Follow us

16/01/2025 12:27 am

Search
Close this search box.
Home » News In Punjabi » ਚੰਡੀਗੜ੍ਹ » ‘ਪੰਜਾਬ ਦੀ ਨਸ਼ਿਆਂ ਨੂੰ ਨਾਂਹ-ਰੰਗਲੇ ਪੰਜਾਬ ਵੱਲ ਇੱਕ ਕਦਮ’ ਮੁਹਿੰਮ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ

‘ਪੰਜਾਬ ਦੀ ਨਸ਼ਿਆਂ ਨੂੰ ਨਾਂਹ-ਰੰਗਲੇ ਪੰਜਾਬ ਵੱਲ ਇੱਕ ਕਦਮ’ ਮੁਹਿੰਮ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ

ਮਸ਼ਹੂਰ ਹਸਤੀਆਂ ਕੰਵਰ ਗਰੇਵਾਲ, ਕਰਤਾਰ ਚੀਮਾ, ਸੁਨੰਦਾ ਸ਼ਰਮਾ ਅਤੇ ਗੁਰਨਾਮ ਭੁੱਲਰ ਨੇ ਖੁਦ ਮੌਜੂਦ ਰਹਿ ਕੇ ਨਸ਼ਿਆਂ ਵਿਰੁੱਧ ਮੁਹਿੰਮ ਦਾ ਸਮਰਥਨ ਕੀਤਾ

ਐਸ.ਏ.ਐਸ.ਨਗਰ :

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਨੂੰ ਰੰਗਲਾ ਅਤੇ ਸਿਹਤਮੰਦ (ਤੰਦਰੁਸਤ) ਪੰਜਾਬ ਬਣਾਉਣ ਦੇ ਯਤਨਾਂ ਦੀ ਨਿਰੰਤਰਤਾ ਵਿੱਚ ਐਸ.ਏ.ਐਸ.ਨਗਰ ਪੁਲਿਸ ਵੱਲੋਂ ਸਪੋਰਟਸ ਕੰਪਲੈਕਸ, ਸੈਕਟਰ 78, ਮੋਹਾਲੀ ਵਿਖੇ ਕਰਵਾਇਆ ਗਿਆ ਜਾਗਰੂਕਤਾ ਪ੍ਰੋਗਰਾਮ; ‘ਪੰਜਾਬ ਸੇਜ਼ ਨੋ ਟੂ ਡਰੱਗਜ਼ – ਏ ਸਟੈਪ ਟੂਵਰਡਸ ਰੰਗਲਾ ਪੰਜਾਬ’ ਨੂੰ  ਵਿਦਿਆਰਥੀਆਂ ਅਤੇ ਮਸ਼ਹੂਰ ਹਸਤੀਆਂ ਦਾ ਭਰਵਾਂ ਹੁੰਗਾਰਾ ਮਿਲਿਆ।

     ਇਨ੍ਹਾਂ ਮਸ਼ਹੂਰ ਹਸਤੀਆਂ ਚ ਗਾਇਕ ਕੰਵਰ ਗਰੇਵਾਲ, ਅਦਾਕਾਰ ਕਰਤਾਰ ਚੀਮਾ, ਗਾਇਕਾ ਸੁਨੰਦਾ ਸ਼ਰਮਾ ਅਤੇ ਅਦਾਕਾਰ ਤੇ ਗਾਇਕ ਗੁਰਨਾਮ ਭੁੱਲਰ ਨੇ ਨਿੱਜੀ ਤੌਰ ਤੇ ਸ਼ਮੂਲੀਅਤ ਕਰਦੇ ਹੋਏ ਵਿਦਿਆਰਥੀਆਂ ਅਤੇ ਸਮਾਜ ਨੂੰ ਨਸ਼ਿਆਂ ਦੇ ਖਤਰੇ ਤੋਂ ਜਾਗਰੂਕ ਕੀਤਾ।

     ਏ.ਡੀ.ਜੀ.ਪੀ ਰੂਪਨਗਰ ਰੇਂਜ ਜਸਕਰਨ ਸਿੰਘ ਅਤੇ ਐਸ.ਐਸ.ਪੀ ਡਾ. ਸੰਦੀਪ ਗਰਗ ਨੇ ਵਿਸ਼ੇਸ਼ ਤੌਰ ‘ਤੇ ਵਿਦਿਆਰਥੀਆਂ ਨਾਲ ਨਸ਼ਿਆਂ ਸਬੰਧੀ ਉਨ੍ਹਾਂ ਦੇ ਸਵਾਲਾਂ ਦੇ ਹੱਲ ਲਈ ਸੰਵਾਦ ਰਚਾਇਆ।  ਏ.ਡੀ.ਜੀ.ਪੀ ਅਤੇ ਐਸ.ਐਸ.ਪੀ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਖ਼ਸੀਅਤਾਂ, ਜਿਨ੍ਹਾਂ ਨੇ ਇੰਟਰਐਕਟਿਵ ਸੈਸ਼ਨ ਵਿੱਚ ਹਿੱਸਾ ਲਿਆ, ਚ ਵਿਧਾਇਕ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ, ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ, ਡੀ.ਐਲ.ਐਸ.ਏ. ਦੇ ਸਕੱਤਰ ਸੀ.ਜੇ.ਐਮ. ਬਲਜਿੰਦਰ ਸਿੰਘ ਮਾਨ, ਏ.ਡੀ.ਸੀ. (ਜ) ਵਿਰਾਜ ਐਸ ਟਿਡਕੇ, ਮਨੋਰੋਗ ਮਾਹਿਰ ਡਾ. ਕੰਵਰ ਗਰੇਵਾਲ, ਕਰਤਾਰ ਚੀਮਾ, ਗੁਰਨਾਮ ਭੁੱਲਰ ਅਤੇ ਸੁਨੰਦਾ ਸ਼ਰਮਾ ਦੇ ਨਾਮ ਸ਼ਾਮਿਲ ਹਨ।

     ਅਦਾਕਾਰ ਕਰਤਾਰ ਚੀਮਾ ਅਤੇ ਪੱਤਰਕਾਰ ਗੁਰਪ੍ਰੀਤ ਸਿੰਘ ਨਿਆਮੀਆ ਨੇ ਵੀ ਵਿਦਿਆਰਥੀਆਂ ਨੂੰ ਪ੍ਰੇਰਕ ਬੁਲਾਰੇ ਵਜੋਂ ਸੰਬੋਧਨ ਕੀਤਾ। ਨਿਆਮੀਆ ਨੇ ਆਉਣ ਵਾਲੀ ਪੀੜੀ ਨੂੰ ਨਸ਼ਿਆਂ ਦੀ ਅਲਾਮਤ ਤੋਂ ਦੂਰ ਰੱਖਣ ਲਈ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਰਮਾਂ ਦੇ ਹਵਾਲੇ ਦੇ ਕੇ ਨੌਜਵਾਨ ਪੀੜ੍ਹੀ ਨੂੰ ਗੁਰਬਾਣੀ ਉਪਦੇਸ਼ਾਂ ਨਾਲ ਪ੍ਰੇਰਿਆ।

    ਅਭਿਨੇਤਾ ਕਰਤਾਰ ਚੀਮਾ ਨੇ ਸਰੀਰਕ ਕਸਰਤ ਪ੍ਰਤੀ ਆਪਣੀ ਵਚਨਬੱਧਤਾ ਨਾਲ ਨੌਜਵਾਨ ਪੀੜ੍ਹੀ ਦੇ ਰੂਬਰੂ ਹੁੰਦਿਆਂ ਕਿਹਾ ਕਿ ਦਿਮਾਗ ਨੂੰ ਅਸਥਾਈ ਤੌਰ ‘ਤੇ ਰਾਹਤ ਦੇਣ ਲਈ ਜੋ ਡੋਪਾਮਾਇਨ ਹਾਰਮੋਨ ਨਸ਼ਿਆਂ ਤੋਂ ਪ੍ਰਾਪਤ ਹੁੰਦਾ ਹੈ, ਉਸ ਬਹੁਤ ਹਾਨੀਕਾਰਕ ਹੁੰਦਾ ਹੈ। ਇਸ ਲਈ, ਸਾਨੂੰ ਇਨ੍ਹਾਂ ਥੋੜ੍ਹੇ ਸਮੇਂ ਦੀਆਂ ਖੁਸ਼ੀਆਂ ਤੋਂ ਬਚਣਾ ਚਾਹੀਦਾ ਹੈ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਨਿਯਮਤ ਕਸਰਤ ਕਰਨੀ ਚਾਹੀਦੀ ਹੈ।

