ਸਾਹਿਬਜ਼ਾਦਾ ਅਜੀਤ ਸਿੰਘ ਨਗਰ :
ਮੁੱਖ ਖੇਤੀਬਾੜੀ ਅਫਸਰ, ਡਾ. ਗੁਰਮੇਲ ਸਿੰਘ ਨੇ ਅੱਜ ਇੱਥੇ ਕਿਹਾ ਕਿ ਜ਼ਿਲ੍ਹਾ ਐੱਸ.ਏ.ਐੱਸ.ਨਗਰ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਵੱਲੋਂ ਸਾਲ 2024-25 ਦੌਰਾਨ ਜ਼ੀਰੋ ਬਰਨਿੰਗ ਦਾ ਟੀਚਾ ਮਿਥਿਆ ਗਿਆ ਹੈ, ਜਿਸ ਦੀ ਪੂਰਤੀ ਲਈ ਕਿਸਾਨ ਅਤੇ ਕਿਸਾਨ ਜਥੇਬੰਦੀਆਂ ਦੇ ਭਰਪੂਰ ਸਹਿਯੋਗ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਕਣਕ ਦੀ ਕਟਾਈ ਬਾਅਦ ਤੂੜੀ ਬਨਾਉਣ ਉਪਰੰਤ ਬਚੀ ਰਹਿੰਦ-ਖੂੰਹਦ ਨੂੰ ਖੇਤ ਵਿੱਚ ਵਾਹ ਕੇ ਝੋਨੇ ਦੀ ਲਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਐੱਸ.ਏ.ਐੱਸ.ਨਗਰ ਵੱਲੋਂ ਫੌਜਦਾਰੀ ਜ਼ਾਬਤਾ ਸੰਘਤਾ 1973 ( ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ, ਜ਼ਿਲ੍ਹੇ ਵਿੱਚ ਕੱਚਾ ਦਾਣਾ ਕੱਟਣ ‘ਤੇ ਰੋਕ ਲਾਉਣ ਲਈ, ਜ਼ਿਲ੍ਹੇ ਵਿੱਚ ਸ਼ਾਮ ਦੇ 7 ਵਜੇ ਤੋਂ ਸਵੇਰ ਦੇ 9 ਵਜੇ ਤੱਕ ਕੰਬਾਈਨਾਂ ਨਾਲ ਕਟਾਈ ਕਰਨ ‘ਤੇ ਰੋਕ ਲਗਾਉਣ ਦੇ ਹੁਕਮਾਂ ਦੇ ਨਾਲ ਨਾਲ ਜ਼ਿਲ੍ਹੇ ਵਿੱਚ ਕਣਕ ਦੀ ਕਟਾਈ ਤੋਂ ਬਾਅਦ ਫਸਲ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ‘ਤੇ ਪਾਬੰਦੀ ਸਬੰਧੀ ਵੀ ਜਾਣਕਾਰੀ ਦਿੱਤੀ।
ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ ਐੱਸ.ਏ.ਐੱਸ.ਨਗਰ ਵੱਲੋਂ ਕਿਸਾਨਾਂ ਨੂੰ ਕਣਕ ਦੀ ਮੌਜੂਦਾ ਸਥਿਤੀ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਸੁਚੱਜੀ ਰੋਕਥਾਮ, ਕਣਕ ਦਾ ਆਪਣਾ ਬੀਜ ਆਪ ਤਿਆਰ ਕਰਨ ਬਾਰੇ, ਮਿੱਟੀ ਦੀ ਸਿਹਤ ਵਿੱਚ ਆ ਰਹੇ ਨਿਘਾਰ ਅਤੇ ਇਸਦੀ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਦੇਖਿਆ ਗਿਆ ਹੈ ਕਿ ਕਣਕ ਦੀ ਕਟਾਈ ਸਮੇਂ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ, ਬਿਜਲੀ ਦੇ ਟਰਾਂਸਫਾਰਮਰ ਤੋਂ ਨਿਕਲੇ ਚੰਗਿਆੜਿਆਂ ਕਾਰਨ ਜਾਂ ਕਿਸੇ ਮਜਦੂਰ ਦੁਆਰਾ ਸੁੱਟੀ ਸੁਲਗਦੀ ਬੀੜੀ/ ਸਿਗਰਟ ਕਾਰਨ ਜਾਂ ਕਿਸੇ ਹੋਰ ਅਣਗਹਿਲੀ ਕਾਰਨ ਕਣਕ ਦੀ ਫਸਲ ਜਾਂ ਕਣਕ ਦੇ ਨਾੜ ਨੂੰ ਅੱਗ ਲੱਗ ਜਾਂਦੀ ਹੈ, ਜਿਸ ਨਾਲ ਫਸਲ ਦੇ ਨੁਕਸਾਨ ਹੋਣ ਦੇ ਨਾਲ-ਨਾਲ ਖੇਤੀ ਮਸ਼ੀਨਰੀ, ਪਸ਼ੂਆਂ ਅਤੇ ਮਨੁੱਖਾਂ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਖੇਤਾਂ ਦੇ ਉਪਰੋਂ ਬਿਜਲੀ ਦੀਆਂ ਤਾਰਾਂ ਢਿੱਲੀਆਂ ਹੋਣ ਤਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਤਾਰਾਂ ਕਸਵਾ ਲੈਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬਿਜਲੀ ਦੇ ਟਰਾਂਸਫਰਮਰ ਦੇ ਆਲੇ ਦੁਆਲਿਓਂ ਇੱਕ ਮਰਲੇ ਰਕਬੇ ਵਿੱਚ ਕਣਕ ਦੀ ਕਟਾਈ ਪਹਿਲਾਂ ਕਰ ਲੈਣੀ ਚਾਹੀਦੀ ਹੈ, ਅੱਗ ਲੱਗਣ ਦੀ ਦੁਰਘਟਨਾਂ ਤੋਂ ਬਚਣ ਲਈ ਚੁਬੱਚਿਆਂ ਅਤੇ ਸਪਰੇ ਪੰਪਾਂ ਦੀਆਂ ਟੈਂਕੀਆਂ ਵਿੱਚ ਪਾਣੀ ਭਰ ਕੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਤੇ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ ਤੁਰੰਤ ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨਾ ਚਾਹੀਦਾ ਹੈ।