ਪੰਜਾਬ ਨੇ ਭਾਜਪਾ ਨੂੰ ਬੁਰੀ ਤਰ੍ਹਾਂ ਨਕਾਰਿਆ ਇਸ ਲਈ ਪੰਜਾਬ ਤੋਂ ਲਿਆ ਜਾ ਰਿਹਾ ਹੈ ਬਦਲਾ
ਆਪਣੇ ਆਪ ਨੂੰ ਪੰਜਾਬ ਦਾ ਸਭ ਤੋਂ ਵੱਡਾ ਖੈਰਖਾਹ ਦੱਸਣ ਵਾਲੇ ਪ੍ਰਧਾਨ ਮੰਤਰੀ ਬਜਟ ਵਿਚ ਸੋਧ ਕਰਵਾ ਕੇ ਪੰਜਾਬ ਨੂੰ ਵਿਸ਼ੇਸ਼ ਪੈਕਜ ਦਿਵਾਉਣ : ਬੇਦੀ
ਮੋਹਾਲੀ: ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਇਸ ਬਜਟ ਨੂੰ ਭਾਰਤੀ ਜਨਤਾ ਪਾਰਟੀ ਦੀ ਸੌੜੀ ਸਿਆਸਤ ਦਾ ਨਤੀਜਾ ਦੱਸਿਆ ਹੈ ਜਿਸ ਵਿਚ ਪੰਜਾਬ ਨਾਲ ਖਾਸ ਤੌਰ ਉੱਤੇ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿਸਾਨ ਹੋਵੇ, ਜਵਾਨ ਹੋਵੇ, ਮਜਦੂਰ ਹੋਵੇ, ਮੱਧਮ ਵਰਗੀ ਵਪਾਰੀ ਹੋਵੇ ਜਾਂ ਨੌਕਰੀਪੇਸ਼ਾ ਹੋਵੇ, ਹਰੇਕ ਦਾ ਇਸ ਬਜਟ ਰਾਹੀਂ ਕਚੂਮਰ ਕੱਢਣ ਦਾ ਯਤਨ ਕੀਤਾ ਗਿਆ ਹੈ ਅਤੇ ਇਸ ਬਜਟ ਰਾਹੀਂ ਭਾਜਪਾ ਦੀ ਕੇਂਦਰੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਅਤੇ ਆਪਣੇ ਐਨ.ਡੀ.ਏ. ਦੇ ਦੋ ਸਹਿਯੋਗੀਆਂ ਦਾ ਘਰ ਭਰਿਆ ਹੈ ਤਾਂ ਜੋ ਇਹ ਸਰਕਾਰ ਬਚੀ ਰਹਿ ਸਕੇ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਚੋਣਾਂ ਵੇਲੇ ਪੰਜਾਬ ਨਾਲ ਖਾਸ ਪਿਆਰ ਦੱਸਣ ਵਾਲੇ ਪ੍ਰਧਾਨ ਮੰਤਰੀ ਪੰਜਾਬ ਦੇ ਪਿਛਲੇ ਪੈਸੇ ਨਹੀਂ ਦੇ ਰਹੇ ਅਤੇ ਪੰਜਾਬ ਦਾ ਗਲਾ ਘੁੱਟਿਆ ਜਾ ਰਿਹਾ ਹੈ। ਕਿਸਾਨਾਂ ਨੂੰ ਦਿੱਲੀ ਜਾਣ ਦੇ ਰਾਹ ਨੂੰ ਬਲਾਕ ਕੀਤਾ ਹੋਇਆ ਹੈ। ਕਿਸਾਨਾਂ ਦੀ ਐਮ.ਐਸ.ਪੀ. ਦੀ ਕੋਈ ਗੱਲ ਨਹੀਂ ਕੀਤੀ ਗਈ। ਪੰਜਾਬ ਦੀ ਆਰਥਿਕਤਾ ਨੂੰ ਢਾਹ ਲਗਾਈ ਜਾ ਰਹੀ ਹੈ ਜਦੋਂ ਕਿ ਪੰਜਾਬ ਹੀ ਹਮੇਸ਼ਾਂ ਦੇਸ਼ ਦੀ ਆਜਾਦੀ ਲਈ ਕੁਰਬਾਨੀਆਂ ਦਿੰਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਪੰਜਾਬੀਆਂ ਵਲੋਂ ਬੁਰੀ ਤਰ੍ਹਾਂ ਨਕਾਰ ਦਿੱਤੇ ਜਾਣ ਕਾਰਨ ਭਾਜਪਾ ਵਲੋਂ ਪੰਜਾਬੀਆਂ ਨਾਲ ਬਦਲਾ ਲੈਣ ਦਾ ਕਾਰਾ ਇਸ ਬਜਟ ਵਿਚ ਕੀਤਾ ਗਿਆ ਹੈ ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਬਜਟ ਵਿਚ ਸੋਧ ਕਰਕੇ ਪੰਜਾਬ ਨੂੰ ਵਿਸ਼ੇਸ਼ ਪੈਕਜ ਦਿੱਤਾ ਜਾਵੇ ਕਿਉਂਕਿ ਇਹ ਬਾਰਡਰ ਸੂਬਾ ਹੈ।…