ਜਿਲ੍ਹਾ ਮੋਹਾਲੀ ਦੀਆਂ ਤਕਨੀਕੀ ਸੰਸਥਾਵਾਂ ਵਿੱਚ 1113 ਬੱਡੀ ਗਰੁੱਪ ਬਣਾਏ- ਪਿ੍ਰੰਸੀਪਲ ਰਾਜੀਵ ਪੁਰੀ
ਖਰੜ/ਐੱਸ ਏ ਐੱਸ ਨਗਰ :
ਸਰਕਾਰੀ ਬਹੁਤਕਨੀਕੀ ਕਾਲਜ ਖੂਨੀਮਾਜਰਾ ਵਿਖੇ ਪਿ੍ਰੰਸੀਪਲ ਰਾਜੀਵ ਪੁਰੀ ਦੀ ਅਗਵਾਈ ਹੇਠ ਨਸ਼ੇ ਦੀ ਆਦਤ ਅਤੇ ਇਸ ਦੇ ਬੁਰੇ ਪ੍ਰਭਾਵਾਂ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਬ੍ਰਹਮ ਕੁਮਾਰੀ ਆਸ਼ਰਮ ਮੋਹਾਲੀ ਦੇ ਸਹਿਯੋਗ ਨਾਲ ਇਕ ਸੈਮੀਨਾਰ ਕਰਵਾਇਆ ਗਿਆ। ਇਹ ਸੈਮੀਨਾਰ ਡਾਇਰੈਕਟਰ, ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ, ਹਰਪ੍ਰੀਤ ਸਿੰਘ ਸੂਦਨ ਦੇ ਨਿਰਦੇਸ਼ਾਂ ਤਹਿਤ ਬੱਡੀ ਪ੍ਰੋਗਰਾਮ ਤਹਿਤ ਕਾਲਜ ਦੇ ਰੈਡਰਿਬਨ ਕਲੱਬ ਵੱਲੋਂ ਕਰਵਾਇਆ ਗਿਆ।
ਮਨੋਵਿਗਿਆਨ ਦੇ ਮਾਹਿਰ ਇੰਜ. ਸੁਮਨ ਦੀਦੀ ਡਿਵਾਈਨ ਵਰਲਡ (ਬ੍ਰਹਮ ਕੁਮਾਰੀ ਮਿਸ਼ਨ) ਨੇ ਇਸ ਸਮੇਂ ਧਿਆਨ ਦੇ ਜਰੀਏ ਇਕਾਗਰਚਿੱਤ ਹੋ ਕੇ ਨਸ਼ਿਆਂ ਦੇ ਪ੍ਰਭਾਵ ਤੋਂ ਬਚਣ ਲਈ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ। ਬੱਡੀ ਪ੍ਰੋਗਰਾਮ ਤਕਨੀਕੀ ਸਿੱਖਿਆ ਦੇ ਸਹਿ ਕੋਆਰਡੀਨੇਟਰ ਅਤੇ ਅਫ਼ਸਰ ਇੰਚਾਰਜ ਸਿਵਲ ਇੰਜੀਨੀਅਰਿੰਗ, ਪ੍ਰੋ. ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੀ ਊਰਜਾ ਨੂੰ ਖੇਡਾਂ, ਸਾਹਿਤ ਅਤੇ ਖੋਜ ਕਾਰਜਾਂ ਵਿੱਚ ਲਾਉਣ ਲਈ ਪ੍ਰੇਰਿਤ ਕੀਤਾ ਤਾਂ ਜੋ ਨਵੇਂ ਰੰਗਲੇ ਪੰਜਾਬ ਦੀ ਸਥਾਪਨਾ ਵਿੱਚ ਯੋਗਦਾਨ ਪਾਇਆ ਜਾ ਸਕੇ।
ਇਸ ਮੌਕੇ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਦੁਰਪ੍ਰਭਾਵ ਤੋਂ ਬਚਾਉਣ ਲਈ ਮਾਊਂਟ ਆਬੂ ਤੋਂ ਚੱਲੀ ‘ਨਸ਼ਾ ਮੁਕਤ ਭਾਰਤ ਅਭਿਆਨ’ ਵਿਸ਼ੇਸ਼ ਬੱਸ ਰਾਹੀਂ ਵੀਡੀਓ ਚਲਾ ਕੇ ਜਾਗਰੂਕ ਕੀਤਾ ਗਿਆ ਜਿਸ ਰਾਹੀਂ ਵਿਦਿਆਰਥੀਆਂ ਨੂੰ ਵੱਖ-ਵੱਖ ਨਸ਼ੀਲੀਆਂ ਵਸਤੂਆਂ ਅਤੇ ਉਹਨਾ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ।
ਕਾਲਜ ਦੇ ਪਿ੍ਰੰਸੀਪਲ ਰਾਜੀਵ ਪੁਰੀ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਦੱਸਿਆ ਕਿ ਉਹ ਇਸ ਨਸ਼ਾ ਵਿਰੋਧੀ ਮੁਹਿੰਮ ਵਿੱਚ ਆਪਣਾ ਹਿੱਸਾ ਪਾਉਣ ਅਤੇ ਆਪਣੇ ਪਰਿਵਾਰ ਤੇ ਆਲੇ-ਦੁਆਲੇ ਦੇ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਐੱਸ ਏ ਐੱਸ ਨਗਰ ਦੀਆਂ ਤਕਨੀਕੀ ਸੰਸਥਾਵਾਂ ਵਿੱਚ ਕੁਲ 1113 ਬੱਡੀਜ਼ ਗਰੁੱਪਾਂ ਦਾ ਗਠਨ ਕਰਕੇ ਕੁੱਲ 8530 ਬੱਡੀਜ਼ ਤਿਆਰ ਕੀਤੇ ਜਾ ਚੱਕੇ ਹਨ। ਉਨ੍ਹਾਂ ਦੱਸਿਆ ਕਿ ਰੰਗਲੇ ਪੰਜਾਬ ਦੀ ਸਥਾਪਨਾ ਲਈ ਜ਼ਰੂਰੀ ਹੈ ਕਿ ਨੌਜਵਾਨ ਨਸ਼ਾ ਰਹਿਤ ਪੰਜਾਬ ਦੀ ਸਿਰਜਣਾ ਵਿਚ ਆਪਣਾ ਯੋਗਦਾਨ ਪਾਉਣ।
ਇਸ ਪ੍ਰੋਗਰਾਮ ਵਿੱਚ ਡਿਵਾਇਨ ਵਰਲਡ ਤੋਂ ਭਾਈ ਕੋਮਲ, ਰੋਸ਼ਨ ਲਾਲ, ਸੁਮਨ ਦੀਦੀ ਖਰੜ, ਦਿਨੇਸ਼ ਭਾਈ ਅਤੇ ਗਾਇਤਰੀ ਦੀਦੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੋਗਰਾਮ ਦੇ ਅੰਤ ਵਿਚ ਡਾਕਟਰ ਰਵਿੰਦਰ ਕੁਮਾਰ, ਸਹਾਇਕ ਨੋਡਲ ਅਫਸਰ ਬੱਡੀ ਪ੍ਰੋਗਰਾਮ ਨੇ ਬ੍ਰਹਮ ਕੁਮਾਰੀ ਮਿਸ਼ਨ, ਸਾਰੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।