ਚੰਡੀਗੜ੍ਹ : ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਮੋਹਾਲੀ ਪੁਲਿਸ ਦੁਆਰਾ ਇੱਕ ਝੂਠੇ ਮਾਮਲੇ ਵਿੱਚ ਸੀਨੀਅਰ ਪੱਤਰਕਾਰ ਰਜਿੰਦਰ ਤੱਗੜ ਨੂੰ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।
ਯੂਨੀਅਨ ਦੇ ਚੇਅਰਮੈਨ ਬਲਵਿੰਦਰ ਜੰਮੂ, ਪ੍ਰਧਾਨ ਬਲਵੀਰ ਜੰਡੂ, ਕਾਰਜਕਾਰੀ ਪ੍ਰਧਾਨ ਜੈ ਸਿੰਘ ਛਿੱਬਰ, ਖਜਾਨਚੀ ਬਿੰਦੂ ਸਿੰਘ, ਸਕੱਤਰ ਸੰਤੋਖ ਸਿੰਘ ਗਿੱਲ, ਚੰਡੀਗੜ੍ਹ ਯੂਨਿਟ ਦੇ ਚੇਅਰਮੈਨ ਜਗਤਾਰ ਭੁੱਲਰ ਭੁੱਲਰ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਸ ਮਾਮਲੇ ਦੀ ਨਿਰਪੱਖ ਜਾਂਚ ਲਈ ਮੰਗ ਕੀਤੀ ਹੈ।
ਯੂਨੀਅਨ ਆਗੂਆਂ ਨੇ ਕਿਹਾ ਕਿ ਤੱਗੜ ਨੇ ਕੁਝ ਸਮਾਂ ਪਹਿਲਾਂ ਮੋਹਾਲੀ ਪੁਲਿਸ ਦੀਆਂ ਧੱਕੇਸ਼ਾਹੀ ਦੀਆਂ ਕੁਝ ਰਿਪੋਰਟਾਂ ਨਸ਼ਰ ਕੀਤੀਆਂ ਸਨ ਜਿਸ ਕਰਕੇ ਮੋਹਾਲੀ ਪੁਲਿਸ ਨੇ ਬਦਲਾਖੋਰੀ ਭਾਵਨਾ ਨਾਲ ਉਸ ਨੂੰ ਗਿਰਫਤਾਰ ਕੀਤਾ ਹੈ।
ਆਗੂਆਂ ਨੇ ਇਸ ਕਾਰਵਾਈ ਨੂੰ ਪ੍ਰੈਸ ਦੀ ਆਜ਼ਾਦੀ ‘ਤੇ ਸਿੱਧਾ ਹਮਲਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਉਸ ਵਿਰੁੱਧ ਉਸ ਸਮੇਂ ਕਾਰਵਾਈ ਕੀਤੀ ਹੈ ਜਦੋਂ ਲੋਕ ਸਭਾ ਦੀਆਂ ਚੋਣਾਂ ਚਲ ਰਹੀਆਂ ਹਨ।
ਆਗੂਆਂ ਨੇ ਚੋਣ ਕਮਿਸ਼ਨ ਕੋਲੋ ਵੀ ਮੰਗ ਕੀਤੀ ਹੈ ਕਿ ਉਹ ਇਸ ਮਾਮਲੇ ਦਾ ਫੌਰੀ ਨੋਟਿਸ ਲਵੇ ਤੇ ਪੱਤਰਕਾਰ ਨੂੰ ਰਿਹਾਅ ਕਰਵਾਉਣ ਲਈ ਕਾਰਵਾਈ ਕਰੇ। ਆਗੂਆਂ ਨੇ ਮੰਗ ਕੀਤੀ ਕਿ ਪੱਤਰਕਾਰ ਨੂੰ ਤੁਰੰਤ ਰਿਹਾਅ ਕੀਤਾ ਜਾਵੇ।