    ਸੁਰਿੰਦਰ ਨਰੂਲਾ ਦਾ ਲਿਖਿਆ ਨੁੱਕੜ ਨਾਟਕ ‘ਵਾਪਸੀ’ ਚਾਈਨੀਜ ਗਿੱਲ ਦੀ ਅਗਵਾਈ ਵਾਲੀ ਵਾਤਸਲ ਛਾਇਆ ਟੀਮ ਵੱਲੋਂ ਖੇਡਿਆ ਗਿਆ।  ਇਸ ਵਿੱਚ ਇੱਕ ਨਸ਼ੇੜੀ ਨੌਜਵਾਨ ਦੀ ਕਹਾਣੀ ਦੱਸੀ ਗਈ ਹੈ ਜੋ ਆਪਣੇ ਦੋਸਤਾਂ ਵੱਲੋਂ ਕੀਤੇ ਗਏ ਸੁਹਿਰਦ ਯਤਨਾਂ ਨਾਲ ਨਸ਼ਿਆਂ ਦੀ ਆਦੀ ਹੋਣ ਬਾਅਦ ਮੁੱਖ ਧਾਰਾ ਵਿੱਚ ਵਾਪਸ ਆਇਆ ਹੈ।

    ਇੰਟਰਐਕਟਿਵ ਸੈਸ਼ਨ ਦੌਰਾਨ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਪ੍ਰਮੁੱਖ ਸਵਾਲ ਸਨ ਕਿ ਨਸ਼ਾਖੋਰੀ ਨੂੰ ਕਿਵੇਂ ਰੋਕਿਆ ਜਾਵੇ ਅਤੇ ਇਸ ਤੋਂ ਕਿਵੇਂ ਦੂਰ ਰਿਹਾ ਜਾਵੇ, ਸਪਲਾਇਰਾਂ ਵਿਰੁੱਧ ਕਾਰਵਾਈ, ਸੁਰੱਖਿਆ ਬਲ ਕੌਮਾਂਤਰੀ ਹੱਦਾਂ ਤੇ ਸਪਲਾਈ ਦੀ ਰੋਕਥਾਮ ਕਿਵੇਂ ਕਰਦੇ ਹਨ, ਨਸ਼ਿਆਂ ਵਿੱਚ ਸ਼ਾਮਲ ਹੋਣ ‘ਤੇ ਪੁਲਿਸ ਮੁਲਾਜ਼ਮਾਂ ਵਿਰੁੱਧ ਕੀ ਕਾਰਵਾਈ ਕੀਤੀ ਜਾਂਦੀ ਹੈ ਤੋਂ ਇਲਾਵਾ ਨਸ਼ਾ ਸਪਲਾਈ ਕਰਨ ਵਾਲਿਆਂ ਦੀ ਸੂਚਨਾ ਦੇਣ ਅਤੇ ਨਸ਼ੇ ਦੇ ਆਦੀ ਦੇ ਪੁਨਰਵਾਸ ਆਦਿ ਲਈ ਪੁਲਿਸ ਤੱਕ ਕਿਵੇਂ ਪਹੁੰਚ ਕੀਤੀ ਜਾਵੇ।

     ਏ.ਡੀ.ਜੀ.ਪੀ ਰੋਪੜ ਰੇਂਜ ਜਸਕਰਨ ਸਿੰਘ ਨੇ ਇਕ-ਇਕ ਕਰਕੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਨਸ਼ਾ ਸਪਲਾਈ ਕਰਨ ਵਾਲਿਆਂ ਅਤੇ ਉਨ੍ਹਾਂ ਦੇ ਮੱਦਦਗਾਰਾਂ ਅਤੇ ਜੇਕਰ ਕੋਈ ਪੁਲਿਸ ਮੁਲਾਜ਼ਮ ਵੀ ਸ਼ਾਮਿਲ ਹੈ, ਉਨ੍ਹਾਂ ਦੇ ਨਾਲ ਨਜਿੱਠਣ ਲਈ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਦੀ 100 ਕਰੋੜ ਤੋਂ ਵੱਧ ਕੀਮਤ ਦੀ ਜਾਇਦਾਦ ਜ਼ਬਤ ਕਰ ਲਈ ਹੈ ਜੋ ਡਰੱਗ ਮਨੀ ਦੀ ਮਦਦ ਨਾਲ ਇਕੱਠੀ ਕੀਤੀ ਗਈ ਸੀ।  ਉਨ੍ਹਾਂ ਕਿਹਾ ਕਿ ਸੁਰੱਖਿਆ ਬਲ ਖਾਸ ਕਰਕੇ ਡਰੋਨ ਰਾਹੀਂ ਸਰਹੱਦ ਪਾਰ ਤਸਕਰੀ ਨੂੰ ਰੋਕਣ ਲਈ ਵਧੇਰੇ ਸਰਗਰਮ ਹਨ।  ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਹਰ ਮਾੜੀ ਆਦਤ ਨੂੰ ਨਾਂਹ ਕਹਿਣਾ ਸਿੱਖਣ, ਮੈਨੂੰ ਕੀ ਵਾਲਾ ਰਵਈਆ ਬਦਲਣ, ਕਿਉਂਕਿ ਜੇਕਰ ਮਾੜੇ ਅਨਸਰਾਂ ਵਿਰੁੱਧ ਮੁੱਢਲੇ ਪੜਾਅ ‘ਤੇ ਹੀ ਆਵਾਜ਼ ਨਾ ਉਠਾਈ ਗਈ ਤਾਂ ਨਸ਼ਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੱਕ ਵੀ ਪਹੁੰਚ ਸਕਦਾ ਹੈ। ਉਨ੍ਹਾਂ ਸਮਾਜ ਨੂੰ ਮਾੜੇ ਅਨਸਰਾਂ ਦੇ ਚੁੰਗਲ ਤੋਂ ਬਚਾਉਣ ਲਈ ਜ਼ਿੰਮੇਵਾਰ ਨਾਗਰਿਕ ਬਣਨ ਅਤੇ ਉਨ੍ਹਾਂ ਦੇ ਗਲਤ ਕੰਮਾਂ ਦੀ ਸੂਚਨਾ ਪੁਲਿਸ ਨੂੰ ਦੇਣ ਦੀ ਅਪੀਲ ਕੀਤੀ।

