ਦੇਹਰਾਦੂਨ/ਚੰਡੀਗੜ੍ਹ : ਇਕ ਅਹਿਮ ਘਟਨਾਕ੍ਰਕਮ ਵਿਚ ਉੱਤਰਾਖੰਡ ਦੇ ਮੁੱਖ ਮੰਤਰੀ ਸ੍ਰੀ ਪੁਸ਼ਕਰ ਸਿੰਘ ਧਾਮੀ ਨੇ ਅੱਜ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਵਫਦ ਨੂੰ ਭਰੋਸਾ ਦੁਆਇਆ ਕਿ ਉਹ ਹਰਿਦੁਆਰ ਵਿਚ ਗੁਰਦੁਆਰਾ ਸ੍ਰੀ ਗਿਆਨ ਗੋਦੜੀ ਲਈ ਥਾਂ ਅਲਾਟ ਕਰਨਗੇ।
ਇਹ ਭਰੋਸਾ ਉਹਨਾਂ ਨੇ ਅਕਾਲੀ ਦਲ ਦੇ ਵਫਦ ਨੂੰ ਅੱਜ ਸਵੇਰੇ ਹੋਈ ਮੁਲਾਕਾਤ ਦੌਰਾਨ ਦੁਆਇਆ। ਸ੍ਰੀ ਪੁਸ਼ਕਰ ਸਿੰਘ ਧਾਮੀ ਨੇ ਭਰੋਸਾ ਦੁਆਇਆ ਕਿ ਉਹ ਹਰਿਦੁਆਰ ਵਿਚ ਗੁਰਦੁਆਰਾ ਸਾਹਿਬ ਲਈ ਥਾਂ ਨਿਸ਼ਚਿਤ ਕਰਨ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਰੋਸੇ ਵਿਚ ਲੈ ਕੇ ਹੀ ਫੈਸਲਾ ਕਰਨਗੇ। ਇਸ ਮਕਸਦ ਲਈ ਛੇਤੀ ਹੀ ਸ਼੍ਰੋਮਣੀ ਕਮੇਟੀ ਦੀ ਇਕ ਟੀਮ ਹਰਿਦੁਆਰ ਦਾ ਦੌਰਾ ਕਰੇਗੀ।
ਸ੍ਰੀ ਧਾਮੀ ਦਾ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਣ ਤੇ ਉਹਨਾਂ ਦਾ ਸਤਿਕਾਰ ਕਰਨ ਲਈ ਧੰਨਵਾਦ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਅਕਾਲੀ ਦਲ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਉਦਾਸੀ ਵਾਲੀ ਥਾਂ ਹਰਿਦੁਆਰ ਵਿਚ ਗੁਰਦੁਆਰਾ ਸਾਹਿਬ ਸਥਾਪਿਤ ਕਰਨ ਦੀ ਪੰਥ ਦੀ ਚਿਰੋਕਣੀ ਮੰਗ ਹੱਲ ਕਰਵਾਉਣ ਵਿਚ ਸਫਲ ਰਿਹਾ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਵੀ ਦੱਸਿਆ ਕਿ ਉੱਤਰਾਖੰਡ ਦੇ ਮੁੱਖ ਮੰਤਰੀ ਊਧਮ ਸਿੰਘ ਨਗਰ ਦੇ ਹਜ਼ਾਰਾਂ ਕਿਸਾਨਾਂ ਦਾ ਮਸਲਾ ਹੱਲ ਕਰਨ ਦਾ ਵੀ ਭਰੋਸਾ ਦੁਆਇਆ ਜਿਹਨਾਂ ਨੂੰ ਸੀਲਿੰਗ ਦੇ ਨੋਟਿਸ ਦਿੱਤੇ ਜਾ ਰਹੇ ਹਨ ਅਤੇ ਉਹਨਾਂ ਦੀ ਜ਼ਮੀਨ ਦੀ ਵਿਕਰੀ ’ਤੇ ਰੋਕਾਂ ਲਗਾਈਆਂ ਜਾ ਰਹੀਆਂ ਹਨ ਜਦੋਂ ਕਿ ਉਹਨਾਂ ਨੇ 70 ਸਾਲ ਪਹਿਲਾਂ ਇਹ ਜ਼ਮੀਨਾਂ ਲਈਆਂ ਸਨ। ਉਹਨਾਂ ਕਿਹਾ ਕਿ ਬਾਜ਼ਪੁਰ ਵਿਚ 4805 ਏਕੜ ਜ਼ਮੀਨ ਦਾ ਇਹ ਮਸਲਾ ਹੱਲ ਹੈ ਤੇ ਇਸ ਕੇਸ ਦੇ ਹੱਲ ਹੋਣ ਨਾਲ ਉੱਤਰਾਖੰਡ ਦੇ ਹਜ਼ਾਰਾਂ ਸਿੱਖ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ ਜਿਹਨਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਉੱਤਰਾਖੰਡ ਦੇ ਜੰਗਲਾਂ ਨੂੰ ਹਰੇ ਭਰੇ ਖੇਤਾਂ ਵਿਚ ਤਬਦੀਲ ਕੀਤਾ।
