ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਹੀ 24 ਘੰਟੇ ਜਾਰੀ ਰਹਿਣਗੀਆਂ- ਸਿਵਲ ਸਰਜਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ :
ਜ਼ਿਲ੍ਹੇ ਦੀਆਂ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਦੇ ਖੁੱਲ੍ਹਣ ਅਤੇ ਬੰਦ ਹੋਣ ਦੇ ਸਮੇਂ ਵਿਚ 16 ਅਪ੍ਰੈਲ ਤੋਂ ਤਬਦੀਲੀ ਹੋ ਜਾਵੇਗੀ l ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਨੇ ਦਸਿਆ ਕਿ ਜ਼ਿਲ੍ਹੇ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਹੁਣ ਸਵੇਰੇ 8 ਵਜੇ ਖੁਲ੍ਹਣਗੀਆਂ ਅਤੇ ਦੁਪਹਿਰ 2 ਵਜੇ ਬੰਦ ਹੋਣਗੀਆਂ। ਇਨ੍ਹਾਂ ਸੰਸਥਾਵਾਂ ਵਿਚ ਜ਼ਿਲ੍ਹਾ ਹਸਪਤਾਲ ਮੋਹਾਲੀ, ਸਬ-ਡਵੀਜ਼ਨਲ ਹਸਪਤਾਲ ਖਰੜ ਤੇ ਡੇਰਾਬੱਸੀ ਅਤੇ ਜ਼ਿਲ੍ਹੇ ਦੇ ਸਾਰੇ ਪ੍ਰਾਇਮਰੀ ਹੈਲਥ ਸੈਂਟਰ, ਕਮਿਊਨਿਟੀ ਹੈਲਥ ਸੈਂਟਰ, ਸਬ-ਸੈਂਟਰ, ਆਮ ਆਦਮੀ ਕਲੀਨਿਕ, ਈ.ਐਸ.ਆਈ. ਹਸਪਤਾਲ ਆਦਿ ਸ਼ਾਮਲ ਹਨ । ਉਨ੍ਹਾਂ ਦਸਿਆ ਕਿ ਸਰਕਾਰੀ ਹਸਪਤਾਲਾਂ ਵਿਚ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਹੀ 24 ਘੰਟੇ ਜਾਰੀ ਰਹਿਣਗੀਆਂ। ਸਿਵਲ ਸਰਜਨ ਨੇ ਸਪੱਸ਼ਟ ਕੀਤਾ ਕਿ ਸਿਵਲ ਸਰਜਨ ਦਫ਼ਤਰ ਮੋਹਾਲੀ ਅਤੇ ਹਸਪਤਾਲਾਂ ਅੰਦਰਲੇ ਦਫ਼ਤਰਾਂ ਦਾ ਸਮਾਂ ਪਹਿਲਾਂ ਵਾਂਗ ਹੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਰਹੇਗਾ, ਜਿਸ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਸਰਕਾਰੀ ਹਸਪਤਾਲਾਂ ਦਾ ਗਰਮੀਆਂ ਦਾ ਸਮਾਂ (15 ਅਪ੍ਰੈਲ ਤੋਂ 15 ਅਕਤੂਬਰ) ਸਵੇਰੇ 8 ਤੋਂ ਦੁਪਹਿਰ 2 ਵਜੇ ਤਕ ਹੁੰਦਾ ਹੈ ਜਦਕਿ ਸਰਦੀਆਂ ਦਾ ਸਮਾਂ (15 ਅਕਤੂਬਰ ਤੋਂ 15 ਅਪ੍ਰੈਲ) ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤਕ ਹੁੰਦਾ ਹੈ।