ਅਰਸ਼ਦੀਪ ਸਿੰਘ ਕਲੇਰ ਤੇ ਸਰਬਜੀਤ ਸਿੰਘ ਝਿੰਜਰ ਨੇ ਡਾ. ਬਲਵਿੰਦਰ ਕੌਰ ਦੇ ਖੁਦਕੁਸ਼ੀ ਨੋਟ ਦੇ ਆਧਾਰ ’ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਖਿਲਾਫ ਕੇਸ ਦਰਜ ਨਾ ਕਰਨ ਦੀ ਰੋਪੜ ਪੁਲਿਸ ਦੀ ਕੀਤੀ ਨਿਖੇਧੀ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਭਾਜਪਾ ਪੰਜਾਬ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੂੰ ਸਵਾਲ ਕੀਤਾ ਕਿ ਉਹ ਦੱਸਣ ਕਿ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਸਰਦਾਰ ਇਕਬਾਲ ਸਿੰਘ ਲਾਲਪੁਰਾ ਦੇ ਪੁੱਤਰ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਨੇ ਖੁਦਕੁਸ਼ੀ ਕਰਨ ਵਾਲੇ ਸਹਾਇਕ ਪ੍ਰੋਫੈਸਰ ਡਾ. ਬਲਵਿੰਦਰ ਕੌਰ ਦੀ ਪੰਜ ਸਾਲਾਂ ਦੀ ਧੀ ਨੂੰ 13 ਸਾਲਾਂ ਬਾਅਦ ਸਰਕਾਰੀ ਨੌਕਰੀ ਦੇਣ ਦੇ ਗੈਰ ਸਰਕਾਰੀ ਪੱਤਰ ਦੀ ਗਰੰਟੀ ਕਿਵੇਂ ਲਈ ਹੈ?
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਲੀਗਲ ਸੈਲ ਦੇ ਪ੍ਰਧਾਨ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਤੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਸ੍ਰੀ ਸੁਨੀਲ ਜਾਖੜ ਦੱਸਣ ਕਿ ਕਿਉਂ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਤੇ ਭਾਜਪਾ ਦੀ ਰੋਪੜ ਇਕਾਈ ਦੇ ਪ੍ਰਧਾਨ ਨੇ ਵਿਚੋਲਿਆਂ ਦੀ ਭੂਮਿਕਾ ਅਦਾ ਕੀਤੀ ਤੇ ਸਹਾਇਕ ਪ੍ਰੋਫੈਸਰ ਦੇ ਪਰਿਵਾਰ ਦਾ ਆਮ ਆਦਮੀ ਪਾਰਟੀ ਸਰਕਾਰ ਨਾਲ ਗੈਰ ਕਾਨੂੰਨੀ ਤੇ ਅਣਅਧਿਕਾਰਤ ਸਮਝੌਤਾ ਕਰਵਾਇਆ ਜਦੋਂ ਕਿ ਸ੍ਰੀ ਜਾਖੜ ਨੇ ਆਪ ਮਾਮਲੇ ਵਿਚ ਨਿਆਂ ਲੈਣ ਲਈ ਸੂਬੇ ਦੇ ਰਾਜਪਾਲ ਕੋਲ ਪਹੁੰਚ ਕੀਤੀ ਸੀ।
ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਸਰਦਾਰ ਅਜੈਵੀਰ ਸਿੰਘ ਲਾਲਪੁਰਾ ਨੇ ਫੀਲਡ ਅਫਸਰ ਵੱਲੋਂ ਦਿੱਤੇ ਗੈਰ ਸਰਕਾਰੀ ਭਰੋਸੇ ਨੂੰ ਸਹੀ ਠਹਿਰਾਇਆ ਜਦੋਂ ਕਿ ਉਹ ਜਾਣਦੇ ਸਨ ਕਿ ਸੂਬੇ ਦੇ ਮੰਤਰੀ ਮੰਡਲ, ਮੁੱਖ ਮੰਤਰੀ ਜਾਂ ਸੂਬੇ ਦੇ ਅਮਲਾ ਵਿਭਾਗ ਦੀ ਮੋਹਰ ਦੇ ਬਗੈਰ ਇਸ ਪੱਤਰ ਦੀ ਕੋਈ ਵੁੱਕਤ ਨਹੀਂ ਹੈ। ਆਗੂਆਂ ਨੇ ਸਰਦਾਰ ਲਾਲਪੁਰਾ ਨੂੰ ਆਖਿਆ ਕਿ ਉਹ ਦੱਸਣ ਕਿ ਪੀੜਤ ਪਰਿਵਾਰ ਨੂੰ ਕੀ ਨਿਆਂ ਲੈ ਕੇ ਦਿੱਤਾ ਹੈ ਜਦੋਂ ਡਾ. ਬਲਵਿੰਦਰ ਕੌਰ ਵੱਲੋਂ ਲਿਖੇ ਖੁਦਕੁਸ਼ੀ ਨੋਟ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ, 1158 ਸਹਾਇਕ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨ ਫਰੰਟ ਦੇ ਮੈਂਬਰਾਂ ਨੂੰ ਨੌਕਰੀ ਦੇਣ ਦਾ ਕੋਈ ਭਰੋਸਾ ਨਹੀਂ ਦਿੱਤਾ ਗਿਆ ਅਤੇ ਨਾ ਹੀ ਮ੍ਰਿਤਕ ਦੀ ਧੀ ਨੂੰ ਕੋਈ ਸਹੀ ਨੌਕਰੀ ਦਾ ਪੱਤਰ ਦਿੱਤਾ ਗਿਆ ਹੈ।
ਐਡਵੋਕੇਟ ਕਲੇਰ ਤੇ ਸਰਦਾਰ ਝਿੰਜਰ ਨੇ ਆਪ ਦੇ ਰੋਪੜ ਦੇ ਵਿਧਾਇਕ ਦਿਨੇਸ਼ ਚੱਢਾ ਦੀ ਵੀ ਨਿਖੇਧੀ ਕੀਤੀ ਜਿਹਨਾਂ ਨੇ ਪਰਿਵਾਰ ’ਤੇ ਸਿੱਖਿਆ ਮੰਤਰੀ ਨੂੰ ਬਚਾਉਣ ਵਾਸਤੇ ਦਬਾਅ ਬਣਾਇਆ।
ਇਹਨਾਂ ਆਗੂਆਂ ਨੇ ਰੋਪੜ ਪੁਲਿਸ ਵੱਲੋਂ ਦਬਾਅ ਹੇਠ ਆਉਣ ਤੇ ਡਾ. ਬਲਵਿੰਦਰ ਕੌਰ ਵੱਲੋਂ ਲਿਖਿਆ ਖੁਦਕੁਸ਼ੀ ਨੋਟ ਹੋਣ ਦੇ ਬਾਵਜੂਦ ਮੰਤਰੀ ਹਰਜੋਤ ਬੈਂਸ ਖਿਲਾਫ ਕਾਰਵਾਈ ਨਾ ਕਰਨ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਰੋਪੜ ਪੁਲਿਸ ਨੇ ਪਰਿਵਾਰ ਤੇ ਸਿਵਲ ਸਮਾਜ ਨੂੰ ਗੁੰਮਰਾਹ ਕੀਤਾ ਹੈ ਤੇ ਗਲਤ ਭਰੋਸਾ ਦੁਆਇਆ ਹੈ ਕਿ ਡੀ ਡੀ ਆਰ ਦਰਜ ਕਰਨ ਵੇਲੇ ਮੰਤਰੀ ਨੂੰ ਕੇਸ ਵਿਚ ਨਾਮਜ਼ਦ ਕੀਤਾ ਜਾਵੇਗਾ ਜਦੋਂ ਕਿ ਅਜਿਹਾ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਪੁਲਿਸ ਕਿਵੇਂ ਆਪ ਦੇ ਏਜੰਟ ਵਜੋਂ ਕੰਮ ਕਰ ਰਹੀ ਹੈ।
