ਗਮਾਡਾ ਦਫਤਰ ਦੇ ਗੇਟ ਸਾਹਮਣੇ, ਸਫਾਈ ਸੇਵਕਾਂ ਵਲੋਂ ਕੂੜਾ ਸੁੱਟ ਕੇ ਕੀਤੀ ਚੇਤਾਵਨੀ ਰੈਲੀ :- ਮੋਹਣ ਸਿੰਘ
ਜੇਕਰ ਤੁਰੰਤ ਹੀ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਸਾਰੇ ਸ਼ਹਿਰ ਦਾ ਸਫਾਈ ਦਾ ਕੰਮ ਬੰਦ/ਹੜਤਾਲ ਕਰਕੇ ਗਮਾਡਾ ਅਤੇ ਨਿਗਮ ਦਫਤਰ ਦਾ ਕੀਤਾ ਜਾਵੇਗਾ ਘਿਰਾਓ :- ਪਵਨ ਗੋਡਯਾਲ
Garbage Problem: ਮੋਹਾਲੀ : ਪਿਛਲੇ ਇਕ ਹਫਤੇ ਤੋਂ ਚੱਲ ਰਹੀ ਸ਼ਹਿਰ ਦੇ ਕੁੜੇ ਦੀ ਸੱਮਸਿਆ ਅਤੇ ਨਿਗਮ ਕਮਿਸ਼ਨਰ ਵਲੋਂ ਬਿਨਾਂ ਬਦਲਵਾਂ ਹੱਲ ਕੱਢੇ ਡੰਪਿੰਗ ਗਰਾਊਂਡ ਬੰਦ ਕਰਨ ਅਤੇ ਗਮਾਡਾ ਵਲੋਂ ਬਸਾਏ ਗਏ ਸੈਕਟਰਾਂ ਦਾ ਗਮਾਡਾ ਵਲੋਂ ਕੋਈ ਪ੍ਰਬੰਧ ਨਾ ਕਰਨ ਅਤੇ ਨਿਗਮ ਵਲੋਂ ਆਪਣੀ ਹੱਦ ਵਿੱਚ ਕੁੜਾ ਸੁੱਟਣ ਨੂੰ ਬਿਲਕੁਲ ਪਾਬੰਦੀ ਲਗਾਉਣ ਦੇ ਵਿਰੁੱਧ ਅੱਜ ਸਫਾਈ ਸੇਵਕਾਂ ਵਲੋਂ ਵੱਡਾ ਇਕੱਠ ਕਰਕੇ ਗਮਾਡਾ ਦੇ ਦਫਤਰ ਦੇ ਸਾਹਮਣੇ ਧਰਨਾ ਲਾਕੇ, ਕੁੜਾ ਸੁੱਟ ਕੇ ਪ੍ਰਦਰਸ਼ਨ ਕਰਕੇ ਚੇਤਾਵਨੀ ਰੈਲੀ ਕੀਤੀ ਗਈ।
ਅੱਜ ਦੀ ਰੈਲੀ ਨੂੰ ਸੰਬੋਧਨ ਕਰਨ ਵਾਲੇ ਸੂਬਾ ਸੀਨੀਅਰ ਵਾਈਸ ਪ੍ਰਧਾਨ ਸ੍ਰੀ ਮੋਹਣ ਸਿੰਘ, ਸੂਬਾ ਜਨਰਲ ਸਕੱਤਰ ਪਵਨ ਗੋਡਯਾਲ, ਪ੍ਰਧਾਨ ਸੋਭਾ ਰਾਮ, ਪ੍ਰਧਾਨ ਜਗਜੀਤ ਸਿੰਘ, ਰਾਜਨ ਚਾਵਰੀਆ, ਅਨਿਲ ਕੁਮਾਰ, ਯਸ਼ਪਾਲ, ਮਨੀਕੰਡਨ, ਸਚਿਨ ਕੁਮਾਰ, ਰਜਿੰਦਰ, ਬ੍ਰਿਜ ਮੋਹਨ, ਰੋਸ਼ਨ ਲਾਲ, ਰਾਜੁ ਸੰਗੇਲਿਆ ਸਮੇਤ ਕਈ ਆਗੂਆਂ ਵਲੋਂ ਸੰਬੋਧਨ ਕਰਦਿਆਂ ਦੱਸਿਆ ਕਿ ਨੈਸ਼ਨਲ ਗਰੀਨ ਟ੍ਰਿਬਿਊਨਲ ਦਾ ਅਸੀ ਸਨਮਾਨ ਕਰਦੇ ਹਾਂ। ਪ੍ਰੰਤੂ ਨਿਗਮ ਕਮਿਸ਼ਨਰ ਵਲੋਂ ਬਦਲਵਾਂ ਪ੍ਰਬੰਧ ਨਾ ਕਰਕੇ ਇੱਕ ਦਮ ਡੰਪਿੰਗ ਗਰਾਊਂਡ ਬੰਦ ਕਰਨਾ ਗਲਤ ਹੈ।
ਸੂਬਾ ਜਨਰਲ ਸਕੱਤਰ ਪਵਨ ਗੋਡਯਾਲ ਵਲੋਂ ਦਸਿੱਆ ਗਿਆ ਕਿ ਸਵੱਛ ਭਾਰਤ ਮਿਸ਼ਨ ਨੂੰ ਕਾਮਯਾਬ ਕਰਨਾ ਸਾਰੇ ਸ਼ਹਿਰ ਵਾਸੀਆਂ ਦੀ ਜ਼ਿੰਮੇਵਾਰੀ ਹੈ। ਕੁੜੇ ਨੂੰ ਸੈਗਰੀਗੇਸ਼ਨ ਕਰਨਾ ਗਿੱਲਾ ਸੁੱਕਾ ਕੂੜਾ ਅਲੱਗ ਅਲੱਗ ਕਰਨਾ ਹਰੇਕ ਸ਼ਹਿਰ ਵਾਸੀ ਦਾ ਕੰਮ ਹੈ। ਪ੍ਰੰਤੂ ਸ਼ਹਿਰ ਵਾਸੀਆਂ ਦੇ ਅਲੱਗ ਅਲੱਗ ਕਰਕੇ ਨਾ ਦੇਣ ਦੇ ਬਾਵਜੂਦ ਵੇਸਟ ਕੁਲੈਕਟਰਾਂ ਵਲੋਂ ਰੋਜ਼ਾਨਾ 75 ਤੋਂ 80 ਪ੍ਰਤੀਸ਼ਤ ਸੈਗਰੀਗੇਸ਼ਨ ਕੀਤਾ ਜਾ ਰਿਹਾ ਹੈ।
ਆਗੂਆਂ ਨੇ ਦੋਸ਼ ਲਾਇਆ ਅਤੇ ਦੱਸਿਆ ਕਿ ਗਮਾਡਾ ਵਲੋਂ ਜੋ ਐਰੋਸਿਟੀ, ਇਕੋਸਿਟੀ, ਆਈਟੀ ਸਿਟੀ, ਆਦਿ ਸੈਕਟਰ ਬਸਾਏ ਹਨ, ਪ੍ਰੰਤੂ ਕੂੜੇ ਦੇ ਪ੍ਰਬੰਧ ਲਈ ਆਰ.ਐਮ.ਸੀ. ਪੁਆਇੰਟਾਂ ਦਾ ਨਿਰਮਾਣ ਨਹੀਂ ਕੀਤਾ ਗਿਆ। ਜਿਸ ਦਾ ਕੂੜਾ ਨਿਗਮ ਵਲੋਂ ਬੰਦ ਕਰ ਦਿੱਤਾ ਗਿਆ ਹੈ। ਅਤੇ ਆਮ ਲੋਕਾਂ ਅਤੇ ਸਫਾਈ ਸੇਵਕਾਂ/ਵੇਸਟ ਕੁਲੈਕਟਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਅੱਜ ਗਮਾਡਾ ਵਿਖੇ ਚੱਲ ਰਹੇ ਧਰਨੇ ਵਿੱਚ ਅਸਟੇਟ ਅਫਸਰ ਹਰਬੰਸ ਸਮੇਤ ਕਈ ਉੱਚ ਅਧਿਕਾਰੀ ਧਰਨੇ ਵਿੱਚ ਆਏ, ਉਪਰੰਤ ਜਥੇਬੰਦੀ ਦੇ ਨੁਮਾਇੰਦਿਆਂ ਨਾਲ ਅਸਟੇਟ ਅਫਸਰ ਨਾਲ ਮੀਟਿੰਗ ਕੀਤੀ ਗਈ। ਜਿਸ ਵਿੱਚ ਅਸਟੇਟ ਅਫਸਰ ਵਲੋਂ ਭਰੋਸਾ ਦਿੱਤਾ ਗਿਆ ਕਿ ਸੱਮਸਿਆ ਗੰਭੀਰ ਹੈ, ਇਸ ਦੇ ਨਿਪਟਾਰੇ ਲਈ ਤੁਰੰਤ ਹੀ ਮੂੱਖ ਪ੍ਰਸ਼ਾਸ਼ਕ ਗਮਾਡਾ ਅਤੇ ਨਿਗਮ ਕਮਿਸ਼ਨਰ ਨਾਲ ਮੀਟਿੰਗ ਕਰਵਾ ਕੇ ਹੱਲ਼ ਕੱਢਿਆ ਜਾਵੇਗਾ।
ਆਗੂਆਂ ਵਲੋਂ ਪ੍ਰੈਸ ਚੇਤਾਵਨੀ ਦਿੱਤੀ ਗਈ ਕਿ ਜੇਕਰ ਤੁਰੰਤ ਪ੍ਰਭਾਵ ਤੋਂ ਸ਼ਹਿਰ ਵਾਸੀਆਂ ਨੂੰ ਅਤੇ ਸਫਾਈ ਸੇਵਕਾਂ ਨੂੰ ਆ ਰਹੀਆਂ ਮੁਸਕਲਾਂ ਅਤੇ ਗਮਾਡਾ ਏਰੀਆ ਵਿੱਚ ਨਵੇਂ ਆਰ.ਐਮ.ਸੀ ਪੁਆਇੰਟ ਨਾਂ ਬਣਵਾਏ ਗਏ ਅਤੇ ਕੁੜਾ ਸੁੱਟਣ ਦਾ ਪ੍ਰਬੰਧ ਨਾ ਕੀਤਾ ਗਿਆ ਅਤੇ ਡੰਪਿੰਗ ਗਰਾਊਂਡ ਨਾ ਖੋਲਿਆ ਗਿਆ ਜਾਂ ਬਦਲਵੀਂ ਸਾਈਟ ਨਾ ਦਿੱਤੀ ਗਈ ਤਾਂ ਆਉਂਦੇ ਦਿਨਾਂ ਵਿੱਚ ਕਿਸੇ ਵੀ ਦਿਨ ਸਾਰੇ ਸ਼ਹਿਰ ਦੀ ਸਫਾਈ ਦਾ ਕੰਮ ਬੰਦ/ਹੜਤਾਲ ਕਰਕੇ ਸਾਰੇ ਸ਼ਹਿਰ ਦਾ ਕੁੜਾ ਇਕੱਠਾ ਕਰਕੇ ਗਮਾਡਾ ਦਫਤਰ ਅਤੇ ਨਗਰ ਨਿਗਮ ਦੇ ਦਫਤਰ ਦੇ ਗੇਟ ਸਾਹਮਣੇ ਸੁੱਟ ਕੇ ਘਿਰਾਓ ਕੀਤਾ ਜਾਵੇਗਾ।ਜਿਸ ਦੀ ਜ਼ਿਮੇਵਾਰੀ ਗਮਾਡਾ ਪ੍ਰਸ਼ਾਸਨ ਅਤੇ ਨਿਗਮ ਮੋਹਾਲੀ ਦੀ ਹੋਵੇਗੀ।