ਡੇਰਾਬੱਸੀ :
ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਪੁਲਿਸ ਨੇ ਨਸ਼ਿਆਂ ਵਿਰੁੱਧ ਸਾਂਝੀ ਲੜਾਈ ਨੂੰ ਹੋਰ ਤਿੱਖਾ ਕਰਨ ਲਈ ਦੁਹਰਾਇਆ ਕਿ ਨਸ਼ਿਆਂ ਦੀ ਤਸਕਰੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਸਾਡੇ ਭੋਲੇ-ਭਾਲੇ ਨੌਜਵਾਨਾਂ ਨੂੰ ਨਸ਼ਿਆਂ ਦੇ ਰਾਹ ਪਾ ਕੇ ਉਨ੍ਹਾਂ ਨੂੰ ਰਾਹ ਤੋਂ ਭਟਕਾਉਣ ਨੂੰ ਸਹਿਣ ਨਹੀਂ ਕੀਤਾ ਜਾਵੇਗਾ।
ਡੇਰਾਬੱਸੀ ਦੇ ਤ੍ਰਿਵੇਦੀ ਕੈਂਪ ਵਿਖੇ ਜ਼ਿਲ੍ਹਾ ਪੁਲਿਸ ਵੱਲੋਂ ਐਸ.ਐਸ.ਪੀ ਡਾ. ਸੰਦੀਪ ਗਰਗ ਦੀ ਅਗਵਾਈ ਹੇਠ ਲਗਾਏ ਗਏ ਜ਼ਿਲ੍ਹੇ ਦੇ ਦੂਜੇ ਜਾਗਰੂਕਤਾ ਕੈਂਪ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਤੱਕ ਸੀਮਤ ਨਹੀਂ ਹੈ, ਇਸ ਮੁਹਿੰਮ ਦਾ ਹਿੱਸਾ ਬਣਨਾ ਅਤੇ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦਾ ਖਾਤਮਾ ਕਰਨਾ ਸਾਡਾ ਸਾਰਿਆਂ ਦਾ ਸਾਂਝਾ ਫਰਜ਼ ਅਤੇ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ “ਅਸੀਂ ਨਿਯਮਤ ਤੌਰ ‘ਤੇ ਨਸ਼ਿਆਂ ਖ਼ਿਲਾਫ਼ ਸਖ਼ਤੀ ਕਰਨ ਦੇ ਨਾਲ-ਨਾਲ ਜਾਗਰੂਕਤਾ ਦਾ ਆਪਣਾ ਫਰਜ਼ ਨਿਭਾ ਰਹੇ ਹਾਂ ਅਤੇ ਹੁਣ ਲੋਕਾਂ ਨੂੰ ਨਸ਼ਾ ਤਸਕਰਾਂ ਅਤੇ ਪੀੜਤਾਂ ਦੀ ਜਾਣਕਾਰੀ ਦੇ ਕੇ ਸਾਡੇ ਯਤਨਾਂ ਦਾ ਸਮਰਥਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।”
ਉਨ੍ਹਾਂ ਕਿਹਾ ਕਿ ਵਟਸਐਪ ਹੈਲਪਲਾਈਨ ਨੰਬਰ 80541-00112 ‘ਤੇ ਸੁਨੇਹਾ ਭੇਜ ਕੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਜ਼ਿਲ੍ਹਾ ਪੁਲਿਸ ਉਨ੍ਹਾਂ ਦੀ ਸਮੱਸਿਆ ਦਾ ਨਿਪਟਾਰਾ ਜ਼ਰੂਰ ਕਰੇਗੀ। ਉਨ੍ਹਾਂ ਕਿਹਾ ਕਿ ਇਸ ਨੰਬਰ ਦੀ ਸਿੱਧੇ ਤੌਰ ‘ਤੇ ਐਸ ਐਸ ਪੀ ਡਾ. ਸੰਦੀਪ ਗਰਗ ਦੁਆਰਾ ਨਿਗਰਾਨੀ ਕੀਤੀ ਜਾ ਰਹੀ ਹੈ।
ਨੌਜਵਾਨਾਂ ਨਾਲ ਗੱਲਬਾਤ ਕਰਦਿਆਂ ਅਤੇ ਨਸ਼ਿਆਂ ਬਾਰੇ ਫੀਡਬੈਕ ਲੈਂਦਿਆਂ, ਡੀ ਸੀ ਨੇ ਉਨ੍ਹਾਂ ਨੂੰ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਨ ਅਤੇ ਇਸ ਹਨੇਰੇ ਵਿੱਚੋਂ ਬਾਹਰ ਨਿਕਲਣ ਦੀ ਇੱਛਾ ਰੱਖਣ ਵਾਲਿਆਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਜ਼ਿਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਕੇ ਨਸ਼ਿਆਂ ਦੀ ਅਲਾਮਤ ਨੂੰ ਜੜ੍ਹੋਂ ਪੁੱਟਣ ਲਈ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਹੀ ਹੈ।
