ਕੈਬਨਿਟ ਮੰਤਰੀ ਨੇ ਵਾਰਡ ਨੰਬਰ 16 ਵਿਚ ਸੁਣੀਆਂ ਲੋਕਾਂ ਦੀਆਂ ਮੁਸ਼ਕਲਾਂ; ਮੌਕੇ ਉੱਤੇ ਕਰਵਾਈਆਂ ਹੱਲ
ਖਰੜ/ ਐੱਸ.ਏ.ਐੱਸ. ਨਗਰ :
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਤੇ ਸੂਬੇ ਦੇ ਵਿਕਾਸ ਲਈ ਦਿਨ ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ। ਇਸੇ ਲੜੀ ਤਹਿਤ ਖਰੜ ਦੇ ਵਾਰਡ 16 ਦੇ ਲੋਕਾਂ ਦੀਆਂ ਮੁਸ਼ਕਲਾਂ ਤੇ ਵਾਰਡ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।
ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਵਾਰਡ ਨੰਬਰ 16, ਖਰੜ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਲਈ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਵੱਡੀ ਗਿਣਤੀ ਮੁਸ਼ਕਲਾਂ ਮੌਕੇ ਉੱਤੇ ਹੀ ਹੱਲ ਕਰਵਾਈਆਂ ਤੇ ਬਾਕੀ ਸਬੰਧੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਵਾਰਡ ਨੰਬਰ 16 ਦੀ ਸੀਵਰੇਜ ਸਬੰਧੀ ਦਿੱਕਤ ਪਹਿਲ ਦੇ ਅਧਾਰ ਉੱਤੇ ਹੱਲ ਕੀਤੀ ਜਾ ਰਹੀ ਹੈ। ਇਸ ਵਾਰਡ ਦੇ ਵਸਨੀਕਾਂ ਵੱਲੋਂ ਜਿਮ ਦੀ ਮੰਗ ਵੀ ਕੁਝ ਹੀ ਦਿਨਾਂ ਵਿੱਚ ਪੂਰੀ ਹੋ ਜਾਵੇਗੀ। ਵਾਰਡ ਵਿਚ ਕਰੋੜਾਂ ਰੁਪਏ ਦੇ ਕੰਮ ਜਾਰੀ ਹਨ। ਉਹਨਾਂ ਦੱਸਿਆ ਕਿ
ਖਰੜ ਸ਼ਹਿਰ ਸਬੰਧੀ 42 ਕਰੋੜ ਰੁਪਏ ਦੀ ਲਾਗਤ ਵਾਲੇ ਵੱਖੋ ਵੱਖ ਵਿਕਾਸ ਪ੍ਰੋਜੈਕਟ ਪਾਸ ਹੋਏ ਹਨ। ਪਾਰਕਾਂ ਦੀ ਵਿਸ਼ੇਸ਼ ਸਫ਼ਾਈ ਹੋ ਚੁੱਕੀ ਹੈ ਤੇ ਮਾਲੀ ਪੱਕੇ ਤੌਰ ਉੱਤੇ ਲਾਏ ਗਏ ਹਨ। ਸ਼ਹਿਰ ਵਿਚ 06 ਥਾਵਾਂ ਉੱਤੇ ਟ੍ਰੈਫਿਕ ਲਾਈਟਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਖਰੜ ਤੇ ਮੁੱਲਾਂਪੁਰ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਸਕੂਲ ਆਫ ਐਮੀਨੈਂਸ ਬਣਾਏ ਜਾ ਰਹੇ ਹਨ।
13 ਆਮ ਆਦਮੀ ਕਲੀਨਿਕ ਖੋਲ੍ਹੇ ਜਾ ਚੁੱਕੇ ਹਨ। 09 ਕਰੋੜ ਰੁਪਏ ਦੀ ਲਾਗਤ ਨਾਲ ਜ਼ੱਚਾ ਬੱਚਾ ਵਾਰਡ ਖੁੱਲ੍ਹ ਚੁੱਕਿਆ ਹੈ। ਸੜਕਾਂ ਦੀ ਕਾਇਆ ਕਲਪ ਕੀਤੀ ਗਈ ਹੈ। ਗਿਲਕੋ ਵੈਲੀ ਤੇ ਸਨੀ ਐਨਕਲੇਵ ਲਈ ਨਵੇਂ ਵੱਖੋ ਵੱਖ ਗ੍ਰਿਡ ਲੱਗ ਰਹੇ ਹਨ। ਸ਼ਹਿਰ ਵਿਚ 75 ਨਵੇਂ ਟਰਾਂਸਫਾਰਮਰ ਲਾਏ ਗਏ ਹਨ।
