ਮੋਹਾਲੀ ਦੇ ਕਿਸਾਨ ਨੇ ਕਸ਼ਮੀਰੀ ਲਸਣ ਨਾਲ ਲਿਖੀ ਕਾਮਯਾਬੀ ਦੀ ਕਹਾਣੀ
1.5 ਏਕੜ ਤੋਂ ਸ਼ੁਰੂਆਤ ਕਰਕੇ 4 ਏਕੜ ਤੱਕ ਪਹੁੰਚਿਆ ਖੇਤੀ ਕਾਰੋਬਾਰ, ਸਿਰਫ਼ ਸੱਤ ਮਹੀਨਿਆਂ ਵਿੱਚ ਲੱਖਾਂ ਦੀ ਆਮਦਨ
DPB, Mohali : “ਮੇਰਾ ਘਰ, ਜ਼ਮੀਨ, ਵਾਹਨ, ਭੈਣਾਂ ਦੀਆਂ ਸ਼ਾਦੀਆਂ ਅਤੇ ਇੱਜ਼ਤ”—ਸਭ ਕੁਝ ਲਸਣ ਦੀ ਬਦੌਲਤ ਮਿਲਿਆ ਹੈ ਬੜੇ ਸਵੈਮਾਣ ਨਾਲ ਬੋਲਦਾ ਮੋਹਾਲੀ ਦੇ ਪਿੰਡ ਸੈਣੀ ਮਾਜਰਾ ਦੇ 36 ਸਾਲਾ ਕਿਸਾਨ ਅਤਿੰਦਰ ਸਿੰਘ ਜਿਸ ਨੇ ਕਸ਼ਮੀਰੀ ਲਸਣ ਦੀ ਖੇਤੀ ਨਾਲ ਆਪਣੀ ਜ਼ਿੰਦਗੀ ਦੀ ਦਿਸ਼ਾ ਬਦਲ ਦਿੱਤੀ। ਕਦੇ ਕੇਵਲ 1.5 ਏਕੜ ‘ਤੇ ਗੁਜ਼ਾਰਾ ਖੇਤੀ ਕਰਨ ਵਾਲਾ ਇਹ ਪਰਿਵਾਰ ਅੱਜ 4 ਏਕੜ ‘ਚ ਫੈਲੇ ਨਫ਼ੇਦਾਇਕ ਖੇਤੀ ਕਾਰੋਬਾਰ ਦਾ ਮਾਲਕ ਹੈ।
ਅਤਿੰਦਰ ਕਹਿੰਦਾ ਹੈ, “ਦੱਸੋ ਕਿਹੜੀ ਫਸਲ ਸੱਤ ਮਹੀਨਿਆਂ ਵਿੱਚ ਘੱਟੋ-ਘੱਟ 10 ਲੱਖ ਤੇ ਵੱਧ ਤੋਂ ਵੱਧ 22 ਲੱਖ ਰੁਪਏ ਪ੍ਰਤੀ ਏਕੜ ਕਮਾਈ ਦੇ ਸਕਦੀ ਹੈ।” ਉਹ ਦੱਸਦਾ ਹੈ ਕਿ ਕਸ਼ਮੀਰੀ ਲਸਣ ਦੀ ਕਮਾਈ ਨਾਲ ਉਸ ਨੇ ਆਪਣੀਆਂ ਤਿੰਨ ਭੈਣਾਂ ਦੀਆਂ ਸ਼ਾਦੀਆਂ ਕਰਵਾਈਆਂ, ਨਵਾਂ ਘਰ ਬਣਾਇਆ ਅਤੇ ਜ਼ਮੀਨ ਵੀ ਵਧਾਈ।
ਕਸ਼ਮੀਰੀ ਲਸਣ ਉੱਚ ਗੁਣਵੱਤਾ ਵਾਲੀ ਸਫ਼ੈਦ ਕਿਸਮ ਹੈ ਜੋ ਮਜ਼ਬੂਤ, ਸੁਗੰਧਿਤ ਅਤੇ ਦਵਾਈ ਗੁਣਾਂ ਲਈ ਮਸ਼ਹੂਰ ਹੈ। ਇਸ ਦੇ ਇੱਕ ਗੰਠ ਵਿੱਚ ਆਮ ਤੌਰ ‘ਤੇ 200-250 ਗ੍ਰਾਮ ਭਾਰ ਅਤੇ ਸਿਰਫ਼ 5-6 ਵੱਡੀਆਂ ਕਲੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਹਰ ਗੰਠ ਦੇ ਹੇਠਾਂ 7-8 ਛੋਟੇ ਗੋਲ ਦਾਣੇ ਬਣਦੇ ਹਨ, ਜਿਨ੍ਹਾਂ ਨੂੰ ‘ਗੱਠੀ’ ਕਿਹਾ ਜਾਂਦਾ ਹੈ। ਇਹ ਗੱਠੀ ਦਵਾਈ ਕੰਪਨੀਆਂ ਵੱਲੋਂ ਜੋੜਾਂ ਤੇ ਘੁੱਟਣ ਦਰਦ ਲਈ ਖਾਸ ਤੌਰ ‘ਤੇ ਖਰੀਦੀ ਜਾਂਦੀ ਹੈ।
ਅਤਿੰਦਰ ਦੱਸਦਾ ਹੈ, “ਇਹ ਗੱਠੀ ਸਿਰਫ਼ ਕਸ਼ਮੀਰੀ ਲਸਣ ਤੋਂ ਹੀ ਮਿਲਦੀ ਹੈ, ਹੋਰ ਕਿਸਮਾਂ ਤੋਂ ਨਹੀਂ। ਜੇ ਕੀਮਤ ਘੱਟ ਵੀ ਹੋਵੇ ਤਾਂ ਵੀ ਸੱਤ ਮਹੀਨਿਆਂ ਵਿੱਚ ਲਗਭਗ 11 ਲੱਖ ਪ੍ਰਤੀ ਏਕੜ ਕਮਾਈ ਆਸਾਨੀ ਨਾਲ ਹੋ ਜਾਂਦੀ ਹੈ।”
ਉਹ ਆਪਣੇ ਬ੍ਰਾਂਡ ‘ਗੁਰਨੂਰ ਆਰਗੈਨਿਕਸ’ ਹੇਠ ਸਰਟੀਫਾਈਡ ਬੀਜ ਵੇਚਦਾ ਹੈ ਅਤੇ ਦੇਸ਼ ਭਰ ਦੇ ਕਿਸਾਨਾਂ ਨੂੰ ਇੱਕ ਸਾਲ ਦੀ ਗਾਰੰਟੀ ਨਾਲ ਸਪਲਾਈ ਕਰਦਾ ਹੈ। ਬੀਜ ਦੀ ਕੀਮਤ 50 ਤੋਂ 500 ਰੁਪਏ ਪ੍ਰਤੀ ਕਿਲੋ ਤੱਕ ਹੈ, ਜਦਕਿ ਗੱਠੀ 400 ਤੋਂ 1200 ਰੁਪਏ ਪ੍ਰਤੀ ਕਿਲੋ ਵਿਕਦੀ ਹੈ। ਵਧੀਆ ਗੁਣਵੱਤਾ ਹੋਣ ‘ਤੇ ਇੱਕ ਏਕੜ ਤੋਂ 23 ਲੱਖ ਤੱਕ ਵਿਕਰੀ ਸੰਭਵ ਹੈ।
ਉਹ ਕਹਿੰਦਾ ਹੈ ਕਿ ਲਸਣ ਦੀ ਖੇਤੀ ਮਿਹਨਤ ਮੰਗਦੀ ਹੈ ਅਤੇ ਕੱਟਾਈ ਸਮੇਂ ਲਗਭਗ 60-70 ਹਜ਼ਾਰ ਰੁਪਏ ਖਰਚ ਹੁੰਦਾ ਹੈ। ਮਲਚਿੰਗ ਨਾਲ ਉਹ ਹਰ ਏਕੜ ‘ਤੇ ਕਰੀਬ 25 ਹਜ਼ਾਰ ਰੁਪਏ ਬਚਾ ਲੈਂਦਾ ਹੈ।
ਅਤਿੰਦਰ ਦੇ ਪਿਤਾ ਕੋਲ ਪਹਿਲਾਂ ਕੇਵਲ 1.5 ਏਕੜ ਜ਼ਮੀਨ ਸੀ। ਅੱਜ ਲਸਣ ਦੀ ਖੇਤੀ ਨਾਲ ਖਰੀਦ ਕੇ ਪਰਿਵਾਰ 4 ਏਕੜ ਦਾ ਮਾਲਕ ਬਣ ਚੁੱਕਾ ਹੈ।






