ਆਨੰਦਪੁਰ/ ਪੰਜਾਬ:
ਸਿੱਖਾਂ ਲਈ ਸਭ ਤੋਂ ਮਨਹੂਸ ਅਤੇ ‘ਸੱਤ ਕਾਲੀਆਂ ਰਾਤਾਂ ਦਾ ਸਫਰ ਬੀਤੀ ਰਾਤ ਤੋਂ ਸ਼ੁਰੂ ਹੋ ਗਿਆ ਹੈ। ਇਹ ‘ਸੱਤ ਕਾਲੀਆਂ ਰਾਤਾਂ’ ਦੁਨੀਆਂ ਦੇ ਇਤਿਹਾਸ ਵਿੱਚ ਸੱਚਮੁੱਚ ਬਹੁਤ ਹੀ ਭਿਆਨਕ ਅਤੇ ਕਾਲੀਆਂ ਰਾਤਾਂ ਹਨ। ਅਜਿਹਾ ਵਰਨਣ ਹੋਰ ਕਿਧਰੇ ਨਹੀਂ ਮਿਲਦਾ। ਦੋ ਜਹਾਨ ਦੇ ਵਾਲੀ, ਚਵਰ ਤਖਤ ਚਤਰ ਦੇ ਮਾਲਕ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਅਤੇ ਪ੍ਰਾਣਾਂ ਤੋਂ ਪਿਆਰੇ ਸਿੰਘਾਂ ਸਮੇਤ ਛੇ ਅਤੇ ਸੱਤ ਪੋਹ ਦੀ ਸਾਂਝੀ ਰਾਤ ਨੂੰ ਜਦੋਂ ਸ੍ਰੀ ਆਨੰਦਪੁਰ ਸਾਹਿਬ ਤੋਂ ਰਵਾਨਾ ਹੋਏ ਉਸ ਵੇਲੇ ਕਹਿਰ ਦੀ ਹਨੇਰੀ ਚੱਲ ਰਹੀ ਸੀ ਅਤੇ ਬਾਰਿਸ਼ ਹੋ ਰਹੀ ਸੀ। ਪੋਹ ਦਾ ਮਹੀਨਾ ਹੋਣ ਕਰਕੇ ਇਹ ਸਰਦੀ ਹੋਰ ਵੀ ਜਿਆਦਾ ਤੰਗ ਕਰ ਰਹੀ ਸੀ। ਆਓ ਆਪਾਂ ਇਹਨਾਂ ਪਲਾਂ ਨੂੰ ਮਾਣੀਏ ਅਤੇ ਤੁਲਨਾ ਕਰੀਏ ਕਿ ਅਸੀਂ ਉਸ ਵੇਲੇ ਤੋਂ ਲੈ ਕੇ ਅੱਜ ਤੱਕ ਕਿੱਥੇ ਖੜੇ ਹਾਂ ਅਤੇ ਸਾਡੇ ਵਿੱਚ ਕੀ ਗਿਰਾਵਟ ਆਈ ਹੈ। ਪੇਸ਼ ਹਨ ਮੇਰੀ ਪੁਸਤਕ ‘ਸਾਹਿਬਜ਼ਾਦਿਆਂ ਦਾ ਸ਼ਹੀਦੀ ਸਫ਼ਰ’ ਵਿੱਚੋਂ ਕੁਝ ਪੰਕਤੀਆਂ:-
ਲਗਭਗ 500 ਸਿੰਘ, 4 ਸਾਹਿਬਜ਼ਾਦੇ ਅਤੇ ਗੁਰੂ ਜੀ ਦਾ ਪਰਿਵਾਰ ਜਦੋਂ ਕਿਲ੍ਹੇ ਤੋਂ ਬਾਹਰ ਨਿਕਲੇ ਉਸ ਵੇਲੇ ਮੀਂਹ ਪੈ ਰਿਹਾ ਸੀ ਅਤੇ ਠੰਢੀਆਂ ਹਵਾਵਾਂ ਚੱਲ ਰਹੀਆਂ ਸਨ। ਉਸ ਵੇਲੇ ਅੱਧੀ ਰਾਤ ਦਾ ਸਮਾਂ ਸੀ। ਇਨ੍ਹਾਂ ਪੰਜ ਕੁ ਸੌ ਦੇ ਕਰੀਬ ਸਿੰਘਾਂ ਵਿੱਚ ਗੁਰੂ ਸਾਹਿਬ ਜੀ ਦੇ 40 ਦਰਬਾਰੀ ਸਿੰਘ ਵੀ ਸ਼ਾਮਿਲ ਸਨ। ਇੱਥੇ ਇਕ ਹੋਰ ਗੱਲ ਦੱਸਣੀ ਕੁਥਾਂ ਨਹੀਂ ਹੋਵੇਗੀ ਕਿ ਇਸ ਮੌਕੇ ਦੇ ਦਰਬਾਰੀ ਸਿੰਘਾਂ ਵਿਚ ਭਾਈ ਮਨੀ ਸਿੰਘ ਜੀ ਦੇ ਪੰਜ ਸਪੁੱਤਰ ਭਾਈ ਉਦੈ ਸਿੰਘ ਜੀ, ਭਾਈ ਅਜਬ ਸਿੰਘ ਜੀ, ਭਾਈ ਅਜਾਇਬ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਤੇ ਭਾਈ ਅਨਕ ਸਿੰਘ ਜੀ ਵੀ ਸ਼ਾਮਲ ਸਨ।
ਹੁਣ ਗੁਰੂ ਜੀ ਨੇ ਕਿਲ੍ਹੇ ਵਿਚੋਂ ਨਿਕਲਣ ਦੀ ਵਿਊਂਤ ਇਸ ਤਰ੍ਹਾਂ ਬਣਾਈ ਕਿ ਸਾਰੇ ਹੀ ਸਿੰਘ ਵੱਖ ਵੱਖ ਜਥਿਆਂ ਦੇ ਰੂਪ ਵਿਚ ਬਾਹਰ ਨਿਕਲਣਗੇ। ਸਾਰੇ ਹੀ ਅਲੱਗ ਅਲੱਗ ਸਮੇਂ ਤੇ ਜਾਣਗੇ ਅਤੇ ਇਕ ਦੂਜੇ ਨਾਲ ਰਾਬਤਾ ਵੀ ਰੱਖਣਗੇ।ਗੁਰੂ ਜੀ ਨੇ ਸਾਰੇ ਸਿੰਘਾਂ ਨੂੰ ਪੰਜ ਜਥਿਆਂ ਵਿਚ ਵੰਡ ਦਿੱਤਾ। ਦਰਬਾਰੀ ਸਿੰਘਾਂ ਵਿਚੋਂ ਭਾਈ ਉਦੈ ਸਿੰਘ ਜੀ ਨੂੰ 50 ਸਿੰਘ ਦੇ ਕੇ ਹਦਾਇਤ ਕੀਤੀ ਕਿ ਉਹ ਸ਼ਾਹੀ ਟਿੱਬੀ ਵਿਖੇ ਜਾ ਕੇ ਮੋਰਚਾ ਲਗਾ ਲਵੇ। ਕਿਉਂਕਿ ਗੁਰੂ ਜੀ ਨੂੰ ਪਤਾ ਸੀ ਕਿ ਸਿੰਘਾਂ ਦੇ ਕਿਲ੍ਹੇ ਤੋਂ ਬਾਹਰ ਨਿਕਲਦਿਆਂ ਹੀ ਫੌਜਾਂ ਨੇ ਉਨ੍ਹਾਂ ਤੇ ਹਮਲਾ ਕਰ ਦੇਣਾ ਹੈ। ਇਸੇ ਸੰਦਰਭ ਵਿਚ ਸਾਰਿਆਂ ਨੂੰ ਗੁਰੂ ਜੀ ਨੇ ਵਿਸ਼ੇਸ਼ ਹਦਾਇਤ ਕੀਤੀ ਸੀ ਕਿ ਉਹ ਪੂਰੀ ਤਰ੍ਹਾਂ ਚੌਕਸ ਰਹਿਣ।
ਇਸੇ ਤਰ੍ਹਾਂ ਸਭ ਤੋਂ ਅੱਗੇ ਭਾਈ ਅਜਬ ਸਿੰਘ ਦੀ ਅਗਵਾਈ ਵਿਚ 90 ਸਿੰਘਾਂ ਦਾ ਇੱਕ ਜਥਾ ਰਵਾਨਾ ਕੀਤਾ ਗਿਆ। ਇਸ ਜਥੇ ਵਿਚ ਮਾਤਾ ਗੁਜਰੀ ਜੀ, ਦੋ ਛੋਟੇ ਸਾਹਿਬਜ਼ਾਦੇ, ਸੇਵਾਦਾਰ ਅਤੇ ਸੇਵਾਦਾਰਨੀਆਂ ਵੀ ਸ਼ਾਮਿਲ ਸਨ। ਉਨ੍ਹਾਂ ਦੇ ਪਿੱਛੇ ਭਾਈ ਉਦੈ ਸਿੰਘ ਜੀ ਦਾ ਜਥਾ ਅਤੇ ਗੁਰੂ ਗੋਬਿੰਦ ਸਿੰਘ ਜੀ ਕਿਲੇ ਤੋਂ ਬਾਹਰ ਨਿਕਲੇ। ਪਿੱਛੇ-ਪਿੱਛੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਦਾ ਜਥਾ ਚੱਲ ਰਿਹਾ ਸੀ। ਉਨ੍ਹਾਂ ਤੋਂ ਮਗਰ ਭਾਈ ਜੀਵਨ ਸਿੰਘ ਰੰਘਰੇਟਾ ਦਾ ਜਥਾ ਸੀ ਅਤੇ ਸਭ ਤੋਂ ਪਿੱਛੇ ਭਾਈ ਬਚਿੱਤਰ ਸਿੰਘ ਦਾ ਜਥਾ ਕਿਲ੍ਹੇ ਤੋਂ ਰਵਾਨਾ ਹੋਇਆ।
ਜਦੋਂ ਗੁਰੂ ਸਾਹਿਬ ਜੀ ਅਤੇ ਉਨ੍ਹਾਂ ਦੇ ਸਿੰਘ ਕੀਰਤਪੁਰ ਸਾਹਿਬ ਦੇ ਨੇੜੇ ਪਹੁੰਚੇ ਤਾਂ ਮੁਗਲ ਅਤੇ ਪਹਾੜੀ ਫ਼ੌਜਾਂ ਨੇ ਗੁਰੂ ਜੀ ਉੱਤੇ ਹਮਲਾ ਕਰ ਦਿੱਤਾ। ਹਕੀਮ ਮਿਰਜਾ ਅਲਹ ਯਾਰ ਖ਼ਾਂ ਜੋਗੀ ਆਪਣੀ ਬਿਹਤਰੀਨ ਕਾਵਿ ਰਚਨਾ
‘ਸ਼ਹੀਦਾਨਿ-ਵਫ਼ਾ’ ਵਿਚ ਇਸ ਸਬੰਧ ’ਚ ਇੰਝ ਬਿਆਨ ਕਰਦੇ ਹਨ:-
‘ਤਾਰੋਂ ਕੀ ਛਾਓਂ ਕਿਲਾ ਸੇ ਸਤਗੁਰ ਰਵਾਂ ਹੁਏ। ਕਸ ਕੇ ਕਮਰ ਸਵਾਰ ਥੇ ਸਾਰੇ ਜਵਾਂ ਹੁਏ। ਆਗੇ ਲਿਏ ਨਿਸ਼ਾਂ ਕਈ ਸ਼ੇਰੇ ਯਿਆਂ ਹੁਏ। ਕੁਛ ਪੀਛੇ ਜਾਂ-ਨਿਸਾਰ ਗੁਰੂ ਦਰਮਿਯਾਂ ਹੁਏ। ਚਾਰੋਂ ਪਿਸਰ ਹੁਜ਼ੂਰ ਕੇ ਹਮਰਹ ਸਵਾਰ ਥੇ। ਜ਼ੋਰ-ਆਵਰ ਔਰ ਫ਼ਤਹ, ਅਜੀਤ ਔਰ ਜੁਝਾਰ ਥੇ।’
