ਕਿਹਾ ਕਿ ਆਪ ਤੇ ਇਸਦੀ ਸਿਖ਼ਰਲੀ ਲੀਡਰਸ਼ਿਪ ਹਮੇਸ਼ਾ ਅਕਾਲੀ ਦਲ ਖਿਲਾਫ ਸੋਸ਼ਲ ਮੀਡੀਆ ’ਤੇ ਐਡਿਟ ਕੀਤੀਆਂ ਤੇ ਬਦਨਾਮੀ ਕਰਨ ਵਾਲੀਆਂ ਵੀਡੀਓ ਪੋਸਟ ਕਰਦੀ ਰਹਿੰਦੀ ਹੈ
ਅਜਿਹੇ ਸਾਰੇ ਮਾਮਲਿਆਂ ਵਿਚ ਵੀ ਕਾਰਵਾਈ ਕੀਤੀ ਜਾਵੇ ਤੇ ਸਿਰਫ ਪਰਮਬੰਸ ਸਿੰਘ ਰੋਮਾਣਾ ਨੂੰ ਹੀ ਨਿਸ਼ਾਨਾ ਨਾ ਬਣਾਇਆ ਜਾਵੇ
ਮੁਹਾਲੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਹਨਾਂ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਤੋਂ ਕਈ ਐਡਿਟ ਕੀਤੀਆਂ ਤੇ ਬਦਨਾਮੀ ਕਰਵਾਉਣ ਵਾਲੀਆਂ ਵੀਡੀਓ ਅਪਲੋਡ ਕਰਨ ’ਤੇ ਮੁੱਖ ਮੰਤਰੀ ਖਿਲਾਫ ਸਾਈਬਰ ਕ੍ਰਾਈਮ ਦੀ ਸ਼ਿਕਾਇਤ ਐਸ ਐਸ ਪੀ ਮੁਹਾਲੀ ਨੂੰ ਸੌਂਪੀ ਤੇ ਉਹਨਾਂ ਖਿਲਾਫ ਤੁਰੰਤ ਕਾਰਵਾਈ ਦੀ ਮੰਗ ਕੀਤੀ।
ਅਕਾਲੀ ਦਲ ਦੇ ਪ੍ਰਧਾਨ ਨੇ ਮੁਹਾਲੀ ਦੇ ਐਸ ਐਸ ਪੀ ਡਾ. ਸੰਦੀਪ ਗਰਗ ਨੂੰ ਇਹ ਸ਼ਿਕਾਇਤ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਪਰਮਬੰਸ ਸਿੰਘ ਰੋਮਾਣਾ ਖਿਲਾਫ ਸਾਈਬਰ ਐਕਟ ਤਹਿਤ ਝੂਠਾ ਕੇਸ ਦਰਜ ਕਰਨ ਖਿਲਾਫ ਰੋਸ ਪ੍ਰਗਟ ਲਈ ਸੌਂਪੀ। ਸਰਦਾਰ ਸੁਖਬੀਰ ਸਿੰਘ ਬਾਦਲ ਜਿਹਨਾਂ ਦੇ ਨਾਲ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਰਦਾਰ ਵਿਰਸਾ ਸਿੰਘ ਵਲਟੋਹਾ, ਡਾ. ਦਲਜੀਤ ਸਿੰਘ ਚੀਮਾ ਤੇ ਡਾ. ਸੁਖਵਿੰਦਰ ਕੁਮਾਰ ਸੁੱਖੀ ਵੀ ਸਨ, ਨੇ ਕਿਹਾ ਕਿ ਜਿਸ ਵੀਡੀਓ ਦੇ ਆਧਾਰ ’ਤੇ ਪਰਮਬੰਸ ਰੋਮਾਣਾ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਉਹ 2016 ਤੋਂ ਘੁੰਮ ਰਹੀ ਹੈ ਤੇ ਕਈ ਸਿਆਸੀ ਆਗੂਆਂ ਨੇ ਆਪਣੇ ਪੇਜਾਂ ’ਤੇ ਉਸਨੂੰ ਅਪਲੋਡ ਕੀਤਾ ਹੈ। ਉਹਨਾਂ ਕਿਹਾ ਕਿ ਕਾਰਵਾਈ ਉਹਨਾਂ ਸਭ ਖਿਲਾਫ ਹੋਣੀ ਚਾਹੀਦੀ ਹੈ ਜਿਹਨਾਂ ਨੇ ਵੀਡੀਓ ਐਡਿਟ ਕੀਤੀ ਨਾ ਕਿ ਸਰਦਾਰ ਰੋਮਾਣਾ ਦੇ ਖਿਲਾਫ ਹੋਣੀ ਚਾਹੀਦੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਪੁਲਿਸ ਮੁੱਖ ਮੰਤਰੀ ਦੀ ਕਠਪੁਤਲੀ ਵਾਂਗੂ ਕੰਮ ਕਰ ਰਹੀ ਹੈ। ਉਹਨਾਂ ਕਿਹਾ ਕਿ ਆਪ ਅਤੇ ਇਸਦੀ ਸਿਖ਼ਰਲੀ ਲੀਡਰਸ਼ਿਪ ਸਾਡੀ ਬਦਨਾਮੀ ਕਰਨ ਵਾਸਤੇ ਅਕਸਰ ਹੀ ਸੋਸ਼ਲ ਮੀਡੀਆ ’ਤੇ ਐਡਿਟ ਕੀਤੀਆਂ ਤੇ ਬਦਨਾਮੀ ਕਰਨ ਵਾਲੀਆਂ ਵੀਡੀਓ ਪਾਉਂਦੀ ਰਹਿੰਦੀ ਹੈ। ਪੁਲਿਸ ਨੂੰ ਸਾਡੀ ਸ਼ਿਕਾਇਤ ਮੁਤਾਬਕ ਮੁੱਖ ਮੰਤਰੀ ਸਮੇਤ ਉਹਨਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ।
