ਬੂਥਗੜ੍ਹ :
ਬੱਚਿਆਂ ਦੇ ਜਮਾਂਦਰੂ ਨੁਕਸਾਂ ਦੀ ਜਾਂਚ ਅਤੇ ਇਲਾਜ ਸਬੰਧੀ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਅਧੀਨ ਪੈਂਦੇ ਸਿਹਤ ਕੇਂਦਰਾਂ ’ਚ ਜਾਗਰੂਕਤਾ ਕੈਂਪ ਲਗਾਏ ਗਏ। ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦਸਿਆ ਕਿ ਆਰ.ਬੀ.ਐਸ.ਕੇ. ਡਾਕਟਰਾਂ ਦੀ ਟੀਮ ਅਤੇ ਹੋਰ ਸਿਹਤ ਕਾਮਿਆਂ ਵਲੋਂ ਸਿਹਤ ਕੇਂਦਰਾਂ ਵਿਚ ਆਉਣ ਵਾਲੇ ਲੋਕਾਂ ਨੂੰ ਜਾਣਕਾਰੀ ਦਿਤੀ ਗਈ ਕਿ ਕੌਮੀ ਸਿਹਤ ਮਿਸ਼ਨ ਤਹਿਤ ਬੱਚਿਆਂ ਦੇ ਜਮਾਂਦਰੂ ਨੁਕਸਾਂ ਦੀ ਜਾਂਚ ਅਤੇ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।
ਇਨ੍ਹਾਂ ਨੁਕਸਾਂ ਵਿਚ ਮੁੱਖ ਤੌਰ ’ਤੇ ਦਿਲ ਵਿਚਲਾ ਛੇਕ ਤੇ ਦਿਲ ਦੀਆਂ ਹੋਰ ਬੀਮਾਰੀਆਂ, ਟੇਢੇ-ਮੇਢੇ ਬੁੱਲ੍ਹ, ਅੰਸ਼ਕ ਵਿਕਾਸ, ਅੱਖਾਂ ਦੀਆਂ ਬੀਮਾਰੀਆਂ, ਪੈਰਾਂ ’ਚ ਨੁਕਸ ਆਦਿ ਸ਼ਾਮਲ ਹਨ। ਐਸ.ਐਮ.ਓ. ਨੇ ਦਸਿਆ ਕਿ ਰਾਸ਼ਟਰੀ ਬਾਲ ਸਵਾਸਥਯ ਕਾਰਿਆਕ੍ਰਮ (ਆਰ.ਬੀ.ਐਸ.ਕੇ.) ਤਹਿਤ ਬੱਚਿਆਂ ਦੀਆਂ ਕਈ ਬੀਮਾਰੀਆਂ ਦਾ ਬਿਲਕੁਲ ਮੁਫ਼ਤ ਇਲਾਜ ਕੀਤਾ ਜਾਂਦਾ ਹੈ।
ਪਰਵਾਰ ਨੂੰ ਇਲਾਜ ਲਈ ਕੋਈ ਪੈਸਾ ਦੇਣ ਦੀ ਲੋੜ ਨਹੀਂ ਪੈਂਦੀ। ਹਸਪਤਾਲ ਵਲੋਂ ਹੀ ਮਾਲੀ ਸਹਾਇਤਾ ਲਈ ਕਾਗ਼ਜ਼ ਤਿਆਰ ਕੀਤੇ ਜਾਂਦੇ ਹਨ।
ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੇਂਦਰ ਅਤੇ ਪੰਜਾਬ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਵੱਖ-ਵੱਖ ਸਿਹਤ ਯੋਜਨਾਵਾਂ ਅਤੇ ਪ੍ਰੋਗਰਾਮਾਂ ਦਾ ਵੱਧ ਤੋਂ ਵੱਧ ਫ਼ਾਇਦਾ ਲੈਣ।
ਕਿਸੇ ਵੀ ਜ਼ਰੂਰੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਡਾ. ਵਿਕਾਸ ਸਹਿਦੇਵ, ਡਾ. ਸੁਬਿਨ, ਡਾ. ਪ੍ਰਿਯੰਕਾ, ਡਾ. ਰੋਹਿਨੀ, ਐਲ.ਐਚ.ਵੀ. ਗੁਰਮੀਤ ਕੌਰ, ਹੈਲਥ ਇੰਸਪੈਕਟਰ ਗੁਰਤੇਜ ਸਿੰਘ ਅਤੇ ਹੋਰ ਹਾਜ਼ਰ ਸਨ। ਫ਼ੋਟੋ ਕੈਪਸ਼ਨ : ਜਾਂਚ ਸਮੇਂ ਡਾਕਟਰਾਂ ਦੀ ਟੀਮ।