ਐਸ.ਪੀ (ਦਿਹਾਤੀ) ਮਨਪ੍ਰੀਤ ਸਿੰਘ ਅਤੇ ਏ.ਐਸ.ਪੀ. ਡੇਰਾਬੱਸੀ ਸ੍ਰੀਮਤੀ ਦਰਪਣ ਆਹਲੂਵਾਲੀਆ ਨੇ ਇਲਾਕਾ ਨਿਵਾਸੀਆਂ ਨਾਲ ਗੱਲਬਾਤ ਕਰਦਿਆਂ ਨਸ਼ਾ ਤਸਕਰਾਂ ਖਿਲਾਫ ਪੁਲਿਸ ਕਾਰਵਾਈ ਵਿੱਚ ਕੋਈ ਢਿੱਲ ਨਾ ਵਰਤਣ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਐਸ ਐਸ ਪੀ ਐਸ.ਏ.ਐਸ.ਨਗਰ ਦੇ ਨਿਰਦੇਸ਼ਾਂ ਅਨੁਸਾਰ ਪੁਲਿਸ ਪਹਿਲਾਂ ਹੀ ਨਸ਼ਾ ਛੱਡ ਕੇ ਇਲਾਜ ਕਰਵਾਉਣ ਦੇ ਚਾਹਵਾਨ ਪੀੜਤਾਂ ਦੀ ਸੇਵਾ ਵਿੱਚ ਹੈ। ਇੱਕ ਤਾਜ਼ਾ ਉਦਾਹਰਣ ਦਾ ਹਵਾਲਾ ਦਿੰਦੇ ਹੋਏ, ਉਹਨਾਂ ਕਿਹਾ ਕਿ ਐਨ ਡੀ ਪੀ ਐਸ ਐਕਟ ਦੀ ਧਾਰਾ 27 ਦੇ ਤਹਿਤ ਇੱਕ ਐਫ ਆਈ ਆਰ ਵਿੱਚ, ਗ੍ਰਿਫਤਾਰ ਕੀਤੇ ਗਏ ਤਿੰਨੋਂ ਵਿਅਕਤੀਆਂ ਨੂੰ ਧਾਰਾ 64 (ਏ) ਦੇ ਤਹਿਤ ਅਦਾਲਤ ਤੋਂ ਉਚਿਤ ਆਗਿਆ ਮਿਲਣ ਤੋਂ ਬਾਅਦ ਨਸ਼ਾ ਛੁਡਾਊ
ਇਲਾਜ ਲਈ ਭੇਜਿਆ ਗਿਆ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਭਰੋਸਾ ਦਿੱਤਾ ਕਿ ਨਸ਼ਿਆਂ ਦੇ ਹੌਟ ਸਪਾਟ ਵਜੋਂ ਜਾਣੇ ਜਾਂਦੇ ਇਲਾਕੇ ਨੂੰ ਜਲਦੀ ਹੀ ਨਸ਼ਾ ਮੁਕਤ ਖੇਤਰ ਵਜੋਂ ਜਾਣਿਆ ਜਾਵੇਗਾ। ਐੱਸ.ਐੱਚ.ਓ ਅਜਿਤੇਸ਼ ਕੌਸ਼ਲ ਨੇ ਡਿਪਟੀ ਕਮਿਸ਼ਨਰ ਨੂੰ ਡੇਰਾਬੱਸੀ ਥਾਣਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਕੀਤੀ ਜਾ ਰਹੀ ਕਾਰਵਾਈ ਤੋਂ ਜਾਣੂ ਕਰਵਾਇਆ।
ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਲਾਇਨਜ਼ ਕਲੱਬ ਡੇਰਾਬੱਸੀ ਦੀ ਤਰਫੋਂ ਲੋੜਵੰਦ ਵਿਅਕਤੀਆਂ ਨੂੰ 50 ਕੰਬਲ ਵੀ ਵੰਡੇ ਅਤੇ ਉਨ੍ਹਾਂ ਦੀ ਨਿਮਰਤਾ ਦੀ ਸ਼ਲਾਘਾ ਕੀਤੀ। ਨਸ਼ਿਆਂ ਵਿਰੁੱਧ ਜਾਗਰੂਕਤਾ ਪ੍ਰੋਗਰਾਮ ਦਾ ਮੁੱਖ ਆਕਰਸ਼ਣ ਨਸ਼ਾ ਛੱਡ ਮੁੱਖ ਧਾਰਾ ਚ ਆਏ ਦੋ ਨੌਜਵਾਨ ਸਨ ਜਿਨ੍ਹਾਂ ਨੇ ਨਸ਼ਿਆਂ ਤੋਂ ਦੂਰ ਹੋਣ ਬਾਅਦ ਆਪਣੇ ਤਜ਼ਰਬੇ ਅਤੇ ਜੀਵਨ ਵਿੱਚ ਆਈ ਤਬਦੀਲੀ ਬਾਰੇ ਦੱਸਿਆ। ਉਨ੍ਹਾਂ ਹੋਰਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਭੈੜੀ ਆਦਤ ਤੋਂ ਬਾਹਰ ਨਿਕਲਣ ਅਤੇ ਮੁੜ ਆਪਣੇ ਪਰਿਵਾਰਾਂ ਨਾਲ ਜੁੜ ਕੇ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਨ।
ਇਸ ਮੌਕੇ ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਵੀ ਮੌਜੂਦ ਸਨ।