ਸਰਦਾਰ ਬਾਦਲ ਨੇ ਪੰਜਾਬ ਪੁਲਿਸ ਦੇ ਕੰਮ ਕਰਨ ਦੇ ਤਰੀਕੇ ’ਤੇ ਵੀ ਸਵਾਲ ਚੁੱਕੇ। ਉਹਨਾਂ ਕਿਹਾ ਕਿ ਪੁਲਿਸ ਨੇ ਫੁਰਤੀ ਨਾਲ ਕੇਸ ਦਰਜ ਕਰ ਕੇ ਸਰਦਾਰ ਰੋਮਾਣਾ ਨੂੰ ਗ੍ਰਿਫਤਾਰ ਕਰ ਲਿਆ ਤੇ ਤੱਥਾਂ ਦੀ ਘੋਖ ਤੱਕ ਨਹੀਂ ਕੀਤੀ ਪਰ ਉਹ ਸਿੱਖਿਆ ਮੰਤਰੀ ਸਰਦਾਰ ਹਰਜੋਤ ਬੈਂਸ ਖਿਲਾਫ ਕੇਸ ਦਰਜ ਕਰਨ ਤੋਂ ਇਨਕਾਰੀ ਹੈ ਹਾਲਾਂਕਿ ਅਸਿਸਟੈਂਟ ਪ੍ਰੋਫੈਸਰ ਬਲਵਿੰਦਰ ਕੌਰ ਨੇ ਆਪਣੇ ਖੁਦਕੁਸ਼ੀ ਨੋਟ ਵਿਚ ਮੰਤਰੀ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਹੈ। ਉਹਨਾਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਪੁਲਿਸ ਦਾ ਕਿਵੇਂ ਸਿਆਸੀਕਰਨ ਹੋ ਗਿਆ ਹੈ ਤੇ ਇਹ ਕਿਵੇਂ ਮੁੱਖ ਮੰਤਰੀ ਦਾ ਹੱਥ ਠੋਕਾ ਬਣੀ ਹੋਈ ਹੈ ਤੇ ਸਿਆਸੀ ਵਿਰੋਧੀਆਂ ਖਿਲਾਫ ਬਦਲਾਖੋਰੀ ਦੇ ਕੇਸ ਦਰਜ ਕੀਤੇ ਜਾ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਆਪਣੀਆਂ ਅਸਫਲਤਾਵਾਂ ਤੋਂ ਧਿਆਨ ਪਾਸੇ ਕਰਨ ਵਾਸਤੇ ਇਹ ਸਭ ਕੁਝ ਕਰ ਰਹੇ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਮਾਜ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ। ਹੁਣ ਹਰ ਮੁਹਾਜ਼ ’ਤੇ ਫੇਲ੍ਹ ਹੋਣ ਮਗਰੋਂ ਇਹ ਅਕਾਲੀ ਦਲ ਦੇ ਆਗੂਆਂ ਨੂੰ ਡਰਾਉਣ ਵਾਸਤੇ ਬਦਲਾਖੋਰੀ ਦੀ ਕਾਰਵਾਈ ਕਰਨ ’ਤੇ ਉਤਰ ਗਈ ਹੈ। ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਸਪਸ਼ਟ ਦੱਸਣਾ ਚਾਹੁੰਦਾ ਹਾਂ ਕਿ ਅਕਾਲੀ ਦਲ ਕਦੇ ਵੀ ਅਜਿਹੀਆਂ ਕਾਇਰਾਨਾ ਹਰਕਤਾਂ ਤੋਂ ਡਰਨ ਵਾਲਾ ਨਹੀਂ ਹੈ। ਪਾਰਟੀ ਸਰਦਾਰ ਰੋਮਾਣਾ ਦੇ ਨਾਲ ਡੱਟ ਕੇ ਖੜ੍ਹੀ ਹੈ ਤੇ ਇਹ ਯਕੀਨੀ ਬਣਾਏਗੀ ਕਿ ਆਪ ਦੀ ਤਾਨਾਸ਼ਾਹੀ ਫੇਲ੍ਹ ਹੋਵੇ ਤੇ ਕੇਸ ਵਿਚ ਨਿਆਂ ਕੀਤਾ ਜਾਵੇ।