ਕਈ ਵਰਿਆਂ ਤੋਂ ਆਪਣੇ ਪੈਸੇ ਵਾਪਸ ਹਾਸਲ ਕਰਨ ਜਾਂ ਕਬਜ਼ਾ ਲੈਣ ਲਈ ਥਾਂ ਥਾਂ ਧੱਕੇ ਖਾ ਰਹੇ ਹਨ ਨਿਵੇਸ਼ਕ : ਕੁਲਜੀਤ ਸਿੰਘ ਬੇਦੀ
ਹਰ ਸੰਘਰਸ਼ ਵਿੱਚ ਇਹਨਾਂ ਨਿਵੇਸ਼ਕਾਂ ਦੇ ਨਾਲ ਖੜਾ ਹੋਵਾਂਗਾ ਤਾਂ ਜੋ ਇਹਨਾਂ ਦੀ ਖੂਨ ਪਸੀਨੇ ਦੀ ਕਮਾਈ ਵਾਪਸ ਹੋ ਸਕੇ : ਡਿਪਟੀ ਮੇਅਰ
ਮੋਹਾਲੀ : ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਅੱਜ ਮੋਹਾਲੀ ਦੇ ਬਾਬਾ ਬੰਦਾ ਸਿੰਘ ਬਹਾਦਰ ਬੱਸ ਅੱਡੇ ਦੇ ਇਨਵੈਸਟਰਾਂ ਦੇ ਸੱਦੇ ਉੱਤੇ ਬੱਸ ਅੱਡੇ ਪੁੱਜੇ ਅਤੇ ਇਹਨਾਂ ਇਨਵੈਸਟਰਾਂ ਪਿਛਲੇ 12-14 ਸਾਲਾਂ ਤੋਂ ਆ ਰਹੀਆਂ ਸਮੱਸਿਆਵਾਂ ਸਬੰਧੀ ਉਹਨਾਂ ਨਾਲ ਹਰ ਤਰ੍ਹਾਂ ਨਾਲ ਖੜੇ ਹੋਣ ਦਾ ਭਰੋਸਾ ਦਿੱਤਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਬਸ ਅੱਡਾ ਬਣਾਉਣ ਵੇਲੇ ਇੱਥੋਂ ਦੀ ਪ੍ਰਾਈਵੇਟ ਕੰਪਨੀ ਨੇ ਵੱਡੇ ਵੱਡੇ ਸਬਜ਼ਬਾਗ ਦਿਖਾ ਕੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਇੱਥੇ ਲਗਵਾ ਲਈ ਅਤੇ ਜਿਹੜੇ ਬੀ ਅਤੇ ਸੀ ਟਾਵਰ ਵਿੱਚ ਦਫਤਰ ਦੇਣ ਵਾਸਤੇ ਇਹ ਨਿਵੇਸ਼ ਲਿਆ ਗਿਆ ਉਹ ਟਾਵਰ ਕਦੇ ਬਣੇ ਹੀ ਨਹੀਂ।
ਉਹਨਾਂ ਕਿਹਾ ਕਿ ਹੁਣ ਉਕਤ ਪ੍ਰਾਈਵੇਟ ਕੰਪਨੀ ਡਿਫਾਲਟਰ ਅਤੇ ਦਿਵਾਲੀਆ ਹੋ ਚੁੱਕੀ ਹੈ ਅਤੇ ਇਸ ਬੱਸ ਅੱਡੇ ਦਾ ਜਿੰਮਾ ਇੱਕ ਹੋਰ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤਾ ਗਿਆ ਹੈ ਜੋ ਇਹਨਾਂ ਪੈਸੇ ਲਗਾਉਣ ਵਾਲੇ ਲੋਕਾਂ ਨੂੰ ਕੋਈ ਆਈ ਗਈ ਨਹੀਂ ਦੇ ਰਹੀ ਅਤੇ ਲੱਖ ਰੁਪਏ ਪਿੱਛੇ ਸਿਰਫ 14000 ਹੀ ਵਾਪਸੀ ਕਰਨ ਦੀ ਗੱਲ ਕਰ ਰਹੀ ਹੈ ਉਹ ਵੀ ਕੁਝ ਕਿਸ਼ਤਾਂ ਵਿੱਚ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਉਹਨਾਂ ਨੇ ਬਕਾਇਦਾ ਇਸ ਬੱਸ ਅੱਡੇ ਨੂੰ ਚਾਲੂ ਕਰਵਾਉਣ ਅਤੇ ਇਸ ਦੇ ਨਾਲ ਦੱਬੀ ਹੋਈ ਸੜਕ ਨੂੰ ਮੁੜ ਖੁਲਵਾਉਣ ਲਈ ਅਦਾਲਤ ਵਿੱਚ ਕੇਸ ਪਾਇਆ ਹੋਇਆ ਹੈ ਅਤੇ ਇਹਨਾਂ ਇਨਵੈਸਟਰਾਂ ਨੇ ਉਹਨਾਂ ਨੂੰ ਅੱਜ ਵਿਸ਼ੇਸ਼ ਤੌਰ ਤੇ ਆਪਣੀਆਂ ਸਮੱਸਿਆਵਾਂ ਦੱਸਣ ਲਈ ਬਸ ਅੱਡੇ ਸੱਦਿਆ ਸੀ।
ਉਹਨਾਂ ਇਸ ਮੌਕੇ ਆਪਣੀ ਖੂਨ ਪਸੀਨੇ ਦੀ ਕਮਾਈ ਇਸ ਬੱਸ ਅੱਡੇ ਉੱਤੇ ਲਗਾਉਣ ਵਾਲੇ ਇਹਨਾਂ ਨਿਵੇਸ਼ਕਾਂ ਨੂੰ ਪੂਰਨ ਭਰੋਸਾ ਦਿੱਤਾ ਕਿ ਉਹ ਇਹਨਾਂ ਦੇ ਹਰ ਸੰਘਰਸ਼ ਵਿੱਚ ਇਹਨਾਂ ਦੇ ਨਾਲ ਖੜੇ ਹਨ ਅਤੇ ਆਪਣੇ ਪਾਏ ਹੋਏ ਕੇਸ ਵਿੱਚ ਇਹਨਾਂ ਨੂੰ ਪਾਰਟੀ ਬਣਾਉਣ ਲਈ ਆਪਣੇ ਵਕੀਲ ਨਾਲ ਗੱਲ ਕਰਨਗੇ।
ਇਸ ਮੌਕੇ ਇਹਨਾਂ ਨਿਵੇਸ਼ਕਾਂ ਨੇ ਬੱਸ ਅੱਡੇ ਦੇ ਬਾਹਰ ਖੜੇ ਹੋ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰਬਾਜ਼ੀ ਕੀਤੀ। ਉਹਨਾਂ ਦੱਸਿਆ ਕਿ ਉਹਨਾਂ ਨੇ 2010 ਤੋਂ 2012 ਦੇ ਦਰਮਿਆਨ ਇੱਥੇ ਪੈਸੇ ਲਗਾਏ ਅਤੇ ਉਹਨਾਂ ਨੂੰ ਵੱਡੇ ਵੱਡੇ ਸਬਜ਼ਬਾਗ ਕੰਪਨੀ ਵੱਲੋਂ ਦਿਖਾਏ ਗਏ ਜੋ ਕਦੇ ਪੂਰੇ ਨਹੀਂ ਹੋਏ। ਉਹਨਾਂ ਕਿਹਾ ਕਿ ਉਹਨਾਂ ਨੂੰ ਤਿੰਨ ਸਾਲਾਂ ਵਿੱਚ ਆਪਣੇ ਬਣੇ ਹੋਏ ਦਫਤਰਾਂ ਦਾ ਕਬਜ਼ਾ ਦੇਣ ਦਾ ਵਾਅਦਾ ਕੰਪਨੀ ਵੱਲੋਂ ਕੀਤਾ ਗਿਆ ਸੀ ਪਰ ਇਹ ਟਾਵਰ ਹੀ ਕਦੇ ਨਹੀਂ ਬਣਾਏ ਗਏ ਤਾਂ ਕਬਜ਼ਾ ਕਿੱਥੋਂ ਦੇਣਾ ਸੀ।
ਉਹਨਾਂ ਕਿਹਾ ਕਿ ਕੁਝ ਨਿਵੇਸ਼ਕਾਂ ਨੇ ਹਰ ਮਹੀਨੇ ਵਾਪਸੀ ਦੇ ਅਧਾਰ ਤੇ ਪੈਸੇ ਭਰੇ ਸੀ ਅਤੇ ਉਹਨਾਂ ਨੂੰ ਕੁਝ ਮਹੀਨੇ ਕੰਪਨੀ ਨੇ ਪੈਸੇ ਦਿੱਤੇ ਵੀ ਪਰ ਬਾਅਦ ਵਿੱਚ ਕੰਪਨੀ ਮੁੱਕਰ ਗਈ। ਇੱਕ ਨਿਵੇਸ਼ਕ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਆਪਣੀ ਪੈਨਸ਼ਨ ਦੀ ਬਚਾਈ ਹੋਈ 15 ਲੱਖ ਰੁਪਏ ਦੀ ਰਕਮ ਇੱਥੇ ਲਗਾਈ ਸੀ। ਹੁਣ ਤਾਂ ਉਸ ਦੇ ਪਿਤਾ ਵੀ ਇਸ ਦੁਨੀਆਂ ਵਿੱਚ ਨਹੀਂ ਰਹੇ ਪਰ ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਇਸ ਕੰਪਨੀ ਨੇ ਲੁੱਟ ਲਈ ਹੈ। ਇਸੇ ਤਰ੍ਹਾਂ ਦਾ ਹੋਰ ਨਾ ਨਿਵੇਸ਼ਕਾਂ ਦਾ ਹਾਲ ਹੈ ਜਿਨਾਂ ਨੇ ਆਪਣੀ ਸਾਰੀ ਜ਼ਿੰਦਗੀ ਵੀ ਕਮਾਈ ਇੱਥੇ ਇਹ ਸੋਚ ਕੇ ਲਗਾਈ ਸੀ ਕਿ ਉਹਨਾਂ ਨੂੰ ਇਸ ਬਸ ਅੱਡੇ ਉੱਤੇ ਨਿਵੇਸ਼ ਕਰਨ ਦਾ ਵਿਸ਼ੇਸ਼ ਫਾਇਦਾ ਹਾਸਲ ਹੋਵੇਗਾ ਪਰ ਪਿਛਲੇ 12-14 ਸਾਲਾਂ ਤੋਂ ਉਹ ਆਪਣੇ ਪੈਸੇ ਵਾਪਸ ਲੈਣ ਲਈ ਤਰਲੇ ਕੱਢ ਰਹੇ ਹਨ।
ਉਹਨਾਂ ਕਿਹਾ ਕਿ ਖਪਤਕਾਰ ਅਦਾਲਤ ਵਿੱਚ ਉਹ ਕੇਸ ਜਿੱਤ ਚੁੱਕੇ ਹਨ ਆ ਦੇਖਾ ਪਤਰਕਾਰ ਅਦਾਲਤ ਨੇ ਪੈਸੇ ਵਾਪਸ ਕਰਨ ਦੇ ਨਾਲ ਨਾਲ 12 ਫੀਸਦੀ ਵਿਆਜ ਦੇਣ ਲਈ ਵੀ ਕੰਪਨੀ ਨੂੰ ਕਿਹਾ ਸੀ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।
ਉਹਨਾਂ ਕਿਹਾ ਕਿ ਨਵੀਂ ਕੰਪਨੀ ਦੇ ਖਿਲਾਫ ਵੀ ਉਹਨਾਂ ਨੇ ਨੈਸ਼ਨਲ ਟਰਿਬਿਊਨਲ ਵਿੱਚ ਕੇਸ ਪਾਇਆ ਹੋਇਆ ਹੈ ਅਤੇ ਹਾਈਕੋਰਟ ਵਿੱਚ ਵੀ ਉਹਨਾਂ ਦਾ ਕੇਸ ਚੱਲ ਰਿਹਾ ਹੈ।
ਉਹਨਾਂ ਕਿਹਾ ਕਿ ਗਮਾਡਾ ਨੇ ਵੀ ਇਸ ਕੰਪਨੀ ਦੇ ਖਿਲਾਫ ਵੱਖਰਾ ਕੇਸ ਪਾਇਆ ਹੋਇਆ ਹੈ ਕਿਉਂਕਿ ਜ਼ਮੀਨ ਗਮਾਡਾ ਦੀ ਹੈ। ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਪੂਰੇ ਪੈਸੇ ਵਿਆਜ ਸਮੇਤ ਵਾਪਸ ਕਰਵਾਏ ਜਾਣ ਜਾਂ ਉਹਨਾਂ ਨੂੰ ਕੀਤੇ ਹੋਏ ਵਾਇਦੇ ਅਨੁਸਾਰ ਕਬਜ਼ਾ ਦਵਾਇਆ ਜਾਵੇ।
ਇਸ ਮੌਕੇ ਗਿਆਨ ਸਿੰਘ ਥਿੰਦ, ਵਿਮਲ ਰਾਏ ਕਟਾਰੀਆ, ਡਾਕਟਰ ਹਰਪ੍ਰੀਤ ਸਿੰਘ, ਉਪਕਾਰ ਸਿੰਘ, ਡਾਕਟਰ ਕੇਵਲ ਕ੍ਰਿਸ਼ਨ, ਜਸਪਾਲ ਸਿੰਘ, ਐਮ ਪੀ ਸਿੰਘ, ਰਵਿੰਦਰ ਕੌਰ, ਸਾਈਮਨ ਪੀਟਰ ਸਮੇਤ ਹੋਰ ਨਿਵੇਸ਼ਕ ਮੌਜੂਦ ਸਨ।