ਚੰਡੀਗੜ੍ਹ : ਪੰਜ ਦਿਨਾ ‘ਗੁਰਸ਼ਰਨ ਸਿੰਘ ਨਾਟ ਉਤਸਵ’ ਦੇ ਅੰਤਿਮ ਦਿਨ ਆਯੋਜਿਕ ਟੀਮ ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਸੀ. ਟੀ. ਖਨੋਲਕਰ ਦੇ ਮਰਾਠੀ ਨਾਟਕ ‘ਵਕਤ ਤੈਨੂੰ ਸਲਾਮ ਹੈ’ ਦਾ ਪੰਜਾਬੀ ਰੂਪਾਂਤਰ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਪੇਸ਼ ਕੀਤਾ ਸੀ, ਜਿਸਦੀ ਸਕ੍ਰਿਪਟ ਸ਼ਬਦੀਸ਼ ਨੇ ਤਿਆਰ ਕੀਤੀ ਸੀ। ਇਹ ਨਾਟ ਉਤਸਵ ਪੰਜਾਬ ਕਲਾ ਪਰਿਸ਼ਦ ਤੇ ਮਨਿਸਟਰੀ ਆਫ਼ ਕਲਚਰ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।
‘ਵਕਤ ਤੈਨੂੰ ਸਲਾਮ ਹੈ’ ਮੂਲ ਰੂਪ ਦੀ ਸਿਰਜਣਾ ਸੀ. ਟੀ. ਖਨੋਲਕਰ ਨੇ ਆਪਣੇ ਸਮਾਜ ਦੇ ਹਾਲਾਤ ਮੁਤਾਬਕ 50 ਸਾਲ ਪਹਿਲਾਂ ਕੀਤੀ ਸੀ। ਇਸਦਾ ਪੰਜਾਬੀ ਰੂਪਾਂਤਰ ਸਮਕਾਲੀ ਪੰਜਾਬ ਦੇ ਬਦਲਦੇ ਵਰਤਾਰੇ ਤਹਿਤ ਕੀਤਾ ਹੈ, ਜਿੱਥੇ ਬਹੁਤ ਕੁਝ ਤੇਜ਼ਤਰ ਤਬਦੀਲੀ ਦੇ ਬਾਵਜੂਦ ਖੜ੍ਹਾ-ਖਲੋਤਾ ਨਜ਼ਰ ਆ ਰਿਹਾ ਹੈ। ਇਹ ਤਰਕਸ਼ੀਲ ਨਾਟਕ ਹੈ, ਪਰ ਇਸਦਾ ਮੁਹਾਂਦਰਾ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਪ੍ਰਭਾਵ ਹੇਠ ਖੇਡੇ ਗਏ ਨਾਟਕਾਂ ਤੋਂ ਵੱਖਰਾ ਹੈ।
ਇਸ ਨਾਟਕ ਦੇ ਕੇਂਦਰ ਵਿੱਚ ਜੋਤਿਸ਼ੀ (ਹਰਮਨਪਾਲ ਸਿੰਘ) ਹੈ। ਉਹ ਆਪਣੇ ਪੁੱਤਰ ਦੀ ਪ੍ਰੇਮਿਕਾ ਨਾਲ ਸ਼ਾਦੀ ਗ੍ਰਹਿ ਨਛੱਤਰਾਂ ਦੇ ਭੈਅ ਕਾਰਨ ਰੋਕ ਦਿੰਦਾ ਹੈ, ਕਿਉਂਕਿ ਉਸਦਾ ਟੇਵਾ ਦੱਸਦਾ ਹੈ ਕਿ ਪਹਿਲੀ ਬੀਵੀ ਗਿਆਰਾਂ ਮਹੀਨੇ ਬਾਅਦ ਪ੍ਰਸੂਤੀ ਪੀੜਾ ਦੌਰਾਨ ਮਰ ਜਾਵੇਗੀ। ਉਸਦਾ ਪੁੱਤਰ (ਮਨਦੀਪ ਮਨੀ) ਤੇ ਪ੍ਰੇਮਿਕਾ (ਪ੍ਰਾਚਲ), ਦੋਵੇਂ ਨਵੇਂ ਵਿਚਾਰਾਂ ਦੇ ਹਨ ਤੇ ਇਸ ਭਵਿੱਖਬਾਣੀ ਵਿੱਚ ਯਕੀਨ ਨਹੀਂ ਕਰਦੇ। ਇਹ ਕਥਾ ਉਸ ਸਮੇਂ ਮੋੜਾ ਕੱਟਦੀ ਹੈ, ਜਦੋਂ ਪ੍ਰੇਮੀ ਮੰਨ ਜਾਂਦਾ ਹੈ ਕਿ ਪਿਤਾ ਦੀ ਕੀਤੀ ਭਵਿੱਖਬਾਣੀ ਕਦੇ ਗਲਤ ਸਾਬਿਤ ਨਹੀਂ ਹੋਈ। ਉਹ ਉਪਾਅ ਦੀ ਭਾਲ ਵਿੱਚ ਮਾਨਸਕ ਰੋਗ ਦੀ ਸ਼ਿਕਾਰ ਕੁੜੀ (ਤਹਿਜ਼ੀਬ) ਦੀ ਚੋਣ ਕਰ ਲੈਂਦਾ ਹੈ, ਜੋ ਆਪਣੇ ਬਾਪ (ਹਰਜਾਪ ਸਿੰਘ) ਨਾਲ ਘਰ ਆ ਜਾਂਦੀ ਹੈ।
