10 ਮਹੀਨੇ ਪਹਿਲਾਂ ਰੱਖਿਆ ਨੀਂਹ ਪੱਥਰ, ਸੜਕ ਅੱਜ ਵੀ ਅਧੂਰੀ; ਜੀਤੀ ਸਿੱਧੂ ਨੇ ਸਰਕਾਰ ’ਤੇ ਚੁੱਕੇ ਸਵਾਲ
ਗੋਬਿੰਦਗੜ੍ਹ-ਢੇਲਪੁਰ ਸੜਕ ਦੀ ਬਦਹਾਲੀ ਕਾਰਨ ਲੋਕ ਪ੍ਰੇਸ਼ਾਨ, ਤਿੱਖੇ ਪੱਥਰਾਂ ਕਾਰਨ ਹਾਦਸਿਆਂ ਦਾ ਖ਼ਤਰਾ
ਮੋਹਾਲੀ:
ਮੋਹਾਲੀ ਨਗਰ ਨਿਗਮ ਦੇ ਸਾਬਕਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਪਿੰਡ ਗੋਬਿੰਦਗੜ੍ਹ ਦਾ ਦੌਰਾ ਕਰਕੇ ਪਿੰਡ ਤੋਂ ਢੇਲਪੁਰ ਵੱਲ ਜਾਂਦੀ ਕਰੀਬ ਢਾਈ ਕਿਲੋਮੀਟਰ ਲੰਬੀ ਸੜਕ ਦੀ ਬਦਹਾਲੀ ਦਾ ਜਾਇਜ਼ਾ ਲਿਆ। ਇਸ ਮੌਕੇ ਪਿੰਡ ਦੇ ਕਈ ਵਸਨੀਕ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।
ਜੀਤੀ ਸਿੱਧੂ ਨੇ ਮੌਕੇ ’ਤੇ ਉਹ ਨੀਂਹ ਪੱਥਰ ਦਿਖਾਇਆ, ਜਿਸ ਮੁਤਾਬਕ 20 ਜਨਵਰੀ 2026 ਨੂੰ ਇਸ ਸੜਕ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਨੀਂਹ ਪੱਥਰ ਰੱਖਣ ਤੋਂ ਬਾਅਦ ਸੜਕ ’ਤੇ ਪੱਥਰ ਪਾ ਦਿੱਤੇ ਗਏ, ਪਰ ਇਸ ਤੋਂ ਬਾਅਦ ਕੰਮ ਅੱਗੇ ਨਹੀਂ ਵਧਿਆ ਅਤੇ ਸੜਕ ਅੱਜ ਵੀ ਬੁਰੀ ਹਾਲਤ ਵਿੱਚ ਹੈ।
ਉਨ੍ਹਾਂ ਕਿਹਾ ਕਿ ਸੜਕ ਦੀ ਹਾਲਤ ਇੰਨੀ ਖਰਾਬ ਹੈ ਕਿ ਇੱਥੋਂ ਲੰਘਣਾ ਲੋਕਾਂ ਲਈ ਮੁਸ਼ਕਲ ਬਣਿਆ ਹੋਇਆ ਹੈ। ਸੜਕ ’ਤੇ ਵੱਡੇ-ਵੱਡੇ ਅਤੇ ਤਿੱਖੇ ਪੱਥਰ ਉੱਭਰੇ ਹੋਏ ਹਨ, ਜਿਸ ਕਾਰਨ ਦੋਪਹੀਆ ਵਾਹਨ ਚਾਲਕਾਂ ਅਤੇ ਪੈਦਲ ਲੰਘਣ ਵਾਲਿਆਂ ਨੂੰ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ।
ਜੀਤੀ ਸਿੱਧੂ ਨੇ ਕਿਹਾ, “ਜੇਕਰ ਸੜਕ ਬਣਾਉਣੀ ਹੀ ਨਹੀਂ ਸੀ ਤਾਂ ਨੀਂਹ ਪੱਥਰ ਰੱਖਣ ਦੀ ਕੀ ਲੋੜ ਸੀ? ਇਸ ਤੋਂ ਸਰਕਾਰ ਦੀ ਨੀਤੀ ਅਤੇ ਨੀਅਤ ਬਾਰੇ ਸਵਾਲ ਖੜ੍ਹੇ ਹੁੰਦੇ ਹਨ।” ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਪਣੇ ਹੱਥ ਖੜ੍ਹੇ ਕਰ ਦੇਵੇ ਤਾਂ ਉਹ ਆਪਣੇ ਪੱਧਰ ’ਤੇ ਸੜਕ ’ਤੇ ਕੈਰੀ ਪਵਾਉਣ ਲਈ ਵੀ ਤਿਆਰ ਹਨ।
ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਲੋਕਾਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਸੜਕ ਦਾ ਕੰਮ ਤੁਰੰਤ ਪੂਰਾ ਕਰਵਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਦੀ ਸਰਕਾਰ ਬਣਨ ’ਤੇ ਇਸ ਸੜਕ ਨੂੰ ਬਣਵਾਉਣਾ ਪਹਿਲ ਦੇ ਕੰਮਾਂ ਵਿੱਚ ਸ਼ਾਮਲ ਹੋਵੇਗਾ।