ਵੇਰਵੇ ਸਾਂਝੇ ਕਰਦਿਆਂ ਸਰਦਾਰ ਬਾਦਲ ਨੇ ਦੱਸਿਆ ਕਿ ਬਾਜ਼ਪੁਰ ਤਹਿਸੀਲ ਦੇ 20 ਪਿੰਡਾਂ ਵਿਚ ਹਜ਼ਾਰਾਂ ਲੋਕ ਵਸਦੇ ਹਨ ਜਿਹਨਾਂ ਨੂੰ ਰਿਕਾਰਡ ਵਿਚ ਪਿਛਲੇ 50 ਸਾਲਾਂ ਤੋਂ 4805 ਏਕੜ ਜ਼ਮੀਨ ਦੇ ਭੂਮੀਦਾਰ ਦੱਸਿਆ ਗਿਆ ਹੈ। ਉਹਨਾਂ ਦੱਸਿਆ ਕਿ ਖੇਤੀਬਾੜੀ ਜ਼ਮੀਨਾਂ ਤੋਂ ਇਲਾਵਾ ਫੈਕਟਰੀ, ਮਾਰਕਿਟਾਂ, ਰਿਹਾਇਸ਼ੀ ਕਲੌਨੀਆਂ ਤੇ ਸਕੂਲ ਵੀ ਇਸ ਇਲਾਕੇ ਵਿਚ ਸਥਿਤ ਹਨ ਜੋ ਅਗਸਤ 1920 ਤੋਂ 2013 ਤੱਕ ਕਰਾਊਨ ਗ੍ਰਾਂਟਸ ਐਕਟ 1895 ਤਹਿਤ ਪਟੇ ’ਤੇ ਦਿੱਤੀ ਸੀ।
ਸਰਦਾਰ ਬਾਦਲ ਨੇ ਦੱਸਿਆ ਕਿ ਇਹ ਮਾਮਲਾ ਅਦਾਲਤ ਵਿਚ ਸੁਣਵਾਈ ਅਧੀਨ ਹੈ ਪਰ ਊਧਮ ਸਿੰਘ ਨਗਰ ਦੇ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਮੀਨ ਮਾਲਕਾਂ ਨੂੰ ਜ਼ਮੀਨ ਜ਼ਬਤ ਕਰਨ ਦੇ ਸੀਲਿੰਗ ਨੋਟਿਸ ਦੇ ਕੇ ਜ਼ਮੀਨ ਦੀ ਖਰੀਦ ਤੇ ਵਿਕਰੀ ’ਤੇ ਪਾਬੰਦੀ ਲਗਾ ਦਿੱਤੀ ਹੈ। ਉਹਨਾਂ ਕਿਹਾ ਕਿ ਜ਼ਮੀਨ ਮਾਲਕ ਪਿਛਲੇ ਮਹੀਨੇ ਉਹਨਾਂ ਨੂੰ ਮਿਲੇ ਸਨ ਤੇ ਇਸੇ ਲਈ ਹੁਣ ਉਹਨਾਂ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਦਾ ਦਖਲ ਮੰਗਿਆ ਹੈ। ਉਹਨਾਂ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਹੁਣ ਕਿਸਾਨਾਂ ਨੂੰ ਨਿਆਂ ਮਿਲ ਜਾਵੇਗਾ ਤੇ ਉਹਨਾਂ ਖਿਲਾਫ ਧੱਕੇਸ਼ਾਹੀ ਦੇ ਜਾਰੀ ਹੁਕਮ ਵਾਪਸ ਲੈ ਲਏ ਜਾਣਗੇ।
ਅਕਾਲੀ ਦਲ ਦੇ ਵਫਦ ਵਿਚ ਸਰਦਾਰ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ੍ਰੀ ਐਨ ਕੇ ਸ਼ਰਮਾ, ਸਰਦਾਰ ਪਰਮਬੰਸ ਸਿੰਘ ਰੋਮਾਣਾ ਸਰਦਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅਤੇ ਬਾਬਾ ਤਰਸੇਮ ਸਿੰਘ ਜੀ ਨਾਨਕਮਤਾ ਡੇਰਾ ਕਾਰ ਸੇਵਾ ਵਾਲੇ ਵੀ ਸ਼ਾਮਲ ਸਨ।