ਕਵੀ ਅੱਲਾ ਯਾਰ ਖਾਂ ਜੋਗੀ ਲਿਖਦੇ ਹਨ।
‘ਪਾ ਜਾਏਂ ਫਿਕਰ ਥਾ ਨਾ ਉਨ੍ਹੇ ਦੁਸ਼ਮਨਾਂ ਕਹੀਂ। ਮਾਤਾ ਕੇ ਸਾਥ ਚਲ ਦਿਏ ਸ਼ਹਜ਼ਾਦਗਾਂ ਕਹੀਂ। ਲਖਤਿ ਜਿਗਰ ਹਜ਼ੂਰ ਕੇ ਜਿਸ ਦਮ ਬਿਛੜ ਗਏ।ਪਾਓਂ ਵਹੀਂ ਵਫੂਰਿ ਮੁਹੱਬਤ ਸੇ ਗੜ ਗਏ।’
ਹਮਲਾ ਹੁੰਦਿਆਂ ਹੀ ਭਾਈ ਉਦੈ ਸਿੰਘ ਦਾ ਜਥਾ ਚੌਕਸ ਹੋ ਗਿਆ। ਸ਼ਾਹੀ ਟਿੱਬੀ ਤੋਂ ਉਨ੍ਹਾਂ ਨੇ ਦੁਸ਼ਮਣ ਫ਼ੌਜਾਂ ਦਾ ਰਾਹ ਰੋਕ ਲਿਆ। ਇਸ ਕਾਰਨ ਭਾਈ ਅਜਬ ਸਿੰਘ ਜੀ ਅਤੇ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦਿਆਂ ਵਾਲਾ ਜਥਾ ਸੁਰੱਖਿਅਤ ਅੱਗੇ ਲੰਘ ਗਿਆ। ਇਸ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਸ਼ਾਹੀ ਟਿੱਬੀ ਉੱਤੇ ਖੁਦ ਪਹੁੰਚੇ ਅਤੇ ਉਨ੍ਹਾਂ ਨੇ ਸਿੰਘਾਂ ਨੂੰ ਪਿਆਰ ਨਾਲ ਕੁੱਝ ਸਮਝਾਇਆ, ਹੌਸਲਾ ਦਿੱਤਾ ਅਤੇ ਥਾਪੜਾ ਦਿੱਤਾ। ਫਿਰ ਆਪਣਾ ਜਾਮਾ ਜੋੜਾ ਭਾਈ ਉਦੈ ਸਿੰਘ ਨੂੰ ਪਹਿਨਾ ਦਿੱਤਾ। ਕਿਹਾ ਜਾਂਦਾ ਹੈ ਕਿ ਭਾਈ ਉਦੈ ਸਿੰਘ ਦੀ ਸ਼ਕਲ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਕਲ ਨਾਲ ਮਿਲਦੀ ਜੁਲਦੀ ਸੀ। ਗੁਰੂ ਜੀ ਨੇ ਭਾਈ ਉਦੈ ਸਿੰਘ ਜੀ ਨੂੰ ਇਹ ਸੁਨੇਹਾ ਵੀ ਦੇ ਦਿੱਤਾ ਕਿ ਪਿੱਛੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਥਾ ਆ ਰਿਹਾ ਹੈ ਤੇ ਤੁਸੀਂ ਉਨ੍ਹਾਂ ਨੂੰ ਰਸਤੇ ਵਿਚ ਕਿਤੇ ਵੀ ਨਾਂ ਰੁਕਣ ਲਈ ਆਖ ਕੇ ਰੋਪੜ ਵੱਲ ਭੇਜ ਦੇਣਾ।
ਸ਼ਾਹੀ ਟਿੱਬੀ ਤੋਂ ਲੜਾਈ ਬਹੁਤ ਤੇਜ਼ ਹੋ ਗਈ ਤੇ ਇੱਧਰ ਬਾਕੀ ਦੇ ਸਾਰੇ ਜਥੇ ਸ਼ਾਹੀ ਟਿੱਬੀ ਤੋਂ ਅੱਗੇ ਲੰਘ ਗਏ। ਹਾਲਾਂਕਿ ਪਿਛਲੇ ਜਥਿਆਂ ਦੇ ਮਨ ਵਿਚ ਇਹ ਵਲਵਲੇ ਉੱਠ ਰਹੇ ਸਨ ਕਿ ਉਹ ਵੀ ਭਾਈ ਉਦੈ ਸਿੰਘ ਦੇ ਨਾਲ ਰਲ ਕੇ ਦੁਸ਼ਮਣ ਨਾਲ ਜੰਗ ਕਰਨ। ਪ੍ਰੰਤੂ ਕਿਉਂਕਿ ਗੁਰੂ ਜੀ ਦਾ ਹੁਕਮ ਸੀ ਕਿ ਉਨ੍ਹਾਂ ਨੇ ਅਗਾਂਹ ਪਹੁੰਚਣਾ ਹੈ ਇਸ ਲਈ ਸਾਰੇ ਸਿੰਘ ਆਪਣੇ ਜਥਿਆਂ ਸਮੇਤ ਅੱਗੇ ਵਧਦੇ ਗਏ। ਭਾਈ ਉਦੈ ਸਿੰਘ ਮੁਗਲ ਫ਼ੌਜ ਦਾ ਟਾਕਰਾ ਕਰਦੇ ਰਹੇ। ਅਖੀਰ ਆਪਣੇ 50 ਸਿੰਘਾਂ ਸਮੇਤ ਭਾਈ ਉਦੈ ਸਿੰਘ ਜੀ ਨੇ ਜੰਗ ਜਾਰੀ ਰੱਖਿਆ। ਕਈ ਸੌ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਉਨ੍ਹਾਂ ਦੇ ਸਾਰੇ ਹੀ ਸਾਥੀ ਸ਼ਹੀਦ ਹੋ ਗਏ। ਭਾਈ ਉਦੈ ਸਿੰਘ ਜੀ ਵੀ ਗੋਲ਼ੀਆਂ ਲੱਗਣ ਕਰਕੇ ਸਖ਼ਤ ਜ਼ਖ਼ਮੀ ਹੋ ਗਏ। ਉਨ੍ਹਾਂ ਫਿਰ ਵੀ ਲੜਾਈ ਜਾਰੀ ਰੱਖੀ। ਅਖੀਰ ਦੁਸ਼ਮਣ ਦੀ ਇਕ ਗੋਲ਼ੀ ਭਾਈ ਉਦੈ ਸਿੰਘ ਜੀ ਦੇ ਮੱਥੇ ਵਿਚ ਵੱਜੀ ਜਿਸ ਨਾਲ ਉਹ ਸ਼ਹੀਦ ਹੋ ਗਏ। ਜਥੇ ਦੇ ਸਾਰੇ ਸਿੰਘਾਂ ਦੇ ਸ਼ਹੀਦ ਹੋ ਜਾਣ ਦੇ ਬਾਵਜੂਦ ਵੀ ਅਜਮੇਰ ਚੰਦ ਦੀਆਂ ਫੌਜਾਂ ਦਾ ਸ਼ਾਹੀ ਟਿੱਬੀ ’ਤੇ ਜਾਣ ਦਾ ਹੀਆਂ ਨਾਂ ਪਿਆ। ਜਦੋਂ ਕਾਫੀ ਸਮਾਂ ਗੋਲ਼ੀ ਨਾਂ ਚੱਲੀ ਤਾਂ ਉਹ ਡਰਦਾ ਡਰਦਾ ਫੌਜਾਂ ਦਾ ਸੁਰੱਖਿਅਤ ਘੇਰਾ ਬਣਾ ਕੇ ਸ਼ਾਹੀ ਟਿੱਬੀ ’ਤੇ ਪੁੱਜਾ। ਸ਼ਾਹੀ ਟਿੱਬੀ ’ਤੇ ਜਾ ਕੇ ਜਦੋਂ ਉਸਨੇ ਭਾਈ ਉਦੈ ਸਿੰਘ ਨੂੰ ਵੇਖਿਆ ਤਾਂ ਉਹ ਖ਼ੁਸ਼ ਹੋ ਗਿਆ ਕਿਉਂਕਿ ਉਸਨੇ ਸਮਝਿਆ ਕਿ ਇਹ ਗੁਰੂ ਜੀ ਹੀ ਸ਼ਹੀਦ ਹੋ ਗਏ ਹਨ। ਅਜਮੇਰ ਚੰਦ ਨੇ ਭਾਈ ਉਦੈ ਸਿੰਘ ਜੀ ਦਾ ਸੀਸ ਕੱਟ ਲਿਆ। ਉਹ ਅਜੇ ਜਸ਼ਨ ਮਨਾ ਹੀ ਰਹੇ ਸਨ ਕਿ ਸੂਹੀਆਂ ਨੇ ਉਨ੍ਹਾਂ ਨੂੰ ਦੱਸ ਦਿੱਤਾ ਕਿ ਗੁਰੂ ਜੀ ਤਾਂ ਅੱਗੇ ਨਿਕਲ ਗਏ ਹਨ। ਜਿਸਨੂੰ ਉਹ ਗੁਰੂ ਗੋਬਿੰਦ ਸਿੰਘ ਜੀ ਸਮਝ ਰਹੇ ਹਨ ਉਹ ਤਾਂ ਭਾਈ ਉਦੈ ਸਿੰਘ ਜੀ ਹਨ। ਇਸ ਲਈ ਸ਼ਰਮਿੰਦਾ ਹੋਈਆਂ ਦੁਸ਼ਮਣ ਫ਼ੌਜਾਂ ਅੱਗੇ ਵੱਲ ਵਧੀਆਂ।
ਅੱਗੇ ਝੱਖੀਆਂ ਦੀ ਜੂਹ ਵਿਚ ਭਾਈ ਜੀਵਨ ਸਿੰਘ ਜੀ ਰੰਗਰੇਟਾ (ਭਾਈ ਜੈਤਾ ਜੀ) ਆਪਣੇ 100 ਸਿੰਘਾਂ ਦੇ ਜਥੇ ਨਾਲ ਡਟੇ ਹੋਏ ਸਨ। ਉਨ੍ਹਾਂ ਦੇ ਜਥੇ ਵਿਚ ਭਾਈ ਆਲਮ ਸਿੰਘ ਨੱਚਣਾ ਦੀ ਸੁਪਤਨੀ ਬੀਬੀ ਭਿੱਖਾਂ ਜੀ ਵੀ ਸ਼ਾਮਲ ਸੀ। ਭਾਵੇਂ ਸਾਰਿਆਂ ਨੇ ਬੜਾ ਜ਼ੋਰ ਲਾਇਆ ਸੀ ਕਿ ਬੀਬੀ ਜੀ ਵੀ ਬਾਕੀ ਸਿੰਘਣੀਆਂ ਦੇ ਨਾਲ ਚਲੀ ਜਾਵੇ ਪ੍ਰੰਤੂ ਉਹ ਨਹੀਂ ਮੰਨੇ ਅਤੇ ਇੱਥੇ ਹੀ ਰਹਿ ਕੇ ਜ਼ਾਲਮਾਂ ਨਾਲ ਦਲੇਰੀ ਨਾਲ ਟਾਕਰਾ ਕਰਨ ਦਾ ਫੈਸਲਾ ਕੀਤਾ। ਜਿਸ ਦੀ ਆਗਿਆ ਗੁਰੂ ਜੀ ਵੱਲੋਂ ਦੇ ਦਿੱਤੀ ਗਈ। ਭਾਈ ਜੀਵਨ ਸਿੰਘ ਰੰਘਰੇਟਾ ਦੇ ਜਥੇ ਨੇ ਮੁਗਲ ਫੌਜਾਂ ਦਾ ਰਾਹ ਰੋਕ ਲਿਆ ਅਤੇ ਉਨ੍ਹਾਂ ਦਾ ਬਹੁਤ ਨੁਕਸਾਨ ਕੀਤਾ। ਹਜਾਰਾਂ ਹੀ ਮੁਗਲ ਇਸ ਲੜਾਈ ਵਿਚ ਮਾਰੇ ਗਏ। ਅਖੀਰ ਭਾਈ ਜੀਵਨ ਸਿੰਘ ਰੰਘਰੇਟਾ ਦੇ ਜਥੇ ਦੇ ਵੀ ਸਾਰੇ ਸਿੰਘ ਸ਼ਹੀਦ ਹੋ ਗਏ। ਇਸੇ ਤਰ੍ਹਾਂ ਲੜਦੇ ਲੜਾਉਂਦੇ ਬਾਕੀ ਸਿੰਘ ਸਰਸਾ ਨਦੀ ਦੇ ਕਿਨਾਰੇ ਪਹੁੰਚ ਗਏ। ਗੁਰੂ ਗੋਬਿੰਦ ਸਿੰਘ ਜੀ ਦੀਆਂ ਫੌਜਾਂ ਨੇ ਕੀਰਤਪੁਰ ਸਾਹਿਬ ਤੋਂ ਦੀ ਹੋ ਕੇ ਝੱਖੀਆਂ ਦੀ ਜੂਹ ਵਿਚੋਂ ਲੰਘ ਕੇ ਅੱਗੇ ਸਰਸਾ ਨਦੀ ਨੂੰ ਪਾਰ ਕਰਨਾ ਸੀ। ਇੱਥੇ ਕੁਝ ਪੱਧਰੀ ਜਗ੍ਹਾ ਸੀ ਤੇ ਅੱਗੋਂ ਗੁਰੂ ਜੀ ਦੇ ਪਰਿਵਾਰ ਲਈ ਚਮਕੌਰ ਸਾਹਿਬ ਨੂੰ ਭੇਜਣਾ ਸੁਰੱਖਿਅਤ ਸੀ। ਪ੍ਰੋਗਰਾਮ ਇਹ ਬਣਾਇਆ ਗਿਆ ਸੀ ਕਿ ਝੱਖੀਆਂ ਦੀ ਜੂਹ ਵਿਚ ਭਾਈ ਜੀਵਨ ਸਿੰਘ ਦੀ ਅਗਵਾਈ ਵਿਚ ਖਾਲਸਾ ਫੌਜਾਂ ਮੋਰਚੇ ਸੰਭਾਲ ਲੈਣਗੀਆਂ। ਉੱਧਰ ਮਲਕਪੁਰ ਰੰਘੜਾਂ ਵਿਖੇ ਭਾਈ ਬਚਿੱਤਰ ਸਿੰਘ ਦਾ ਸੌ ਸਿੰਘਾਂ ਵਾਲਾ ਜਥਾ ਟਾਕਰਾ ਕਰੇਗਾ। ਇਸੇ ਤਰ੍ਹਾਂ ਸੌ ਸਿੰਘਾਂ ਦਾ ਇਕ ਹੋਰ ਜਥਾ ਸਰਸਾ ਨਦੀ ਤੋਂ ਪਾਰ ਹੋ ਕੇ ਰੋਪੜ ਵਾਲੇ ਪਾਸੇ ਕੰਢੇ ’ਤੇ ਡਟ ਕੇ ਦੁਸ਼ਮਣ ਦਾ ਮੁਕਾਬਲਾ ਕਰੇਗਾ। ਇਸ ਦੌਰਾਨ ਪਰਿਵਾਰ ਨੂੰ ਅੱਗੇ ਦੇ ਸਫ਼ਰ ਤੇ ਸੁਰੱਖਿਅਤ ਭੇਜਿਆ ਜਾ ਸਕੇਗਾ।
ਇਸੇ ਤਰ੍ਹਾਂ ਹੀ ਹੋਇਆ।ਦੁਸ਼ਮਣ ਫੌਜਾਂ ਦਾ ਹਮਲਾ ਜਾਰੀ ਸੀ ਤੇ ਅੱਗੇ ਸਿੰਘਾਂ ਦੇ ਵੱਖ-ਵੱਖ ਜਥਿਆਂ ਨਾਲ ਉਨ੍ਹਾਂ ਦਾ ਟਾਕਰਾ ਹੁੰਦਾ ਸੀ। ਸਿੰਘ ਬੜੀ ਬਹਾਦਰੀ ਨਾਲ ਟਾਕਰਾ ਕਰਦੇ ਹੋਏ ਦੁਸ਼ਮਣ ਨੂੰ ਅੱਗੇ ਵਧਣ ਤੋਂ ਰੋਕ ਰਹੇ ਸਨ। ਸਿੰਘ ਭੁੱਖੇ ਵੀ ਸਨ ਤੇ ਰਾਤਾਂ ਦੇ ਉਨੀਂਦਰੇ ਵੀ ਕਿਉਂਕਿ ਕਿਲੇ ਦੀ ਰਾਖੀ ਕਰਦਿਆਂ ਉਨ੍ਹਾਂ ਨੂੰ ਚੱਜ ਨਾਲ ਸੌਣਾ ਵੀ ਨਸੀਬ ਨਹੀਂ ਸੀ ਹੁੰਦਾ। ਪਰ ਧੰਨ ਹਨ ਉਹ ਸਿੰਘ ਜਿਹੜੇ ਆਪਣੇ ਗੁਰੂ ਜੀ ਦੇ ਹੁਕਮਾਂ ਤੇ ਜ਼ਿੰਦਗੀਆਂ ਵਾਰਨ ਲਈ ਤਿਆਰ ਹਨ ਤੇ ਉਨੀਂਦਰੇ ਅਤੇ ਭੁੱਖੇ ਹੋਣ ਦੇ ਬਾਵਜੂਦ ਵੀ ਲੜਾਈ ਜਾਰੀ ਰੱਖ ਰਹੇ ਹਨ।