ਓਧਰ ਪ੍ਰੇਮਿਕਾ ਖ਼ੁਦ ਤਾਂ ਕੁਰਬਾਨ ਹੋਣ ਲਈ ਤਾਂ ਤਿਆਰ ਹੈ, ਪਰ ਉਸ ਬੰਦੇ ਨਾਲ ਵਿਆਹ ਲਈ ਇੰਤਜ਼ਾਰ ਕਰਨ ਦੇ ਖ਼ਿਲਾਫ਼ ਹੈ, ਜੋ ਕਿਸੇ ਮੁਟਿਆਰ ਦੇ ਕਤਲ ਲਈ ਜ਼ਿੰਮੇਵਾਰ ਹੋਵੇਗਾ। ਉਸ ਭੋਲੀ-ਭਾਲੀ ਕੁੜੀ ਨੂੰ ਪੰਡਿਤ ਤੇ ਉਸਦੀ ਪਤਨੀ (ਰਮਨ ਢਿੱਲੋਂ) ਸੱਸ-ਸਹੁਰਾ ਬਣਨ ਦਿਲੋਂ ਪਿਆਰ ਕਰਦੇ ਹਨ। ਇਸ ਵਿੱਚ ਦੋਸਤ ਦੀ ਧੀ ਪ੍ਰਤੀ ਤਰਸ ਦੀ ਭਾਵਨਾ ਵੀ ਸ਼ਾਮਲ ਹੈ।
ਉਹ ਨੀਮ ਪਾਗਲ ਕੁੜੀ ਨਾਲ ਸ਼ਾਦੀ ਹੋਣ ਬਾਅਦ ਠੀਕ ਹੋ ਜਾਂਦੀ ਹੈ। ਉਹ ਭੂਤ-ਪ੍ਰੇਤ ਵੀ ਖਹਿੜਾ ਛੱਡ ਜਾਂਦੇ ਸਨ, ਜੋ ਓਦੋਂ ਚੰਬੜਦੇ ਸਨ, ਜਦੋਂ ਬਾਪ ਵੀ ਉਸਦੀ ਜਵਾਨੀ ਤੋਂ ਡਰਦਾ ਸੀ ਤੇ ਉਸ ਉੱਤੇ ਪਾਬੰਦੀਆਂ ਮੜ੍ਹਦਾ ਸੀ। ਸ਼ਹਿਰ ਵਿੱਚ ਪਿਆਰ ਮਿਲਦੇ ਹੀ ਠੀਕ ਹੋ ਜਾਂਦੀ ਹੈ, ਪਰ ਉਸਦਾ ਭੋਲਾਪਣ ਕਾਇਮ ਰਹਿੰਦਾ ਹੈ। ਉਸਦਾ ਪਤੀ, ਜੋ ਹਾਲੇ ਵੀ ਪ੍ਰੇਮਿਕਾ ਨੂੰ ਰੂਹ ਵਿੱਚ ਵਸਾਈ ਬੈਠਾ ਹੈ, ਉਸਨੂੰ ਪਤਨੀ ਵਾਲਾ ਪਿਆਰ ਨਹੀਂ ਦਿੰਦਾ। ਉਸਦੀ ਪ੍ਰੇਮਿਕਾ ਖ਼ੁਦਕੁਸ਼ੀ ਕਰ ਲੈਂਦੀ ਹੈ ਤੇ ਭੋਲੀ-ਭਾਲੀ ਕੁੜੀ ਪੰਡਿਤ ਦੇ ਹੁਕਮ ’ਤੇ ਪਸੰਦ ਆਏ ਪੱਤਰਕਾਰ ਨਾਲ ਚਲੇ ਜਾਂਦੀ ਹੈ।
ਇਨ੍ਹਾਂ ਹਾਲਾਤ ਵਿੱਚ ਪੰਡਿਤ ਜੋਤਿਸ਼ ਦੀ ਥਾਂ ’ਤੇ ਵਕਤ ਨੂੰ ਸਲਾਮ ਕਰਦਾ ਹੈ; ਉਸਨੂੰ ਅਸਲ ਨਾਇਕ ਸਮਾਂ ਹੀ ਜਾਪਣ ਲਗਦਾ ਹੈ, ਜਿਸਨੂੰ ਵਹਿਮ-ਭਰਮ ਭਰੇ ਉਪਾਅ ਮੋੜਾ ਦੇਣ ਦੀ ਬੇਕਾਰ ਕੋਸ਼ਿਸ਼ ਸਾਬਿਤ ਹੋ ਜਾਂਦੇ ਹਨ। ਇਸ ਨਾਟਕ ਦਾ ਸੈੱਟ ਲੱਖਾ ਲਹਿਰੀ ਦਾ ਸੀ; ਲਾਇਟਿੰਗ ਹਰਮੀਤ ਸਿੰਘ ਭੁੱਲਰ ਦੀ ਸੀ ਤੇ ਗਾਇਨ ਸਲੀਮ ਸਿਕੰਦਰ ਦਾ ਸੀ, ਜਿਸਦੇ ਸੰਗੀਤ ਨੂੰ ਸੁਮੀਤ ਸੇਖਾ ਆਪਰੇਟ ਕਰ ਰਹੇ ਸਨ।