ਚੰਡੀਗੜ੍ਹ : ਸੰਯੁਕਤ ਅਧਿਆਪਕ ਫ਼ਰੰਟ ਦੀ ਅਗਵਾਈ ਵਿੱਚ ਅੱਜ ਪੰਜਾਬ ਦੇ ਹਜ਼ਾਰਾਂ ਅਧਿਆਪਕ ਭਗਵੰਤ ਮਾਨ ਦੇ ਸ਼ਹਿਰ ਵਿਖੇ ਰੈਲੀ ਦੌਰਾਨ ਉਸ ਦਾ ਪਿਟ-ਸਿਆਪਾ ਕਰਨਗੇ।
ਇਸ ਬਾਰੇ ਜਾਣਕਾਰੀ ਦਿੰਦਿਆਂ ਅਧਿਆਪਕ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਪ੍ਰਤੀ ਰਵੱਈਆ ਬਹੁਤ ਹੀ ਨਿਰਾਸ਼ਾਜਨਕ ਹੈ। ਆਪ ਸਰਕਾਰ ਨੇ ਵੀ ਪੰਜਾਬ ਦੇ ਨਵੇਂ ਰੈਗੂਲਰ ਭਰਤੀ ਮੁਲਾਜ਼ਮਾਂ ‘ਤੇ ਕਾਂਗਰਸ ਸਰਕਾਰ ਦੇ ਪੂਰਨਿਆਂ ‘ਤੇ ਚੱਲਦੇ ਹੋਏ ਜ਼ਬਰੀ ਕੇਂਦਰੀ ਪੇਅ ਸਕੇਲ ਥੋਪ ਰੱਖਿਆ ਹੈ ਤੇ 15-01-2015 ਦਾ ਨੋਟੀਫਿਕੇਸ਼ਨ ਹਾਈ ਕੋਰਟ ਵੱਲੋਂ ਡਬਲ ਬੈਂਚ ‘ਨੇ ਵੀ ਰੱਦ ਕਰ ਦਿੱਤਾ ਗਿਆ ਹੈ ਤੇ ਪ੍ਰੋਬੇਸ਼ਨ ਪੀਰੀਅਡ ਦੌਰਾਨ ਪੂਰੇ ਸਕੇਲਾਂ ‘ਤੇ ਤਨਖ਼ਾਹ ਦੇਣ ਦਾ ਫੈਸਲਾ ਕਰ ਦਿੱਤਾ ਹੈ ਤੇ ਮੁਲਾਜ਼ਮਾਂ ਦਾ ਬਕਾਇਆ ਤਿੰਨ ਮਹੀਨਿਆਂ ਵਿੱਚ ਅਦਾ ਕਰਨ ਦਾ ਫੈਸਲਾ ਸੁਣਾ ਦਿੱਤਾ ਹੈ।
ਪਰ ਇਸ ਦੇ ਉਲਟ ਸਰਕਾਰ ਸੁਪਰੀਮ ਕੋਰਟ ਚਲੀ ਗਈ ਹੈ ਜੋ ਸਰਕਾਰ ਦੀ ਖੋਟੀ ਨੀਅਤ ਨੂੰ ਉਜਾਗਰ ਕਰਦਾ ਹੈ। ਆਗੂਆਂ ਨੇ ਕਿਹਾ ਕਿ ਸਰਕਾਰ ਮੁਲਾਜ਼ਮਾਂ ਨੂੰ ਡੀ ਏ ਦੀ ਕਿਸ਼ਤ ਦੇਣ ਤੋਂ ਵੀ ਭੱਜ ਗਈ ਹੈ, ਜਿਥੇ ਕੇਦਰ ਸਰਕਾਰ ਦੇ ਮੁਲਾਜ਼ਮਾਂ ਨੂੰ 46 ਪ੍ਰਤੀਸ਼ਤ ਡੀ ਏ ਮਿਲ ਰਿਹਾ ਹੈ ਓਥੇ ਪੰਜਾਬ ਦੇ ਮੁਲਾਜ਼ਮ 34 ਪ੍ਰਤੀਸ਼ਤ ਡੀ ਏ ਹੀ ਲੈ ਰਹੇ ਹਨ।
ਬਲਜਿੰਦਰ ਸਿੰਘ ਜਿਲ੍ਹਾ ਆਗੂ ਨੇ ਦੱਸਿਆ ਕਿ ਚੋਣ ਵਾਅਦੇ ਮੁਤਾਬਕ ਛੇਵੇਂ ਪੇ-ਕਮਿਸ਼ਨ ਦੀ ਰਿਪੋਰਟ ਵੀ ਪੂਰਨ ਰੂਪ ਵਿੱਚ ਲਾਗੂ ਨਹੀਂ ਕੀਤੀ, ਨਾ ਹੀ ਕੰਪਿਊਟਰ ਅਧਿਆਪਕਾਂ ‘ਤੇ ਪੇ-ਕਮਿਸ਼ਨ ਲਾਗੂ ਕੀਤਾ ਹੈ, ਪੇਂਡੂ ਭੱਤੇ ਸਮੇਤ 36 ਪ੍ਰਕਾਰ ਦੇ ਭੱਤੇ ਵੀ ਕੱਟੇ ਹੋਏ ਹਨ। ਇਸ ਮੌਕੇ ਜਿਲ੍ਹਾ ਸਕੱਤਰ ਬੇਅੰਤ ਸਿੰਘ ਨੇ ਕਿਹਾ ਕੇ ਸਰਕਾਰ ਨੇ ਨਾ ਹੀ ਏ.ਸੀ.ਪੀ. ਇੰਕਰੀਮੈਂਟ ਬਹਾਲ ਕੀਤਾ ਗਿਆ ਹੈ, ਨਾ ਹੀ ਡੀ.ਏ. ਦੀ ਕੋਈ ਬਕਾਇਆ ਕਿਸ਼ਤਾਂ ਜਾਰੀ ਕੀਤੀਆਂ ਗਈਆਂ ਹਨ।
ਜਿਲ੍ਹਾ ਵਿੱਤ ਸਕੱਤਰ ਵਿਨੋਦ ਕੁਮਾਰ ਨੇ ਅਧਿਆਪਕਾਂ ਨੂੰ ਵੱਡੀ ਗਿਣਤੀ ਵਿੱਚ ਰੈਲੀ ਵਿੱਚ ਸ਼ਾਮਲ ਹੋ ਕੇ ਪੰਜਾਬ ਸਰਕਾਰ ਵਿਰੁੱਧ ਆਪਣਾ ਰੋਹ ਦਰਜ ਕਰਵਾਉਂਦੇ ਹੋਏ ਮੰਗਾਂ ਮੰਨਵਾਉਣ ਦਾ ਸੱਦਾ ਦਿੱਤਾ। ਇਸ ਮੌਕੇ ਗੁਰਵਿੰਦਰ ਸਿੰਘ ਈਟੀਟੀ 6505 ਯੂਨੀਅਨ ਵੱਲੋਂ ਪੰਜਾਬ ਸਰਕਾਰ ਨੂੰ ਜਲਦ ਤੋਂ ਜਲਦ ਮੰਗਾਂ ਪੂਰੀਆਂ ਕਰਨ ਲਈ ਕਿਹਾ ਗਿਆ ਜੇਕਰ ਨਾ ਹੋਇਆ ਤਾਂ ਤਿੱਖਾ ਸੰਘਰਸ਼ ਕਿੱਤਾ ਜਾਵੇਗਾ l