ਚੰਡੀਗੜ੍ਹ : ਖੇਤੀਬਾੜੀ ਵਿਭਾਗ ਵਿਚ 140 ਕਰੋੜ ਰੁਪਏ ਦੀਆਂ ਪਰਾਲੀ ਸੰਭਾਲ ਮਸ਼ੀਨਾਂ ਗਾਇਬ ਹੋ ਗਈਆਂ ਜਿਸ ਮਗਰੋਂ 900 ਮੁਲਾਜ਼ਮਾਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਸਾਰੀਆਂ ਮਸ਼ੀਨਾਂ ਦੀ ਫਿਜ਼ੀਕਲ ਵੈਰੀਫਿਕੇਸ਼ਨ ਕਰਵਾਉਣ ’ਤੇ ਇਹ ਘਪਲਾ ਬੇਨਕਾਬ ਹੋਇਆ ਹੈ ਜਿਸ ਮਗਰੋਂ ਮੁਲਾਜ਼ਮਾਂ ਨੂੰ 15 ਦਿਨਾਂ ਦੇ ਅੰਦਰ ਅੰਦਰ ਜਵਾਬ ਦੇਣ ਲਈ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ।
ਕੇਂਦਰ ਸਰਕਾਰ ਵੱਲੋਂ ਪਰਾਲੀ ਸੰਭਾਲ ਮਸ਼ੀਨਾਂ ’ਤੇ ਸਬਸਿਡੀਦਿੱਤੀ ਜਾਂਦੀ ਹੈ। ਦੱਸਿਆ ਜਾ ਰਿਹਾ ਹੈ ਕਿ ਸਾਲ 2018-19 ਅਤੇ 2021-22 ਵਿਚ 11000 ਮਸ਼ੀਨਾਂ ਕਦੇ ਕਿਸਾਨਾਂ ਕੋਲ ਪਹੁੰਚੀਆਂ ਹੀ ਨਹੀਂ। ਕੇਂਦਰ ਸਰਕਾਰ ਨੇ ਚਾਰ ਸਾਲਾਂ ਵਿਚ ਇਹਨਾਂ ਮਸ਼ੀਨਾਂ ਦੀ ਖਰੀਦ ਵਸਾਤੇ 1178 ਕਰੋੜ ਰੁਪਏ ਰਾਜ ਸਰਕਾਰ ਨੂੰ ਜਾਰੀ ਕੀਤੇ ਸਨ।
ਇਹ ਮਸ਼ੀਨਾਂ ਫਰੀਦਕੋਟ, ਫਿਰੋਜ਼ਪੁਰ, ਅੰਮ੍ਰਿਤਸਰ, ਗੁਰਦਾਸਪੁਰ, ਫਾਜ਼ਿਲਕਾ, ਬਠਿੰਡਾ, ਮੋਗਾ ਅਤੇ ਪਟਿਆਲਾ ਜ਼ਿਲ੍ਹੇ ਵਿਚ ਗਾਇਬ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਮੁਲਾਜ਼ਮਾ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਉਹਨਾਂ ਵਿਚ ਸਹਾਇਕ ਸਬ ਇੰਸਪੈਕਟਰ, ਖੇਤੀਬਾੜੀ ਵਿਕਾਸ ਅਫਸਰ, ਖੇਤੀਬਾੜੀ ਐਕਸਟੈਂਸ਼ਨ ਅਫਸਰ ਤੇ ਖੇਤੀਬਾੜੀ ਅਫਸਰ ਸ਼ਾਮਲ ਹਨ।