ਸ਼ਾਟਪੁੱਟ ’ਚ ਜੋਆਏ ਬੈਦਵਾਣ ਦਾ ਗੋਲਡਨ ਦਾਅ, Brazil World School Games ਲਈ ਭਾਰਤੀ ਟੀਮ ’ਚ ਥਾਂ ਪੱਕੀ
ਜੂਨੀਅਰ ਨੈਸ਼ਨਲ ਗੇਮਜ਼ ’ਚ ਸੋਨ ਤਮਗਾ ਜਿੱਤਿਆ; ਕੌਮਾਂਤਰੀ ਪੱਧਰ ’ਤੇ ਵੀ ਭਾਰਤ ਦਾ ਨਾਂ ਚਮਕਾ ਚੁੱਕੀ ਹੈ ਪੁਆਧ ਦੀ ਧੀ
Mohali : Punjab ਦੀ ਉੱਭਰਦੀ Shot Put Athlete ਜੋਆਏ ਬੈਦਵਾਣ ਨੇ ਜੂਨੀਅਰ ਨੈਸ਼ਨਲ ਗੇਮਜ਼ ਅੰਡਰ-18 ਵਿੱਚ ਸੋਨ ਤਮਗਾ ਜਿੱਤ ਕੇ ਆਪਣੀ ਜੇਤੂ ਲੈਅ ਬਰਕਰਾਰ ਰੱਖੀ ਹੈ। ਮਦਰਾਸ ਵਿੱਚ ਹੋਏ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਜੋਆਏ ਨੇ ਇਸ ਤੋਂ ਪਹਿਲਾਂ ਨੈਸ਼ਨਲ ਸਕੂਲ ਗੇਮਜ਼ ਵਿੱਚ ਬਿਹਤਰੀਨ ਪ੍ਰਦਰਸ਼ਨ ਦੇ ਆਧਾਰ ’ਤੇ 3 ਦਸੰਬਰ ਤੋਂ ਬ੍ਰਾਜ਼ੀਲ ਵਿੱਚ ਹੋਣ ਵਾਲੀਆਂ World School Games ਲਈ ਭਾਰਤੀ ਟੀਮ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ਸੀ।
Joye Baidwan ਜੋਆਏ ਦੀ ਇਸ ਪ੍ਰਾਪਤੀ ਨਾਲ ਪੰਜਾਬ ਅਤੇ ਪੁਆਧ ਇਲਾਕੇ ਦਾ ਮਾਣ ਵਧਿਆ ਹੈ। ਉਹ ਇਸ ਤੋਂ ਪਹਿਲਾਂ ਵੀ ਕਈ ਕੌਮੀ ਮੁਕਾਬਲਿਆਂ ਵਿੱਚ ਸੋਨ ਤਮਗੇ ਜਿੱਤ ਕੇ ਆਪਣੀ ਕਾਬਲੀਅਤ ਸਾਬਤ ਕਰ ਚੁੱਕੀ ਹੈ। ਐੱਸਜੀਐੱਫਆਈ ਦੀਆਂ ਅੰਤਰਰਾਸ਼ਟਰੀ ਸਕੂਲ ਖੇਡਾਂ ਵਿੱਚ ਗੋਆ ਵਿਖੇ ਅੰਡਰ-17 ਵਰਗ ਵਿੱਚ ਵੀ ਉਸ ਨੇ ਸੋਨ ਤਮਗਾ ਜਿੱਤਿਆ ਸੀ।
ਜੋਆਏ ਦੀਆਂ ਪ੍ਰਾਪਤੀਆਂ ਦਾ ਸਿਲਸਿਲਾ 2023 ਵਿੱਚ ਅੰਡਰ-14 ਵਰਗ ਦੇ ਸ਼ਾਟਪੁੱਟ ਮੁਕਾਬਲੇ ਵਿੱਚ ਰਿਕਾਰਡ ਪ੍ਰਦਰਸ਼ਨ ਨਾਲ ਸੋਨ ਤਮਗਾ ਜਿੱਤਣ ਤੋਂ ਸ਼ੁਰੂ ਹੋਇਆ। ਇਸ ਤੋਂ ਬਾਅਦ 2024 ਵਿੱਚ ਅੰਡਰ-17 ਵਰਗ ਵਿੱਚ ਅਤੇ 2025 ਦੀਆਂ ਯੂਥ ਗੇਮਜ਼ ਵਿੱਚ ਵੀ ਉਸ ਨੇ ਸੋਨ ਤਮਗੇ ਜਿੱਤ ਕੇ ਆਪਣੀ ਜੇਤੂ ਲੈਅ ਕਾਇਮ ਰੱਖੀ। ਉਹ ਬਹਿਰੀਨ ਅਤੇ ਸਾਊਦੀ ਅਰਬ ਵਿੱਚ ਹੋਏ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਭਾਰਤ ਦਾ ਨਾਂ ਰੌਸ਼ਨ ਕਰ ਚੁੱਕੀ ਹੈ।
ਖੇਡਾਂ ਦੇ ਨਾਲ-ਨਾਲ ਜੋਆਏ ਆਪਣੀ ਪੜ੍ਹਾਈ ਵੀ ਜਾਰੀ ਰੱਖ ਰਹੀ ਹੈ। ਉਹ ਡੀਏਵੀ ਲਾਹੌਰ, ਸੈਕਟਰ-8 ਵਿੱਚ ਪੜ੍ਹਦੀ ਹੈ। ਉਸ ਦੇ ਪਿਤਾ ਸਰਦਾਰ ਪਰਮਦੀਪ ਸਿੰਘ ਬੈਦਵਾਣ ਸਮਾਜ ਸੇਵੀ ਹੋਣ ਦੇ ਨਾਲ ਕਿਸਾਨ ਜਥੇਬੰਦੀ ਨਾਲ ਵੀ ਜੁੜੇ ਹੋਏ ਹਨ। ਕਿਸਾਨ ਅੰਦੋਲਨ ਦੌਰਾਨ ਜੋਆਏ ਨੇ ਵੀ ਆਪਣੇ ਪਿਤਾ ਨਾਲ ਸ਼ੁਰੂ ਤੋਂ ਅੰਤ ਤੱਕ ਸਰਗਰਮ ਭੂਮਿਕਾ ਨਿਭਾਈ ਸੀ।
ਆਪਣੀ ਸਫਲਤਾ ਦਾ ਸਿਹਰਾ ਆਪਣੇ ਪਿਤਾ ਅਤੇ ਕੋਚਾਂ ਨੂੰ ਦਿੰਦਿਆਂ ਜੋਆਏ ਨੇ ਕਿਹਾ ਕਿ ਉਸ ਦੀ ਮਿਹਨਤ ਅਤੇ ਪ੍ਰਾਪਤੀਆਂ ਪਿੱਛੇ ਉਨ੍ਹਾਂ ਦਾ ਸਭ ਤੋਂ ਵੱਡਾ ਯੋਗਦਾਨ ਹੈ। ਉਸ ਨੇ ਕਿਹਾ ਕਿ ਉਸ ਦੇ ਪਿਤਾ ਅਤੇ ਕੋਚ ਹਰ ਪੜਾਅ ’ਤੇ ਉਸ ਦੇ ਨਾਲ ਖੜ੍ਹੇ ਰਹਿੰਦੇ ਹਨ ਅਤੇ ਅੱਗੇ ਵਧਣ ਲਈ ਹੌਸਲਾ ਦਿੰਦੇ ਹਨ। ਹੁਣ ਉਸ ਦਾ ਟੀਚਾ ਬ੍ਰਾਜ਼ੀਲ ਵਿੱਚ ਹੋਣ ਵਾਲੀਆਂ ਵਿਸ਼ਵ ਸਕੂਲ ਖੇਡਾਂ ਵਿੱਚ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕਰਨਾ ਹੈ।

Also read : Mohali’s Foot Overbridges Become Useless Structures? Alleged to Have Become a Hub for Drug Users and Beggars
Joye Baidwan, Shot Put Athlete, World School Games Brazil, Junior National Games, Punjab Athlete, Gold Medal Winner




