ਕੇਜਰੀਵਾਲ ਨੇ ਮਾਨ ਨੂੰ ਬਣਾਇਆ ਕਠਪੁਤਲੀ ਮੁੱਖ ਮੰਤਰੀ, ਸਿਰਫ਼ ਆਪਣੇ ਨਿੱਜੀ ਮੁਫਾਦਾਂ ਲਈ ਵਰਤ ਰਹੇ: ਬ੍ਰਹਮਪੁਰਾ
ਤਰਨ ਤਾਰਨ : ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਇੰਚਾਰਜ ਸ੍ਰ. ਰਵਿੰਦਰ ਸਿੰਘ ਬ੍ਰਹਮਪੁਰਾ ਨੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਲੈ ਕੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਇੱਕ ਢੌਂਗ ਕਰਨ ਵਾਲੀ ਕਠਪੁਤਲੀ ਤੋਂ ਵੱਧ ਕੁਝ ਨਹੀਂ, ਜਦ ਕਿ ਉਨ੍ਹਾਂ ਦਾਅਵਾ ਕੀਤਾ ਕਿ ਅਸਲੀ ਮੁੱਖ ਮੰਤਰੀ ਤਾਂ ਅਰਵਿੰਦ ਕੇਜਰੀਵਾਲ ਹਨ।
ਬ੍ਰਹਮਪੁਰਾ ਨੇ ਆਮ ਆਦਮੀ ਪਾਰਟੀ ਦੀ ਆਲੋਚਨਾ ਕਰਦਿਆਂ ਭਗਵੰਤ ਮਾਨ ‘ਤੇ ਪੰਜਾਬੀਆਂ ਦੇ ਭਰੋਸੇ ਨਾਲ ਧੋਖਾ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਨੇ ਮਾਨ ਦੀ ਮਾੜੀ ਕਾਰਗੁਜ਼ਾਰੀ ਵਿੱਚ ਪੰਜਾਬ ਦੀ ਬਿਹਤਰੀ ਅਤੇ ਮਹੱਤਵਪੂਰਨ ਭਲਾਈ ਪਹਿਲਕਦਮੀਆਂ ਦੇ ਸੁਧਾਰਾਂ ਦੀ ਘਾਟ ਵੱਲ ਪੰਜਾਬ ਦੇ ਲੋਕਾਂ ਦਾ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ।
ਬ੍ਰਹਮਪੁਰਾ ਨੇ ਦੋਸ਼ ਲਾਇਆ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਆਪ ਦੇ ਹੋਰ ਨੇਤਾਵਾਂ ਨੂੰ ਉਨ੍ਹਾਂ ਦੀ ਪਾਰਟੀ ਲਈ ਰਾਜ ਤੋਂ ਬਾਹਰ ਪ੍ਰਚਾਰ ਦੌਰਾਨ ਮੁਫ਼ਤ ਹਵਾਈ ਯਾਤਰਾ ਦੀ ਸਹੂਲਤ ਦੇਣ ਲਈ ਪੰਜਾਬ ਦੇ ਖਜ਼ਾਨੇ ਨੂੰ ਲੁੱਟਿਆ ਜਾ ਰਿਹਾ ਹੈ ਜਿਸ ਨੂੰ ਉਨ੍ਹਾਂ ਨੇ ਇੱਕ ਲੁੱਟ ਖਸੁੱਟ ਵਜੋਂ ਕਰਾਰ ਦਿੱਤਾ।
ਇਸਤੋਂ ਇਲਾਵਾ ਬ੍ਰਹਮਪੁਰਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਮੁੱਖ ਮੰਤਰੀ ਵਜੋਂ ਗੰਭੀਰਤਾ ਨਾਲ ਨਹੀਂ ਲੈਣਾ ਚਾਹੀਦਾ ਹੈ। ਜਿਵੇਂ ਕਿ ਉਹ ਪੰਜਾਬ ਦੇ ਖਜ਼ਾਨੇ ‘ਤੇ ਆਪਣੇ ਆਕਾਵਾਂ ਦੀਆਂ ਇੱਛਾਵਾਂ ਦੀ ਪੂਰਤੀ ਕਰਨ ਨੂੰ ਪਹਿਲ ਦੇ ਰਹੇ ਹਨ, ਇਸ ਤਰ੍ਹਾਂ ਆਪਣੇ ਨਿੱਜ਼ੀ ਮੁਫ਼ਾਦਾਂ ਅਤੇ ਹਿੱਤਾਂ ਲਈ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਅਜਿਹੇ ਦੋਗਲੇ ਕਿਰਦਾਰਾਂ ਦੀ ਨਿਖੇਧੀ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ‘ਆਪ’ ਆਗੂਆਂ ਦੇ ਇਰਾਦੇ ਬੇਈਮਾਨ ਹਨ ਜੋ ਕਿ ਇਨ੍ਹਾਂ ਨੂੰ ਹਰ ਪੜਾਅ ਉਤੇ ਝੂਠਾ ਸਾਬਤ ਕਰਦੇ ਹਨ।
ਸ੍ਬ੍ਰਹਮਪੁਰਾ ਨੇ ਸਤਲੁਜ-ਯੁਮਾਨਾ ਲਿੰਕ ਨਹਿਰ ਦੇ ਮੁੱਦੇ ‘ਤੇ ਆਮ ਆਦਮੀ ਪਾਰਟੀ ਦੀ ਦੋਹਰੀ ਭੂਮਿਕਾ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਪਾਰਟੀ ਨਹਿਰ ਦੀ ਉਸਾਰੀ ਲਈ ਸਰਵੇ ਕਰਵਾ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਇਸ ਦੋਹਰੇ ਮਾਪਦੰਡ ਨਾਲ ਜਨਤਕ ਤੌਰ ‘ਤੇ ਝੂਠੀ ਬਿਆਨਬਾਜ਼ੀ ਕਰਕੇ ਪੰਜਾਬੀਆਂ ਨੂੰ ਬੇਵਕੂਫ਼ ਬਣਾਇਆ ਜਾ ਰਿਹਾ ਹੈ। ਹਾਲਾਂਕਿ ਭਗਵੰਤ ਮਾਨ ਬੇਵੱਸ ਹਨ, ਜਿਵੇਂ ਕਿ ਉਨ੍ਹਾਂ ਦੇ ਆਕਾ ਅਰਵਿੰਦ ਕੇਜਰੀਵਾਲ ਵਲੋਂ ਭਗਵੰਤ ਮਾਨ ਨੂੰ ਐਸਵਾਈਐਲ ਮੁੱਦੇ ‘ਤੇ ਪੰਜਾਬੀਆਂ ਨੂੰ ਦੁਬਿਧਾ ਵਿੱਚ ਰੱਖਣ ਲਈ ਨਿਰਦੇਸ਼ ਦਿੱਤੇ ਜਾ ਰਹੇ ਹਨ।
ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਤਲੁਜ-ਯਮੁਨਾ ਲਿੰਕ ਨਹਿਰ ‘ਤੇ ਪੰਜਾਬ ਦੇ ਲੋਕਾਂ ਨਾਲ ਦੋਹਰੀ ਨੀਤੀ ਵਰਤ ਰਹੀ ਹੈ। ਇਹ ਐਸਵਾਈਐਲ ਨਹਿਰ ਪੰਜਾਬ ਵਿੱਚ ਕਦੇ ਨਹੀਂ ਬਣੇਗੀ ਜੇਕਰ ਸਰਕਾਰ ਅਜਿਹਾ ਕੋਈ ਕਦਮ ਚੁੱਕਦੀ ਹੈ ਜੋ ਪੰਜਾਬੀਆਂ ਦੀ ਭਲਾਈ ਦੇ ਵਿਰੁੱਧ ਹੈ ਤਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਅਜਿਹੇ ਹੁਕਮਰਾਨਾਂ ਦਾ ਹਰ ਸੰਭਵ ਤਰੀਕੇ ਨਾਲ ਡਟਵਾਂ ਵਿਰੋਧ ਕਰੇਗਾ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਪ੍ਰਤੀ ਆਪਣੀ ਮਨਸ਼ਾ ਪੰਜਾਬੀਆਂ ਨੂੰ ਸਪੱਸ਼ਟ ਤੌਰ ‘ਤੇ ਦੱਸਣੀ ਚਾਹੀਦੀ ਹੈ।