ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਦਿੱਤੀ ਜਿੰਮੇਵਾਰੀ ਨਿਭਾਉਂਦਿਆਂ ਡਿਪਟੀ ਮੇਅਰ ਨੇ ਕੀਤਾ ਹਰਿਆਣੇ ਦੇ ਵੱਖ-ਵੱਖ ਹਲਕਿਆਂ ਦਾ ਦੌਰਾ
ਮੋਹਾਲੀ : ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਜਿਨਾਂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਵੱਲੋਂ ਹਰਿਆਣਾ ਦੇ ਵੱਖ ਵੱਖ ਸੱਤ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸੀ ਉਮੀਦਵਾਰਾਂ ਦੇ ਪ੍ਰਚਾਰ ਲਈ ਜਿੰਮੇਵਾਰੀ ਦਿੱਤੀ ਗਈ ਹੈ, ਵੱਲੋਂ ਲਗਾਤਾਰ ਹਰਿਆਣਾ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਖਾਸ ਤੌਰ ਤੇ ਪੰਜਾਬੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਕਾਂਗਰਸ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਪੰਜਾਬ ਕਾਂਗਰਸ ਦੇ ਬੁਲਾਰੇ ਹਰਦੀਪ ਸਿੰਘ ਕਿੰਗਰ ਵੀ ਸਨ।
ਇਸ ਮੌਕੇ ਹਲਕਾ ਪੰਚਕੂਲਾ, ਨਰਾਇਣਗੜ੍ਹ ਅਤੇ ਕਾਲਕਾ ਦੇ ਵੱਖ ਵੱਖ ਖੇਤਰਾਂ ਦਾ ਦੌਰਾ ਕਰਦਿਆਂ ਡਿਪਟੀ ਮੇਅਰ ਮੁੱਖ ਮੰਤਰੀ ਨੇ ਦੱਸਿਆ ਕਿ ਹਰਿਆਣਾ ਵਿੱਚ ਕਾਂਗਰਸ ਪਾਰਟੀ ਦੀ ਸੁਨਾਮੀ ਚੱਲ ਰਹੀ ਹੈ।
ਉਹਨਾਂ ਕਿਹਾ ਕਿ ਬੀਤੇ ਕੱਲ ਨਰਾਇਣਗੜ੍ਹ ਵਿਖੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੀ ਰੈਲੀ ਵਿੱਚ ਠਾਠਾ ਮਾਰਦਾ ਇਕੱਠ ਅਤੇ ਕਈ ਕਿਲੋਮੀਟਰ ਚੱਲ ਕੇ ਰੈਲੀ ਵਿੱਚ ਪਹੁੰਚਣ ਵਾਲੇ ਲੋਕ ਇਸ ਗੱਲ ਨੂੰ ਸਾਬਿਤ ਕਰ ਰਹੇ ਸਨ ਕਿ ਹਰਿਆਣਾ ਦੇ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਸੱਤਾ ਵਿੱਚ ਲਿਆਉਣ ਦਾ ਮਨ ਬਣਾ ਲਿਆ ਹੈ।
ਉਹਨਾਂ ਕਿਹਾ ਕਿ ਖਾਸ ਤੌਰ ਤੇ ਪੰਜਾਬੀ ਭਾਈਚਾਰਾ ਅਤੇ ਕਿਸਾਨ ਵਰਗ ਤਕੜਾ ਹੋ ਕੇ ਕਾਂਗਰਸ ਦੇ ਹੱਕ ਵਿੱਚ ਨਿਤਰ ਰਿਹਾ ਹੈ।
ਉਹਨਾਂ ਕਿਹਾ ਕਿ ਉਹ ਜਿੱਥੇ ਜਿੱਥੇ ਵੀ ਗਏ ਹਨ ਲੋਕਾਂ ਨੇ ਕਾਂਗਰਸ ਪਾਰਟੀ ਦੇ ਭਰਪੂਰ ਸਮਰਥਨ ਦਾ ਖੁੱਲਾ ਐਲਾਨ ਕੀਤਾ ਹੈ।
ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇੱਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਦੀ ਹਰਿਆਣਾ ਸਰਕਾਰ ਅਤੇ ਚੋਣ ਕਮਿਸ਼ਨ ਨੇ ਗਲਤ ਫੈਸਲਾ ਲੈਂਦੇ ਹੋਏ ਸੌਦਾ ਸਾਧ ਨੂੰ ਪਰੋਲ ਤੇ ਛੱਡਣ ਦਾ ਫੈਸਲਾ ਕੀਤਾ ਹੈ ਪਰ ਹਰਿਆਣਾ ਵਿੱਚ ਚੱਲ ਰਹੀ ਕਾਂਗਰਸ ਪਾਰਟੀ ਦੀ ਸੁਨਾਮੀ ਵਿੱਚ ਹਰਿਆਣਾ ਦੀ ਭਾਜਪਾ ਸਰਕਾਰ ਸਮੇਤ ਸਾਰੇ ਹੀ ਰੁੜ ਜਾਣਗੇ।
ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਤਮਾਮ ਵਰਕਰ ਭਾਰੀ ਬਹੁਮਤ ਨਾਲ ਹਰਿਆਣਾ ਵਿੱਚ ਜਿਤਾਉਣਗੇ ਅਤੇ ਸਰਕਾਰ ਬਣਾ ਕੇ ਕਾਂਗਰਸ ਪਾਰਟੀ ਦੇ ਪ੍ਰਧਾਨ ਖੜਗੇ ਅਤੇ ਰਾਹੁਲ ਗਾਂਧੀ ਨੂੰ ਹੋਰ ਮਜਬੂਤ ਕਰਨਗੇ।