ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇਮਾਣ ਪੰਜਾਬੀਆਂ ਤੇ ਅੰਤਰ-ਰਾਸ਼ਟਰੀ ਸਾਹਿਤਕ ਮੰਚ, ਇੰਗਲੈਂਡ ਦੇ ਸਹਿਯੋਗ ਨਾਲ ਸਾਂਝੇ ਕਾਵਿ-ਸੰਗ੍ਰਹਿ‘ਸੋਨ ਸੁਨਹਿਰੀ ਕਲਮਾਂ’ਨੂੰ ਲੋਕ ਅਰਪਣ ਕੀਤਾ ਗਿਆ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ।
ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਗੁਰਚਰਨ ਕੌਰ ਕੋਚਰ ਸਨ ਅਤੇ ਪ੍ਰਧਾਨਗੀ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਕੀਤੀ ਗਈ। ਸਮਾਗਮ ਦੇ ਆਰੰਭ ਵਿੱਚ ਪੁਸਤਕ ਦੇ ਮੁੱਖ ਸੰਪਾਦਕ ਲਖਵਿੰਦਰ ਸਿੰਘ ਲੱਖਾ ਸਲੇਮਪੁਰੀ ਵੱਲੋਂ ਸਮੂਹ ਪ੍ਰਧਾਨਗੀ ਮੰਡਲ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ ‘ਜੀ ਆਇਆਂ ਨੂੰ’ ਕਹਿੰਦਿਆਂ ਪੁਸਤਕ ਦੀ ਰਚਨਾ ਪ੍ਰਕਿਰਿਆ ਬਾਰੇ ਗੱਲ ਕੀਤੀ ਗਈ। ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਕਾਵਿ-ਸੰਗ੍ਰਹਿ ‘ਸੋਨ ਸੁਨਹਿਰੀ ਕਲਮਾਂ’ ਨੂੰ ਲੋਕ ਅਰਪਣ ਕੀਤਾ ਗਿਆ।
ਮੁੱਖ ਮਹਿਮਾਨ ਡਾ. ਗੁਰਚਰਨ ਕੌਰ ਕੋਚਰ ਵੱਲੋਂ ਪੁਸਤਕ ਦੀ ਬਣਤਰ ਵਿਚ ਸ਼ਾਮਲ ਹਰ ਸ਼ਖ਼ਸ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਕਿ ਪੁਸਤਕ ਦੀ ਸੰਪਾਦਨਾ ਇਕ ਮੁਸ਼ਕਿਲ ਕਾਰਜ ਹੈ। ਸੰਪਾਦਿਤ ਪੁਸਤਕ ਦੀ ਇਕ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਬਹਾਨੇ ਪਾਠਕ ਇੱਕੋ ਸਮੇਂ ਅਨੇਕਾਂ ਕਵੀਆਂ ਨੂੰ ਪੜ੍ਹ ਸਕਦਾ ਹੈ। ਇਸ ਮੌਕੇ ਡਾ. ਕੋਚਰ ਵੱਲੋਂ ਆਪਣੀ ਗ਼ਜ਼ਲ ਵੀ ਸਾਂਝੀ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਕਰ ਰਹੇਡਾ. ਦਵਿੰਦਰ ਸਿੰਘ ਬੋਹਾ ਵੱਲੋਂ ‘ਸੋਨ ਸੁਨਹਿਰੀ ਕਲਮਾਂ’ ਦੇ ਸੰਪਾਦਕਾਂ ਅਤੇ ਸ਼ਾਮਲ ਕਵੀਆਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਹਥਲੇ ਕਾਵਿ-ਸੰਗ੍ਰਹਿ ਵਿਚ 80 ਕਲਮਕਾਰਾਂ ਦੀਆਂ ਰਚਨਾਵਾਂ ਨੂੰ ਸੰਕਲਿਤ ਕਰਨਾ ਬੜਾ ਵਿਲੱਖਣ ਅਤੇ ਸਾਰਥਕ ਉਪਰਾਲਾ ਹੈ।
ਉਨ੍ਹਾਂ ਇਹ ਵੀ ਆਖਿਆ ਕਿ ਕਵੀਆਂ ਵੱਲੋਂ ਸਮਾਜਿਕ, ਆਰਥਿਕ, ਸਭਿਆਚਾਰਕ ਆਦਿ ਮਸਲਿਆਂ ਨੂੰ ਮੁਖ਼ਾਤਿਬ ਹੋਣਾ ਅਜੋਕੇ ਸਮੇਂ ਦੀ ਲੋੜ ਹੈ। ਇਸ ਨਾਲ ਸੰਵਾਦ ਅੱਗੇ ਤੁਰਦਾ ਹੈ। ਇਸ ਪੁਸਤਕ ਵਿਚ ਸ਼ਾਮਿਲ ਕਵੀਆਂ ਵੱਲੋਂ ਕਵੀ ਦਰਬਾਰ ਦੌਰਾਨ ਆਪਣੀਆਂ ਰਚਨਾਵਾਂ ਨੂੰ ਬੜੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਹੈ।