ਇਸੇ ਤਰ੍ਹਾਂ ਚਲਦੇ-ਚਲਦੇ ਜਦੋਂ ਸਰਸਾ ਨਦੀ ਦੇ ਕਿਨਾਰੇ ’ਤੇ ਪਹੁੰਚੇ ਤਾਂ ਉਸ ਵੇਲੇ ਸਰਸਾ ਨਦੀ ਵਿਚ ਜ਼ੋਰ ਦੀ ਹੜ੍ਹ ਆਇਆ ਹੋਇਆ ਸੀ ਕਿਉਂਕਿ ਪਹਾੜਾਂ ਵਿਚ ਬਹੁਤ ਜ਼ੋਰਦਾਰ ਬਾਰਿਸ਼ ਹੋ ਰਹੀ ਸੀ। ਇਸ ਕਰਕੇ ਇਹ ਰਾਤ ਉੱਥੇ ਹੀ ਬੀਤੀ। ਅਗਲੇ ਦਿਨ 7 ਪੋਹ (6 ਦਸੰਬਰ 1704 ਈ.) ਨੂੰ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਨੇ ਭਾਈ ਦਇਆ ਸਿੰਘ ਜੀ ਨੂੰ ਆਪਣੇ ਕੋਲ ਬੁਲਾਇਆ ਤੇ ਕਿਹਾ, ‘ਦਇਆ ਸਿੰਘ ਜੀ ਸਾਨੂੰ ਜ਼ੋਰ ਦੀ ਭੁੱਖ ਲੱਗੀ ਹੈ। ਭੋਜਨ ਦਾ ਪ੍ਰਬੰਧ ਕਰੋ।’ ਭਾਈ ਦਇਆ ਸਿੰਘ ਜੀ ਨੇ ਕਿਹਾ ਕਿ ਮਹਾਰਾਜ ਪਤਾ ਕਰਦੇ ਹਾਂ ਕਿ ਭੋਜਨ ਬਣ ਸਕਦਾ ਹੈ ਜਾਂ ਅਜੇ ਸਮਾਂ ਲੱਗੇਗਾ ਕਿਉਂਕਿ ਸਾਰੇ ਹੀ ਸਿੰਘ ਮੁਗਲ ਸੈਨਾਵਾਂ ਦਾ ਟਾਕਰਾ ਕਰਨ ਵਿਚ ਲੱਗੇ ਹੋਏ ਹਨ। ਗੁਰੂ ਜੀ ਨੇ ਕਿਹਾ ਕਿ ਇਹ ਭੋਜਨ ਨਹੀਂ ਬਲਕਿ ਆਤਮਿਕ ਭੋਜਨ ਦਾ ਪ੍ਰਬੰਧ ਕਰੋ। ਗੁਰਬਾਣੀ ਦਾ ਕੀਰਤਨ ਕਰੋ। ਆਸਾ ਦੀ ਵਾਰ ਦਾ ਸਮਾਂ ਹੋ ਗਿਆ ਹੈ। ਹਾਲਾਂਕਿ ਭਾਈ ਦਇਆ ਸਿੰਘ ਅਤੇ ਹੋਰ ਸਿੰਘ ਚਾਹੁੰਦੇ ਸਨ ਕਿ ਇੱਥੋਂ ਜਿੰਨੀ ਛੇਤੀ ਹੋ ਸਕੇ ਤਾਂ ਸਰਸਾ ਨਦੀ ਨੂੰ ਪਾਰ ਕਰਕੇ ਅੱਗੇ ਲੰਘਿਆ ਜਾਵੇ ਪ੍ਰੰਤੂ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਉਦਾਹਰਣ ਕਾਇਮ ਕਰਨੀ ਸੀ। ਇਸ ਲਈ ਉਨ੍ਹਾਂ ਕਿਹਾ ਕਿ ਭਾਵੇਂ ਕੁਝ ਵੀ ਹੋ ਜਾਵੇ ਨਿੱਤਨੇਮ ਨਹੀਂ ਛੱਡਣਾ।ਇਸ ਲਈ ਆਸਾ ਦੀ ਵਾਰ ਦਾ ਕੀਰਤਨ ਕੀਤਾ ਜਾਵੇ। ਉਧਰ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ ਅਤੇ ਦੂਜੇ ਪਾਸੇ ਮੁਗਲਾਂ ਨੇ ਹਮਲਾ ਕਰ ਦਿੱਤਾ। ਘੋਰ ਯੁੱਧ ਹੋਣ ਲੱਗਾ ਜਿਸ ਕਰਕੇ ਅਨੇਕਾਂ ਸਿੰਘ ਸ਼ਹੀਦ ਹੋ ਗਏ। ਸਾਰੇ ਹੀ ਸਿੰਘ ਆਪੋ ਆਪਣੀ ਡਿਊਟੀ ਸਮਝ ਕੇ ਜਾਨਾਂ ਹੂਲ ਕੇ ਲੜ ਰਹੇ ਸਨ। ਆਸਾ ਦੀ ਵਾਰ ਦਾ ਕੀਰਤਨ ਚੱਲ ਰਿਹਾ ਸੀ। ਰਾਗੀ ਸਿੰਘ ਸੁਚੇਤ ਹੋ ਕੇ ਛਕੇ ਅਤੇ ਛੰਤ ਪੜ੍ਹ ਰਹੇ ਸਨ। ਰਾਗੀ ਸਿੰਘ ਗਾਇਨ ਕਰ ਰਹੇ ਸਨ:
‘ਮ:1॥ ਵਦੀ ਸੁ ਵਜਗਿ ਨਾਨਕਾ ਸਚਾ ਵੇਖੈ ਸੋਇ॥ ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੁਇ॥ ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ॥3॥’
ਭਾਵ ਇਹ ਕਿ ਜਿਹੜੀ ਗੱਲ ਰੱਬ ਵੱਲੋਂ ਥਾਪੀ ਜਾ ਚੁੱਕੀ ਹੈ ਉਹ ਤਾਂ ਹਰ ਹਾਲਤ ਵਿਚ ਹੋ ਕੇ ਹੀ ਰਹੇਗੀ। ਸਾਰੇ ਹੀ ਜੀਵ ਆਪੋ ਆਪਣਾ ਜ਼ੋਰ ਲਗਾਉਂਦੇ ਹਨ, ਪਰ ਹੁੰਦਾ ਓਹੀ ਹੈ ਜੋ ਰੱਬ ਆਪ ਕਰਦਾ ਹੈ। ਰੱਬ ਦੀ ਦਰਗਾਹ ਵਿਚ ਕਿਸੇ ਵੀ ਦੁਨਿਆਵੀ ਜਾਤ ਪਾਤ ਦਾ ਕੋਈ ਵੀ ਵਿਤਕਰਾ ਨਹੀਂ ਹੈ ਅਤੇ ਨਾਂ ਹੀ ਉੱਥੇ ਕਿਸੇ ਕਿਸਮ ਦਾ ਧੱਕਾ ਚਲ ਸਕਦਾ ਹੈ। ਰੱਬ ਦੀ ਦਰਗਾਹ ਵਿਚ ਉਨ੍ਹਾਂ ਨੂੰ ਹੀ ਆਦਰ ਮਿਲਦਾ ਹੈ ਜਿਨ੍ਹਾਂ ਨੇ ਇੱਥੇ ਚੰਗੇ ਕੰਮ ਕੀਤੇ ਹੋਣਗੇ, ਹੱਕ, ਸੱਚ ਤੇ ਮਜ਼ਲੂਮਾਂ ਲਈ ਲੜਾਈਆਂ ਲੜੀਆ ਹੋਣਗੀਆਂ। ਇਸ ਤਰ੍ਹਾਂ ਉਹ ਸੱਚੇ ਪਾਤਸ਼ਾਹ ਦੀ ਹਜੂਰੀ ਦੇ ਵਿਚ ਜੋਸ਼ ਨਾਲ ਜੰਗ ਲੜ ਰਹੇ ਸਨ। ਅਨੇਕਾਂ ਦੁਸ਼ਮਣ ਮਾਰੇ ਜਾ ਰਹੇ ਸਨ ਤੇ ਇੱਧਰ ਸਿੰਘ ਵੀ ਜ਼ਖ਼ਮੀ ਹੋ ਰਹੇ ਸਨ ਤੇ ਦੁਵੱਲੀ ਲੜਾਈ ਵਿਚ ਸ਼ਹੀਦ ਵੀ ਹੋ ਰਹੇ ਸਨ।
ਤੇ ਫਿਰ ਨਾਲ ਹੀ ਪਉੜੀ ਦੀ ਸਮਾਪਤੀ ਤੋਂ ਬਾਅਦ ਰਾਗੀ ਸਿੰਘ ਜੋਸ਼ੀਲੇ ਸ਼ਬਦ ਵੀ ਗਾਇਨ ਕਰ ਰਹੇ ਸਨ, ‘ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਪਾਓ॥ ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥ ਸੂਰਾ ਸੁ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥’ (ਅੰਗ 1105)
ਦੁਸ਼ਮਣ ਨਾਲ ਟਾਕਰਾ ਕਰ ਰਹੇ ਸਿੰਘਾਂ ਵਿਚ ਇਹ ਸ਼ਬਦ ਸੁਣ ਸੁਣ ਕੇ ਬਹੁਤ ਜੋਸ਼ ਭਰ ਰਿਹਾ ਸੀ ਤੇ ਉਹ ਇਕ ਦੂਜੇ ਤੋਂ ਅੱਗੇ ਹੋ ਹੋ ਕੇ ਲੜ ਰਹੇ ਸਨ। ਬਹੁਤ ਹੀ ਭਿਆਨਕ ਸਮਾਂ ਸੀ.
