜਾਬ ਭਰ ਵਿੱਚ ਓਲਡ ਏਜ ਹੋਮਸ ਦੀ ਗੱਲ ਹੋਵੇ, ਉਹਨਾਂ ਨੇ ਅਦਾਲਤ ਵਿੱਚ ਇਹ ਮਸਲੇ ਚੁੱਕੇ ਤੇ ਹੱਲ ਵੀ ਕਰਵਾਏ। ਇਸ ਤੋਂ ਇਲਾਵਾ ਵੀ ਕਈ ਅਹਿਮ ਮਸਲੇ ਅਦਾਲਤ ਵਿੱਚ ਚੱਲ ਰਹੇ ਹਨ।
ਇਸ ਮੌਕੇ ਗੁਰਮੀਤ ਸਿੰਘ ਸਿਆਣ, ਗੁਰਪ੍ਰੀਤ ਸਿੰਘ, ਡਾ. ਅੰਕਿਤਾ ਗੁਪਤਾ, ਜਸਮਿੰਦਰ ਸਿੰਘ ਬੇਦੀ, ਗੁਰਜੀਤ ਸਿੰਘ ਸ਼ਾਹ, ਨਿਖਿਲ ਦੀਪ, ਜਤਿੰਦਰ ਸਿੰਘ ਭੱਟੀ ਵੀ ਹਾਜ਼ਰ ਸਨ।
ਕਲਿੱਕ ਕਰੋ ਇਹ ਵੀ ਪੜ੍ਹੋ 👉 Deputy Mayor Kuljit Singh Bedi Writes to Commissioner





