Mohali ਫੇਜ਼-11 ਚਾਕੂ ਕਾਂਡ: ਮੰਦਰ ਗਏ ਨੌਜਵਾਨ ਗੁਰਸੇਵ ਸਿੰਘ ਦੀ ਮੌਤ, 5 ਦੋਸ਼ੀ ਕਾਬੂ — ਪਰਿਵਾਰ ਵੱਲੋਂ ਇਲਾਜ ਵਿੱਚ ਲਾਪਰਵਾਹੀ ਦੇ ਦੋਸ਼
Mohali, DPB:
Mohali ਦੇ ਫੇਜ਼-11 ਵਿੱਚ ਮੰਦਰ ਵਿੱਚ ਮੱਥਾ ਟੇਕਣ ਗਏ 27 ਸਾਲਾ ਨੌਜਵਾਨ ਗੁਰਸੇਵ ਸਿੰਘ ਦੀ ਚਾਕੂ ਮਾਰ ਕੇ ਕੀਤੀ ਗਈ ਹਮਲੇ ਤੋਂ ਬਾਅਦ ਅੱਜ ਫੋਰਟਿਸ ਹਸਪਤਾਲ ਵਿੱਚ ਮੌਤ ਹੋ ਗਈ। ਪੁਲੀਸ ਨੂੰ ਮਿਲੀ ਸੀ.ਸੀ.ਟੀ.ਵੀ. ਫੁਟੇਜ ਵਿੱਚ ਕੁਝ ਨੌਜਵਾਨ ਉਸ ‘ਤੇ ਹਮਲਾ ਕਰਦੇ ਨਜ਼ਰ ਆ ਰਹੇ ਹਨ ਅਤੇ ਪੁਲੀਸ ਵੱਲੋਂ ਹਮਲਾਵਰਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਡੀਐਸਪੀ ਸਿਟੀ-2 ਹਰਸਿਮਰਨ ਸਿੰਘ ਬੱਲ ਨੇ ਕਿਹਾ, “ਪੁਲੀਸ ਕਾਰਵਾਈ ਕਰ ਰਹੀ ਹੈ ਅਤੇ ਕਾਤਲਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।”
ਹਰਿਆਣਾ ਦੇ ਟੋਹਾਣਾ ਨਿਵਾਸੀ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਤੋਂ ਬਾਅਦ ਗੁੱਸੇ ਵਿੱਚ ਆਏ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਬਾਹਰ ਧਰਨਾ ਲਗਾ ਦਿੱਤਾ। ਪਰਿਵਾਰ ਦਾ ਦੋਸ਼ ਸੀ ਕਿ ਇਲਾਜ ਵਿੱਚ ਲਾਪਰਵਾਹੀ ਕਾਰਨ ਗੁਰਸੇਵ ਦੀ ਮੌਤ ਹੋਈ ਹੈ। ਇਸ ਦੌਰਾਨ ਸਮਾਜ ਸੇਵੀ ਅਮਤੋਜ ਮਾਨ ਵੀ ਮੌਕੇ ‘ਤੇ ਪਹੁੰਚੇ ਅਤੇ ਪੁਲੀਸ ‘ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਇਕ ਸਾਲ ਪਹਿਲਾਂ ਵੀ ਕੁੰਭੜਾ ਵਿੱਚ ਇਕ ਪੰਜਾਬੀ ਨੌਜਵਾਨ ਦਾ ਕਤਲ ਹੋਇਆ ਸੀ ਪਰ ਕੋਈ ਢੰਗ ਦੀ ਕਾਰਵਾਈ ਨਹੀਂ ਹੋਈ।
