ਕੀਤੇ ਵਾਅਦੇ ਮੁਤਾਬਕ 22 ਫਸਲਾਂ ’ਤੇ ਐਮ ਐਸ ਪੀ ਦੇਣ ਭਗਵੰਤ ਮਾਨ
ਮਲੋਟ-ਦਿੱਲੀ ਰਾਜਮਾਰਗ ’ਤੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਵੱਲੋਂ ਲਾਏ ਧਰਨੇ ਵਿਚ ਕੀਤੀ ਸ਼ਮੂਲੀਅਤ
ਲੰਬੀ/ਮੁਕਤਸਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਵਿਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਦਿੱਲੀ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ 750 ਕਿਸਾਨਾਂ ਦੇ ਪਰਿਵਾਰਾਂ ਦੀ ਸਹਾਇਤਾ ਤਾਂ ਕੀ ਕਰਨੀ ਸੀ ਸਗੋਂ ਤੇਲੰਗਾਨਾ ਸਰਕਾਰ ਵੱਲੋਂ ਭੇਜੀ ਤਿੰਨ-ਤਿੰਨ ਲੱਖ ਰੁਪਏ ਰੁਪਏ ਦੀ ਸਹਾਇਤਾ ਰਾਸ਼ੀ ਵੀ ਡਕਾਰ ਲਈ ਹੈ।
ਅੱਜ ਇਥੇ
ਦਿੱਲੀ ਕਿਸਾਨ ਅੰਦੋਲਨ ਦੇ ਸ਼ਹੀਦ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਵੱਲੋਂ 1 ਮਹੀਨਾ ਲਗਾਤਾਰ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਘਰ ਦੇ ਮੂਹਰੇ ਬੈਠਣ ਤੋਂ ਬਾਅਦ ਆਪਣੀਆਂ ਜਾਇਜ਼ ਮੰਗਾਂ (ਨੌਕਰੀ ਅਤੇ ਮੁਆਵਜ਼ਾ) ਦੀ ਖ਼ਾਤਿਰ ਹੁਣ ਪਿਛਲੇ 15 ਦਿਨਾਂ ਤੋਂ ਲੰਬੀ ਵਿਖੇ ਮਲੋਟ – ਦਿੱਲੀ ਰਾਜਮਾਰਗ ‘ਤੇ ਦਿੱਤੇ ਜਾ ਰਹੇ ਸ਼ਾਂਤਮਈ ਧਰਨੇ ਵਿਚ ਸ਼ਮੂਲੀਅਤ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਪਣੇ ਆਪ ਨੂੰ “ਕਿਸਾਨਾਂ ਦੀ ਹਿਤੈਸ਼ੀ” ਪ੍ਰਚਾਰਨ ਵਾਲੀ ਸੂਬਾ ਸਰਕਾਰ ਦੇ ਕੰਨ ‘ਤੇ ਅਜੇ ਤੱਕ ਜੂੰ ਨਹੀਂ ਸਰਕੀ।
ਉਹਨਾਂ ਦੱਸਿਆ ਕਿ ਉਹਨਾਂ ਨੇ ਅੱਜ ਧਰਨੇ ਵਿੱਚ ਪੁੱਜ ਕੇ ਕਿਸਾਨ ਵੀਰਾਂ ਦੀ ਗੱਲਬਾਤ ਸੁਣੀ, ਜਿਹਨਾਂ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਵੱਲੋਂ ਨੌਕਰੀ ਜਾਂ ਮੁਆਵਜ਼ਾ ਤਾਂ ਕੀ ਦੇਣਾ ਸੀ, ਸਗੋਂ ਤੇਲੰਗਾਨਾ ਸਰਕਾਰ ਵੱਲੋਂ 750 ਸ਼ਹੀਦ ਕਿਸਾਨ ਪਰਿਵਾਰਾਂ ਲਈ ਭੇਜੀ ਗਈ 3-3 ਲੱਖ ਰੁਪਏ ਦੀ ਰਾਹਤ ਰਾਸ਼ੀ ਵੀ ਅੱਧੇ ਤੋਂ ਵੱਧ ਪੀੜ੍ਹਤ ਪਰਿਵਾਰਾਂ ਤੱਕ ਨਹੀਂ ਪਹੁੰਚਾਈ।
ਉਹਨਾਂ ਕਿਹਾ ਕਿ ਝੂਠਾਂ ਦੇ ਸਹਾਰੇ ਸੱਤਾ ‘ਤੇ ਕਾਬਜ਼ ਹੋਏ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੂੰ ਮੈਂ ਅਪੀਲ ਕਰਦਾ ਹਾਂ ਕਿ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨਾਲ ਖੇਡੀ ਜਾ ਰਹੀ ਤੁਹਾਡੀ ਦੋਹਰੀ ਚਾਲ ਬੁਰੀ ਤਰ੍ਹਾਂ ਬੇਪਰਦ ਹੋ ਚੁੱਕੀ ਹੈ, ਇਸ ਲਈ ਕਿਰਪਾ ਕਰਕੇ ਇਨ੍ਹਾਂ ਦੇ ਜਖ਼ਮਾਂ “ਤੇ ਲੂਣ ਛਿੜਕਣ ਦੀ ਥਾਂ ਇਨ੍ਹਾਂ ਨਾਲ ਕੀਤੇ ਵਾਅਦੇ ਪੂਰੇ ਕਰਨ।
ਅਕਾਲੀ ਦਲ ਦੇ ਪ੍ਰਧਾਨ ਨੇ ਹਰਿਆਣਾ ਦੇ ਬਾਰਡਰ ‘ਤੇ ਚਲ ਰਹੇ ਮੌਜੂਦਾ ਕਿਸਾਨੀ ਸੰਘਰਸ਼ ਨੂੰ ਲੈ ਕੇ ਕਿਹਾ ਕਿ ਉਹ ਕੇਂਦਰ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੇ ਕੀਤੇ ਵਾਅਦੇ ਪੂਰੇ ਕਰੇ ਤੇ ਕਿਸਾਨਾਂ ਦੀ ਸੁਣਵਾਈ ਕਰੇ।
ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ 21 ਸਾਲਾ ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਖਨੌਰੀ ਬਾਰਡਰ ’ਤੇ ਮੌਤ ਹੋ ਗਈ ਹੈ ਅਤੇ ਦਰਜਨਾਂ ਹੋਰ ਕਿਸਾਨਾਂ ਤਸ਼ੱਦਦ ਦਾ ਸ਼ਿਕਾਰ ਹੋਏ ਹਨ ਜਿਸ ਲਈ ਭਗਵੰਤ ਮਾਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ।
ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਆਪਣੇ ਕੀਤੇ ਵਾਅਦੇ ਮੁਤਾਬਕ 22 ਫ਼ਸਲਾਂ ‘ਤੇ ਐਮ ਐਸ ਪੀ ਲਾਗੂ ਕਰਨ ਦੀ ਦਿੱਤੀ ਗਾਰੰਟੀ ਨੂੰ ਪੂਰਾ ਕਰਨ ਲਈ ਆਉਂਦੇ ਵਿਧਾਨ ਸਭਾ ਸੈਸ਼ਨ ਵਿੱਚ ਬਿੱਲ ਲੈ ਕੇ ਆਉਣਾ ਚਾਹੀਦਾ ਹੈ।