ਚੰਡੀਗੜ੍ਹ:
ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਹੋ ਰਹੇ ਦੋ ਦਿਨਾ ‘ਵਿਸ਼ਵ ਰੰਗਮੰਚ ਦਿਵਸ ਫੈਸਟੀਵਲ’ ਦੇ ਪਹਿਲੇ ਦਿਨ ਅਨੀਤਾ ਸ਼ਬਦੀਸ਼ ਵੱਲੋਂ ‘ਗੁੰਮਸ਼ੁਦਾ ਔਰਤ’ ਨਾਟਕ ਕੀਤਾ, ਜਿਸਦੀ ਸਕ੍ਰਿਪਟ ਸ਼ਬਦੀਸ਼ ਨੇ ਤਿਆਰ ਕੀਤੀ ਹੈ।
ਇਹ ਸੋਲੋ ਨਾਟਕ ਸਮਾਜੀ ਜੀਵਨ ’ਚ ਗੁੰਮਸ਼ੁਦਾ ਜੂਨ ਹੰਢਾ ਰਹੇ ਲੋਕਾਂ ਦੀ ਗਾਥਾ ਹੈ, ਜਿਸਨੂੰ ਇੱਕ ਘਰੇਲੂ ਨੌਕਰਾਣੀ ਦੇ ਨਜ਼ਰੀਏ ਤੋਂ ਦਰਸਾਇਆ ਗਿਆ ਹੈ। ਇਹ ਨੌਕਰਾਣੀ ਇੱਕ ਕਹਾਣੀਕਾਰਾ ਤੇ ਇੱਕ ਸੁਚੇਤ ਪੱਤਰਕਾਰ ਦਾ ਹਾਲ ਬਿਆਨ ਕਰਦੀ ਹੈ। ਉਸਨੇ ਡਾਇਰੀ ਲਿਖਣ ਦਾ ਵੱਲ ਵੀ ਉਨ੍ਹਾਂ ਕੋਲੋਂ ਹੀ ਸਿਖਿਆ ਹੈ।
ਉਸ ਪੜ੍ਹੀ-ਲਿਖੀ ਔਰਤ ਨੇ ਨੌਕਰਾਣੀ ਮੱਤ ਦਿੱਤੀ ਸੀ ਕਿ ਉਹ ਹਰ ਰੋਜ਼ ਪੂਰੇ ਦਿਨ ਦਾ ਹਾਲ-ਹਵਾਲ ਲਿਖਿਆ ਕਰੇ, ਪਰ ਉਹ ਲਿਖਦੀ-ਲਿਖਦੀ ਦਿਲ ਦਾ ਹਾਲ ਵੀ ਲਿਖਣ ਲੱਗ ਪੈਂਦੀ ਹੈ। ਇਹ ਉਸ ਜੀਅ ਦਾ ਜੰਜਾਲ ਬਣ ਜਾਂਦਾ ਹੈ, ਜਦੋਂ ਡਾਇਰੀ ਗਵਾਚ ਜਾਂਦੀ ਹੈ। ਉਸ ਡਾਇਰੀ ਵਿੱਚ ਮਾਲਕਾਂ ਦਾ ਹੀ ਨਹੀਂ, ਆਲੇ-ਦੁਆਲੇ ਦਾ ਸੱਚ ਦਰਜ ਹੈ। ਨਾਟਕ ਦੀ ਕਹਾਣੀ ਉਸ ਗਵਾਚੀ ਸੱਚ ਦੁਆਲੇ ਹੀ ਘੁੰਮਦੀ ਹੈ, ਜਿਸ ਵਿੱਚ ਉਸਨੇ ਸੂਝਵਾਨ ਸਮਾਜ ਦਾ ਅੰਦਰਲਾ ਖੋਲ ਵਿਖਾ ਦਿੱਤਾ ਹੈ। ਉਹਦੇ ਮਾਲਕ ਪਤੀ-ਪਤਨੀ ਹਨ ਜਾਂ ਨਹੀਂ, ਇਹ ਰਹੱਸ ਅੰਤ ਤੱਕ ਕਾਇਮ ਰਹਿੰਦਾ ਹੈ।
ਇਸ ਨਾਟਕ ਦੀ ਕਹਾਣੀ ਓਦੋਂ ਮੋੜ ਲੈਂਦੀ ਹੈ, ਜਦੋਂ ਸ਼ਹਿਰ ’ਚ ਵੱਸਦੀ ਬਜ਼ੁਰਗ ਔਰਤ ਦਾ ਕਤਲ ਹੋ ਜਾਂਦਾ ਹੈ ਤੇ ਪੁਲਿਸ ਉਸਦੀ ਘਰੇਲੂ ਨੌਕਰਾਣੀ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਡਾਇਰੀ ਲਿਖਣ ਵਾਲੀ ਉਸ ਨੌਕਰਾਣੀ ਦੀ ਗ੍ਰਿਫ਼ਤਾਰੀ ਕਾਰਨ ਪਰੇਸ਼ਾਨ ਹੈ ਤੇ ਉਸਨੂੰ ਲੱਗਦਾ ਹੈ; ਉਸਦੇ ਮਾਲਕ ਵੀ ਪਰੇਸ਼ਾਨ ਹੋਣਗੇ, ਪਰ ਉਸਦੀ ਮਾਲਕਣ ਨੂੰ ਘਰੇਲੂ ਨੌਕਰਾਣੀ ’ਤੇ ਹੀ ਸ਼ੱਕ ਹੈ। ਉਸਦਾ ਮਾਲਕ ਚੁੱਪ-ਚਾਪ ਸੁਣਦਾ ਹੈ। ਇਹ ਚੁੱਪ ਹੀ ਘਰੇਲੂ ਨੌਕਰਾਣੀ ਦੇ ਅੰਦਰ ਵਿਦਰੋਹ ਪੈਦਾ ਕਰਦੀ ਹੈ ਅਤੇ ਉਹ ਕੰਮ ਛੱਡ ਕੇ ਝੁੱਗੀ ਵਿੱਚ ਵਾਪਸ ਆ ਜਾਂਦੀ ਹੈ, ਜਿੱਥੇ ਬਾਪ ਦਵਾਈ ਖੁਣੋਂ ਮਰ ਚੁੱਕਾ ਹੈ; ਭਰਾ ਨਸ਼ੇੜੀ ਹੈ ਤੇ ਭੈਣ ਪਤੀ ਦੀ ਕੁੱਟ-ਮਾਰ ਸਹਿ ਕੇ ਵੀ ਦਿਨਕਟੀ ਕਰ ਰਹੀ ਹੈ। ਉਹਦੀ ਇਮਾਨਦਾਰੀ ਤੇ ਸੂਝ ਦਾ ਸਫ਼ਰ ਮਾਂ ਨੂੰ ਪਹਿਲੇ ਦਿਨੋਂ ਪਸੰਦ ਨਹੀਂ ਹੈ।
ਉਸਨੂੰ ਲੱਗਦਾ ਹੈ ਕਿ ਕਿਤਾਬਾਂ ਗਰੀਬਾਂ ਅੰਦਰ ਗੁੱਸਾ ਪੈਦਾ ਕਰਦੀਆਂ ਹਨ, ਜੋ ਸਹੀ ਨਹੀਂ ਹੈ। ਇਸਮਤ ਚੁਗਤਾਈ ਦਾ ਜੀਵਨ ਪੜ੍ਹ ਚੁੱਕੀ ਨੌਕਰਾਣੀ ਇਹਦੇ ਐਨ ਉਲਟ ਸੋਚਦੀ ਹੈ। ਉਸਨੂੰ ਲੱਗਦਾ ਹੈ, ਗੁੱਸਾ ਤਾਂ ਆਉਣਾ ਹੀ ਗਰੀਬਾਂ ਨੂੰ ਚਾਹੀਦਾ ਹੈ। ਉਹ ਬੇਸ਼ਕ ਮਾਲਕਾਂ ਦਾ ਕੰਮ ਛੱਡ ਚੁੱਕੀ ਹੈ, ਪਰ ਉਨ੍ਹਾਂ ਦੀ ਦਿੱਤੀ ਇਸ ਮੱਤ ਦੀ ਕਾਇਲ ਹੈ ਕਿ ਤੁਰੇ ਹੋਏ ਕਦਮ ਪਿਛਾਂਹ ਨਹੀਂ ਜਾ ਸਕਦੇ। ਇਹ ਸਬਕ ਉਸਨੇ ਇਸਮਤ ਚੁਗਤਾਈ ਕੋਲੋਂ ਵੀ ਸਿਖਿਆ ਹੈ।
ਇਹ ਨਾਟਕ ਗਿਆਨਵਾਨ ਲੋਕਾਂ ਦੇ ਗਿਆਨ-ਵਿਹੂਣੇ ਹੋਣ ’ਤੇ ਕਟਾਖਸ਼ ਕਰਦਾ ਹੈ ਅਤੇ ਕਿਤਾਬਾਂ ਤੋਂ ਸਿੱਖੇ ਗਿਆਨ ’ਤੇ ਅਮਲ ਕਰਨ ਦਾ ਸੱਦਾ ਦਿੰਦਾ ਹੈ। ਅਨੀਤਾ ਸ਼ਬਦੀਸ਼ ਨੇ ਸੋਲੋ ਨਾਟਕ ਵਿੱਚ ਨੌਕਰਾਣੀ ਤੇ ਇਸਮਤ ਚੁਗਤਾਈ ਤੋਂ ਇਲਾਵਾ ਹੋਰ ਕਿਰਦਾਰਾਂ ਨੂੰ ਮੰਚ ’ਤੇ ਸਾਕਾਰ ਕੀਤਾ।
ਸ਼ਬਦੀਸ਼ ਨੇ ਇਸ ਸੋਲੋ ਨਾਟਕ ਲਈ ਇਸਮਤ ਚੁਗਤਾਈ ਦੀ ਸਵੈ-ਜੀਵਨੀ ਦੇ ਕਾਂਡ ਦਾ ਸੰਪਾਦਤ ਰੂਪ ਪੇਸ਼ ਕੀਤਾ ਹੈ ਤੇ ਹਿੰਦੀ ਲੇਖਕ ਕ੍ਰਿਸ਼ਨ ਬਲਦੇਵ ਵੈਦ ਦੀਆਂ ਰਚਨਾਵਾਂ ਵੀ ਇਸਤੇਮਾਲ ਵੀ ਕੀਤੀਆਂ ਹਨ। ਇਸ ਨਾਟਕ ਦਾ ਸੈੱਟ ਲੱਖਾ ਲਹਿਰੀ ਨੇ ਡਿਜ਼ਾਇਨ ਕੀਤਾ ਹੈ।
ਸ਼ਬਦੀਸ਼