ਸਾਬਕਾ ਮੇਅਰ ਨੇ ਪੰਜਾਬ ਸਰਕਾਰ ’ਤੇ ਨਸ਼ਿਆਂ ਅਤੇ ਬੁਨਿਆਦੀ ਢਾਂਚੇ ਦੇ ਮੁੱਦੇ ਨੂੰ ਲੈ ਕੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਗਾਇਆ ਕਿ ਮੋਹਾਲੀ ਹਲਕੇ ਵਿੱਚ ਬੁਨਿਆਦੀ ਢਾਂਚੇ ਦੀ ਹਾਲਤ ਖਰਾਬ ਹੋ ਰਹੀ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਵੱਲ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ।
ਉਨ੍ਹਾਂ ਵਿਧਾਇਕ ਤੋਂ ਮੰਗ ਕੀਤੀ ਕਿ ਉਹ ਇਸ ਸੜਕ ਦੀ ਹਾਲਤ ਦਾ ਤੁਰੰਤ ਨੋਟਿਸ ਲੈ ਕੇ ਕੰਮ ਸ਼ੁਰੂ ਕਰਵਾਉਣ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ।
ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਗੋਬਿੰਦਗੜ੍ਹ ਤੋਂ ਢੇਲਪੁਰ ਨੂੰ ਜਾਣ ਵਾਲੀ ਇਸ ਸੜਕ ਦੇ ਅੰਤ ਵਿੱਚ ਗੁਰਦੁਆਰਾ ਸਿੰਘ ਸ਼ਹੀਦਾਂ ਸਥਿਤ ਹੈ। ਉਨ੍ਹਾਂ ਮੁਤਾਬਕ ਹਰ ਦਸਵੀਂ ਦੇ ਮੌਕੇ ਇੱਥੇ ਵੱਡੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ। ਪਿੰਡ ਦੇ ਬਜ਼ੁਰਗਾਂ, ਮਹਿਲਾਵਾਂ ਅਤੇ ਹੋਰ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਤੱਕ ਪਹੁੰਚਣ ਵਿੱਚ ਭਾਰੀ ਦਿੱਕਤ ਆਉਂਦੀ ਹੈ।
ਪਿੰਡ ਵਾਸੀਆਂ ਨੇ ਦਾਅਵਾ ਕੀਤਾ ਕਿ ਸੜਕ ’ਤੇ ਉੱਭਰੇ ਤਿੱਖੇ ਪੱਥਰਾਂ ਕਾਰਨ ਕਈ ਲੋਕ ਡਿੱਗ ਕੇ ਜ਼ਖ਼ਮੀ ਹੋ ਚੁੱਕੇ ਹਨ ਅਤੇ ਕੁਝ ਮਾਮਲਿਆਂ ਵਿੱਚ ਹੱਡੀਆਂ ਟੁੱਟਣ ਤੱਕ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਸੜਕ ਨੂੰ ਬਿਨਾਂ ਹੋਰ ਦੇਰੀ ਦੇ ਪੂਰੀ ਤਰ੍ਹਾਂ ਬਣਾਇਆ ਜਾਵੇ।
ਨੀਂਹ ਪੱਥਰ ਵੱਲ ਇਸ਼ਾਰਾ ਕਰਦਿਆਂ ਜੀਤੀ ਸਿੱਧੂ ਨੇ ਕਿਹਾ ਕਿ ਸਿਰਫ਼ ਨੀਂਹ ਪੱਥਰ ਰੱਖਣ ਨਾਲ ਵਿਕਾਸ ਨਹੀਂ ਹੁੰਦਾ, ਸਗੋਂ ਜ਼ਮੀਨ ’ਤੇ ਕੰਮ ਵੀ ਦਿਖਾਈ ਦੇਣਾ ਚਾਹੀਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਕਈ ਲਿੰਕ ਸੜਕਾਂ ’ਤੇ ਵੀ ਮੁਰੰਮਤ ਦੇ ਨਾਂ ’ਤੇ ਪੱਥਰ ਪਾਏ ਗਏ ਹਨ, ਪਰ ਕੰਮ ਅਧੂਰਾ ਛੱਡ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਉਹ ਲਗਾਤਾਰ ਆਵਾਜ਼ ਉਠਾਉਂਦੇ ਰਹਿਣਗੇ ਅਤੇ ਸੜਕ ਸਮੇਤ ਹੋਰ ਬੁਨਿਆਦੀ ਸਹੂਲਤਾਂ ਦੇ ਕੰਮ ਕਰਵਾਉਣ ਲਈ ਯਤਨ ਕੀਤੇ ਜਾਣਗੇ।