ਇਸ ਮੌਕੇ ਸ਼ਾਇਰ ਭੱਟੀ ਵੱਲੋਂ ‘ਸ਼ਾਇਰ ਲੋਕ ਅਵੱਲੇ ਹੁੰਦੇ’, ਰਮੇਸ਼ ਕੁਮਾਰ ਜਾਨੂੰ (ਬਟਾਲਾ)ਵੱਲੋਂ ‘ਜਾ ਤੂੰ ਉੱਥੇ ਤੁਰ ਜਾ ਰੱਬਾ’, ਅੰਜੂ ਅਮਨਦੀਪ ਗਰੋਵਰ ਵੱਲੋਂ ‘ਉਹ ਤਾਂ ਹਰ ਹਾਲ ਵਿਚ’, ਸ਼ਿੰਦਾ ਬੁਰਜਾਵਾਲਾ ਵੱਲੋਂ ‘ਸਾਰੇ ਮੰਗਦੇ ਆਂ ਖ਼ੈਰ’, ਸੋਨੀਆ ਬਜਾਜ ਵੱਲੋਂ ‘ਜ਼ਿੱਦ’, ਪ੍ਰਿ. ਬਲਵੀਰ ਸਿੰਘ ਸਨੇਹੀ ਵੱਲੋਂ ‘ਬੀਤੇ ਮੌਸਮ ਦੀ ਗੱਲ’, ਮਨਪ੍ਰੀਤ ਕੌਰ ਲੁਧਿਆਣਾ ਵੱਲੋਂ ‘ਧੀ ਪੰਜਾਬ ਦੀ’, ਹਰਜੀਤ ਸਿੰਘ ਸੱਧਰ ਵੱਲੋਂ ‘ਉੱਜੜ ਉੱਜੜ ਕੇ ਵਸਦਾ ਪਿਐਂ’, ਹਰਜਿੰਦਰ ਕੌਰ ਸੱਧਰ ਵੱਲੋਂ ‘ਮੈਂ ਦੀਵੇ ਬਾਲਦੀ ਹਾਂ’, ਰਣਜੀਤ ਸਿੰਘ ਵੱਲੋਂ ‘ਸਮੇਂ ਸਮੇਂ ਦੀ ਗੱਲ ਹੈ’, ਹਰਦੀਪ ਕੌਰ ਜੱਸੋਵਾਲ ਵੱਲੋਂ ‘ਵਕਤ’, ਕੇਵਲਜੀਤ ਸਿੰਘ ਕੰਵਲ ਵੱਲੋਂ ‘ਬੰਦਾ’, ਸਤਨਾਮ ਸ਼ਦੀਦ ਵੱਲੋਂ ‘ਤੇਰੇ ਸ਼ਹਿਰ ਵਿਚ’, ਹਰਜੀਤ ਕੌਰ ਪਟਿਆਲਾ ਵੱਲੋਂ ‘ਮੈਂ ਪੰਜਾਬੀ’, ਸਾਹਿਬਾ ਜੀਤਨ ਕੌਰ ਵੱਲੋਂ ‘ਨਵੀਂ ਖੇਡ’, ਗੁਰਮੀਤ ਕੌਰ ਬੱਬੀ ਵੱਲੋਂ ‘ਝਿੜਕਾਂ’, ਰਮਨ ਵੱਲੋਂ ‘ਰੂਹਾਂ ਵਾਲਾ ਗੀਤ’,ਡਾ. ਰਵਿੰਦਰ ਕੌਰ ਭਾਟੀਆ,ਰਵਿੰਦਰ ਸਿੰਘ ਸੈਂਪਲਾ,ਜਗਨਨਾਥ ਨਿਮਾਣਾ ਵੱਲੋਂ ਆਪਣੀਆਂ ਆਪਣੀਆਂ ਰਚਨਾਵਾਂ ਸ੍ਰੋਤਿਆਂ ਨਾਲ ਸਾਂਝੀਆਂ ਕੀਤੀਆਂ ਗਈਆਂ।
ਸਮੂਹ ਬੁਲਾਰਿਆਂ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਕਾਰਜ ਸ਼ੈਲੀ ਅਤੇ ਸੁਹਜਮਈ ਦਿੱਖ ਦੀ ਸ਼ਲਾਘਾ ਕਰਦਿਆਂ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਗਈ। ਸਮਾਗਮ ਦੇ ਅੰਤ ਵਿੱਚ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਪਹੁੰਚੇ ਸਾਰੇ ਕਵੀਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਸਹਿ-ਸੰਪਾਦਕ ਦਵਿੰਦਰ ਖੁਸ਼ ਧਾਲੀਵਾਲ ਵੱਲੋਂ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਐੱਸ.ਏ.ਐੱਸ.ਨਗਰ ਨੂੰ ਇਹ ਪ੍ਰੋਗਰਾਮ ਉਲੀਕਣ ਲਈ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿੱਚ ਪਹੁੰਚਣ ਲਈ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਸ਼ਾਇਰ ਭੱਟੀ ਵੱਲੋਂ ਕੀਤਾ ਗਿਆ। ਇਸ ਮੌਕੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।