ਅਨਮੋਲ ਗਗਨ ਮਾਨ ਨੇ ਦੱਸਿਆ ਕਿ 10 ਕਰੋੜ ਦੀ ਲਾਗਤ ਨਾਲ ‘ਮਹਾਰਾਜਾ ਅੱਜ ਸਰੋਵਰ’ ਤਿਆਰ ਕੀਤਾ ਜਾ ਰਿਹਾ ਹੈ। ਕਜੌਲੀ ਤੋਂ ਪਾਣੀ ਲੈ ਕੇ ਆਉਣ ਲਈ ਪ੍ਰੋਜੈਕਟ ਪਾਸ ਹੋ ਚੁੱਕਿਆ ਹੈ ਤੇ ਸ਼ਹਿਰ ਵਿੱਚ 20 ਟਿਊਬਵੈੱਲ ਲੱਗ ਚੁੱਕੇ ਹਨ। ਕਮਿਊਨਿਟੀ ਸੈਂਟਰ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ। 02 ਕਰੋੜ ਦੀ ਲਾਗਤ ਨਾਲ ਚੰਦੋ ਵਿਖੇ ਸਟੇਡੀਅਮ ਤਿਆਰ ਕੀਤਾ ਗਿਆ ਹੈ। 10 ਲੱਖ ਤੋਂ ਵੱਧ ਬੂਟੇ ਲਾਏ ਗਏ ਹਨ ਤੇ ਬਗ਼ੀਚਿਆਂ ਬਣਾਈਆਂ ਜਾ ਰਹੀਆਂ ਹਨ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸ਼ਹਿਰ ਵਾਸਤੇ ਵੱਖਰਾ ਟਾਊਨ ਪਲਾਨਰ ਲਿਆਂਦਾ ਜਾ ਰਿਹਾ ਹੈ ਤੇ
ਕੂੜੇ ਦੇ ਪ੍ਰਬੰਧਾਂ ਲਈ ਕਨਸਲਟੈਂਟ ਹਾਇਰ ਕੀਤਾ ਜਾ ਰਿਹਾ ਹੈ। ਖਾਣੇ ਸਬੰਧੀ ਇਕ ਵਿਸ਼ੇਸ਼ ਮਾਰਕੀਟ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ, ਜੋ ਕਿ ਦੂਰੋਂ ਦੂਰੋਂ ਲੋਕਾਂ ਨੂੰ ਆਪਣੇ ਵੱਲ ਖਿੱਚੇਗੀ। ਚੌਕਾਂ ਵਿਚ ਫੋਆਰੇ ਤੇ ਸ਼ਹਿਰ ਦੇ ਸੁੰਦਰੀਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਵੱਡੇ ਪੱਧਰ ਉੱਤੇ ਸਟਰੀਟ ਲਾਈਟਾਂ ਲੱਗ ਗਈਆਂ ਹਨ ਤੇ ਬਾਕੀ ਸਬੰਧੀ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ। ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਅਗਲੇ ਸਾਲ ਦੇ ਸ਼ਹਿਰ ਦੇ ਵਿਕਾਸ ਲਈ ਐਸਟੀਮੇਟ ਤਿਆਰ ਕਰਨ ਵੇਲੇ ਲੋਕਾਂ ਨੂੰ ਘਰ ਘਰ ਫਾਰਮ ਪੁਜਦੇ ਕੀਤੇ ਜਾਣਗੇ ਤੇ ਲੋਕਾਂ ਦੀ ਸਲਾਹ ਲਈ ਜਾਵੇਗੀ।
ਖਰੜ ਬੱਸ ਸਟੈਂਡ ਪ੍ਰੋਜੈਕਟ ਨੂੰ ਲੈ ਕੇ ਦਿਨ ਰਾਤ ਇਕ ਕਰ ਕੇ ਕੰਮ ਕੀਤਾ ਜਾ ਰਿਹਾ ਹੈ। ਸੀਵਰੇਜ ਟਰੀਟਮੈਂਟ ਪਲਾਂਟ ਲਾਇਆ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਦੱਸਿਆ ਕਿ ਵੱਖੋ ਵੱਖ ਕਾਰਜਾਂ ਲਈ ਕੌਂਸਲ ਵਲੋਂ ਆਪਣੀਆਂ ਮਸ਼ੀਨਾਂ ਖਰੀਦੀਆਂ ਜਾਣਗੀਆਂ।
ਇਸ ਮੌਕੇ ਐੱਸ.ਡੀ.ਐਮ. ਰਵਿੰਦਰ ਸਿੰਘ ਨੇ ਕਿਹਾ ਕਿ ਹਰ ਪ੍ਰਸ਼ਾਸਨਿਕ ਅਧਿਕਾਰੀ ਨੂੰ ਪੂਰੀ ਸ਼ਿੱਦਤ ਨਾਲ ਕੰਮ ਕਰਨ ਲਈ ਹਦਾਇਤ ਕੀਤੀ ਹੋਈ ਹੈ। ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਮੌਕੇ ਅਮਨਦੀਪ ਸਿੰਘ, ਪਿਆਰਾ ਸਿੰਘ, ਹਾਕਮ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਤੇ ਵੱਡੀ ਗਿਣਤੀ ਲੋਕ ਹਾਜ਼ਰ ਸਨ।