ਜਦੋਂ ਆਸਾ ਦੀ ਵਾਰ ਦਾ ਭੋਗ ਪਿਆ ਤਾਂ ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਜੇਕਰ ਆਸਾ ਦੀ ਵਾਰ ਦਾ ਕੀਰਤਨ ਨਾ ਸੁਣਦੇ ਤਾਂ ਸ਼ਾਇਦ ਕਿੰਨੇ ਹੀ ਸਿੰਘ ਬਚ ਜਾਂਦੇ। ਦੇਖੋ ਕਿੰਨੇ ਸਿੰਘ ਮੌਤ ਦੇ ਘਾਟ ਉਤਰ ਗਏ ਹਨ। ਗੁਰੂ ਜੀ ਨੇ ਕਿਹਾ ਕਿ ਜੇਕਰ ਅੱਜ ਭਾਵੇਂ ਸਾਰੇ ਹੀ ਸਿੰਘ ਸ਼ਹੀਦ ਹੋ ਜਾਂਦੇ ਤਾਂ ਵੀ ਇਹ ਸੌਦਾ ਬਹੁਤ ਸਸਤਾ ਸੀ ਕਿਉਂਕਿ ਇਹ ਇੱਕ ਮਿਸਾਲ ਕਾਇਮ ਹੋਵੇਗੀ। ਇਹ ਘਟਨਾ ਸਿੱਖਾਂ ਲਈ ਇੱਕ ਰਾਹ ਦਸੇਰਾ ਬਣੇਗੀ ਕਿ ਭਾਵੇਂ ਕਿੰਨੀ ਵੀ ਮੁਸੀਬਤ ਹੋਵੇ, ਗੁਰਸਿੱਖ ਨੇ ਆਪਣਾ ਨਿਤਨੇਮ ਨਹੀਂ ਤਿਆਗਣਾ। (ਸਾਡੇ ਲਈ ਸੋਚਣ ਵਾਲੀ ਗੱਲ ਇਹ ਹੈ ਕਿ ਅੱਜ ਆਪਾਂ ਕਿੱਥੇ ਕੁ ਖੜ੍ਹੇ ਹਾਂ ਤੇ ਨਿਤਨੇਮ ਪ੍ਰਤੀ ਕਿੰਨੇ ਕੁ ਸਮਰਪਿਤ ਹਾਂ ਇਹ ਆਪਾਂ ਸਾਰੇ ਹੀ ਜਾਣਦੇ ਹਾਂ।)
ਇਸੇ ਦੌਰਾਨ ਜਦੋਂ ਸਰਸਾ ਪਾਰ ਕਰਨ ਲੱਗੇ ਤਾਂ ਸਾਰੀ ਵਹੀਰ ਤਿੰਨ ਹਿੱਸਿਆਂ ਵਿਚ ਵੰਡੀ ਗਈ ਇਕ ਪਾਸੇ ਚਾਲੀ ਕੁ ਸਿੰਘ ਗੁਰੂ ਸਾਹਿਬ ਜੀ ਦੇ ਨਾਲ ਦੋ ਵੱਡੇ ਸਾਹਿਬਜ਼ਾਦਿਆਂ ਸਮੇਤ ਸਰਸਾ ਤੋਂ ਪਾਰ ਹੋਏ। ਦੂਜੇ ਪਾਸੇ ਭਾਈ ਮਨੀ ਸਿੰਘ ਜੀ, ਭਾਈ ਜਵਾਹਰ ਸਿੰਘ ਜੀ, ਭਾਈ ਗਰਜਾ ਸਿੰਘ, ਭਾਈ ਸਹਿਜ ਸਿੰਘ, ਭਾਈ ਧੰਨਾ ਸਿੰਘ ਜੀ, ਮਾਤਾ ਸੁੰਦਰ ਕੌਰ ਜੀ ਅਤੇ ਮਾਤਾ ਸਾਹਿਬ ਕੌਰ ਜੀ ਦੇ ਨਾਲ ਭਾਗੋ ਅਤੇ ਬੀਬੋ ਨਾਂ ਦੀਆਂ ਦੋ ਟਹਿਲਣਾ ਰੋਪੜ ਵੱਲ ਨੂੰ ਹੋ ਕੇ ਦਿੱਲੀ ਵੱਲ ਚਲੇ ਗਏ। ਮਾਤਾ ਸਾਹਿਬ ਕੌਰ ਜੀ ਦਾ ਭਰਾ ਭਾਈ ਸਾਹਿਬ ਸਿੰਘ ਜੀ ਵੀ ਇਸ ਵਹੀਰ ਨਾਲ ਅੱਗੇ ਹੋ ਕੇ ਚੱਲ ਰਿਹਾ ਸੀ। ਇਹ ਪਹਿਲਾਂ ਰੋਪੜ ਤੋਂ ਨਿਕਲ ਕੇ ਗੁਰੁੂ ਜੀ ਦੇ ਨਾਨਕੇ ਲਖਨੌਰ ਸਾਹਿਬ ਪੁੱਜੇ ਤੇ ਇੱਥੋਂ ਅੱਗੇ ਦਿੱਲੀ ਲਈ ਰਵਾਨਾ ਹੋਏ।
ਪਰਿਵਾਰ ਦਾ ਤੀਜਾ ਹਿੱਸਾ ਮਾਤਾ ਗੁਜਰੀ ਜੀ, ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ, ਇਹ ਤਿੰਨੋਂ ਇਕ ਪਾਸੇ ਵੱਲ ਨਿਕਲ ਗਏ। ਇਕ ਹਨ੍ਹੇਰੀ ਰਾਤ ਸੀ ਦੂਜਾ ਬਾਰਸ਼ ਜ਼ੋਰਦਾਰ ਹੋ ਰਹੀ ਸੀ ਤੇ ਤੀਜਾ ਸਰਸਾ ਨਦੀ ਦਾ ਠੰਢਾ ਪਾਣੀ ਜਿਸ ਨੇ ਸਾਰੇ ਕੱਪੜੇ ਗਿੱਲੇ ਕਰਕੇ ਠਾਰ ਦਿੱਤੇ ਸਨ। ਉਹ ਸਾਰਿਆਂ ਲਈ ਬਹੁਤ ਹੀ ਮੁਸ਼ਕਿਲਾਂ ਪੇਸ਼ ਕਰ ਰਿਹਾ ਸੀ। ਜਦੋਂ ਠੰਢੀ ਹਵਾ ਜ਼ੋਰ ਦੀ ਚਲਦੀ ਤਾਂ ਗਿੱਲੇ ਕੱਪੜਿਆਂ ਕਾਰਨ ਸਰੀਰ ਬਰਫ ਵਾਂਗ ਸੁੰਨ ਹੋ ਜਾਂਦਾ। ਕਹਿੰਦੇ ਨੇ ਕਿ ਬੱਚੇ ਅਤੇ ਬਜ਼ੁਰਗ ਨੂੰ ਸਰਦੀ ਜ਼ਿਆਦਾ ਨੁਕਸਾਨ ਕਰਦੀ ਹੈ। (ਸਾਹਿਬਜ਼ਾਦੇ ਬੱਚੇ ਸਨ ਤੇ ਮਾਤਾ ਗੁਜਰੀ ਜੀ ਬਜ਼ੁਰਗ ਸਨ।) ਤੇਜ਼ ਵਗ ਰਹੀ ਇਹ ਹਵਾ ਵੀ ਅੱਜ ਕਹਿਰ ਹੀ ਢਾਹ ਰਹੀ ਸੀ।
-ਗੁਰਪ੍ਰੀਤ ਸਿੰਘ ਨਿਆਮੀਆਂ