ਮੌਕੇ ‘ਤੇ ਪਹੁੰਚੇ ਐਸਐਸਪੀ ਮੋਹਾਲੀ ਹਰਮਨਦੀਪ ਸਿੰਘ ਹਾਂਸ ਨੇ ਪਰਿਵਾਰ ਨਾਲ ਗੱਲਬਾਤ ਕਰਦੇ ਹੋਏ ਭਰੋਸਾ ਦਿੱਤਾ ਕਿ “ਕੁਝ ਦੋਸ਼ੀ ਕਾਬੂ ਕਰ ਲਏ ਹਨ ਅਤੇ ਬਾਕੀਆਂ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ।” ਉਨ੍ਹਾਂ ਕਿਹਾ ਕਿ ਇਲਾਜ ਵਿੱਚ ਲਾਪਰਵਾਹੀ ਦੇ ਦੋਸ਼ਾਂ ਦੀ ਜਾਂਚ ਲਈ ਸਰਕਾਰੀ ਹਸਪਤਾਲ ਵਿੱਚ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਜੇਕਰ ਲਾਪਰਵਾਹੀ ਸਾਹਮਣੇ ਆਈ ਤਾਂ ਹਸਪਤਾਲ ਖ਼ਿਲਾਫ਼ ਬਣਦੀ ਕਾਰਵਾਈ ਹੋਵੇਗੀ।
ਐਸਐਸਪੀ ਹਾਂਸ ਮੁਤਾਬਕ, “14 ਅਤੇ 15 ਫਰਵਰੀ ਦੀ ਦਰਮਿਆਨੀ ਰਾਤ ਮ੍ਰਿਤਕ ਮੰਦਰ ਵਿੱਚ ਮੱਥਾ ਟੇਕਣ ਗਿਆ ਸੀ। ਉੱਥੇ ਕੁਝ ਵਿਅਕਤੀਆਂ ਵਿੱਚ ਲੜਾਈ ਹੋ ਗਈ ਅਤੇ ਲੜਾਈ ਦੌਰਾਨ ਗੁਰਸੇਵ ਸਿੰਘ ਨੂੰ ਚਾਕੂ ਮਾਰ ਦਿੱਤਾ ਗਿਆ।” ਗੰਭੀਰ ਜਖਮੀ ਹਾਲਤ ਵਿੱਚ ਉਸਨੂੰ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਅੱਜ ਉਸਦੀ ਮੌਤ ਹੋ ਗਈ।
ਪੁਲੀਸ ਨੇ ਪਹਿਲਾਂ ਇਸ ਮਾਮਲੇ ਵਿੱਚ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਸੀ, ਪਰ ਮੌਤ ਤੋਂ ਬਾਅਦ ਹੁਣ ਕਤਲ ਦੀ ਧਾਰਾ ਵੀ ਜੋੜ ਦਿੱਤੀ ਗਈ ਹੈ। ਪੁਲੀਸ ਮੁਤਾਬਕ, ਹਮਲੇ ਵਿੱਚ ਸ਼ਾਮਲ ਪੰਜ ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਬਾਕੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।
ਫੋਰਟਿਸ ਹਸਪਤਾਲ ਨੇ ਇਕ ਸਟੇਟਮੈਂਟਾਂ ਵਿਚ ਕਿਹਾ ਕੀ“ਗੁਰਸੇਵ ਸਿੰਘ ਭੰਗੂ ਨੂੰ 15 ਫਰਵਰੀ 2026 ਸਵੇਰੇ ਗੰਭੀਰ ਚਾਕੂ ਜ਼ਖਮਾਂ ਨਾਲ ਲਿਆਂਦਾ ਗਿਆ। ਐਮਰਜੈਂਸੀ ਅਤੇ ਕ੍ਰਿਟੀਕਲ ਕੇਅਰ ਟੀਮਾਂ ਨੇ ਤੁਰੰਤ ਇਲਾਜ ਕਰਦਿਆਂ ਸਾਰੇ ਲਾਜ਼ਮੀ ਉਪਚਾਰ ਕੀਤੇ, ਪਰ ਉਹ ਬਚ ਨਾ ਸਕੇ। ਇਲਾਜ ਵਿੱਚ ਦੇਰੀ ਅਤੇ ਗਲਤ ਬਿਲਿੰਗ ਦੇ ਦੋਸ਼ ਬੇਬੁਨਿਆਦ ਹਨ। ਅਸੀਂ ਪਾਰਦਰਸ਼ਤਾ ਨਾਲ ਜਾਂਚ ਵਿੱਚ ਸਹਿਯੋਗ ਕਰ ਰਹੇ ਹਾਂ ਅਤੇ ਪਰਿਵਾਰ ਨਾਲ ਸੰਵੇਦਨਾ ਜਤਾਉਂਦੇ ਹਾਂ।”

—