     ਐਸ ਐਸ ਪੀ ਡਾ. ਸੰਦੀਪ ਗਰਗ ਨੇ ਨਸ਼ਿਆਂ ਸਬੰਧੀ ਸੂਚਨਾ ਦੇਣ ਲਈ ਜ਼ਿਲ੍ਹਾ ਹੈਲਪ ਲਾਈਨ ਵ੍ਹਟਸਐਪ ਨੰਬਰ 8054100112 ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਅਪਣਾ ਰਹੀ ਹੈ।  ਪੁਲਿਸ ਮੁਲਾਜ਼ਮਾਂ ਸਮੇਤ ਨਸ਼ਿਆਂ ਦੇ ਫੈਲਾਅ ਜਾਂ ਸਪਲਾਈ ਲਈ ਜ਼ਿੰਮੇਵਾਰ ਪਾਏ ਜਾਣ ਵਾਲੇ ਹਰੇਕ ਵਿਅਕਤੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਪਿਛਲੇ ਸਮੇਂ ਵਿੱਚ ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਹਨ ਜਿਨ੍ਹਾਂ ਚ ਪੁਲਿਸ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ।

     ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਬਲਜਿੰਦਰ ਸਿੰਘ ਮਾਨ ਨੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਉਹ ਇਸ ਤੋਂ ਦੂਰ ਰਹਿਣ ਲਈ ਚੰਗੀਆਂ ਕਿਤਾਬਾਂ ਪੜ੍ਹਨ ਦੀ ਆਦਤ ਪਾਉਣ।

    ਮਨੋਵਿਗਿਆਨੀ ਡਾ. ਗੁਰਮੁੱਖ ਸਿੰਘ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਧਿਆਨ, ਮਾਤਾ-ਪਿਤਾ ਦੁਆਰਾ ਆਪਣੇ ਬੱਚਿਆਂ ‘ਤੇ ਨਿਗਰਾਨੀ ਰੱਖਣ ਅਤੇ ਉਨ੍ਹਾਂ ਨੂੰ ਪਰਿਵਾਰ ਅਤੇ ਹੋਰ ਉਸਾਰੂ ਗਤੀਵਿਧੀਆਂ ਵਿੱਚ ਰੁੱਝੇ ਰੱਖਣ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਪ੍ਰਭਾਵ ਤੋਂ ਬਚਾਇਆ ਜਾ ਸਕਦਾ ਹੈ।

    ਗਾਇਕ ਕੰਵਰ ਗਰੇਵਾਲ ਨੇ ਇੱਕ ਸਵਾਲ ਦਾ ਜੁਆਬ ਦਿੰਦਿਆਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਨਸ਼ੇ ਤੋਂ ਨਿਰਲੇਪ ਰਹਿਣ ਲਈ ਨੂੰ ਆਪਣੇ ਨਿਸ਼ਾਨੇ ਨੂੰ ਉੱਚਾ ਰੱਖਣ ਅਤੇ ਇਸ ਦੀ ਪ੍ਰਾਪਤੀ ‘ਤੇ ਧਿਆਨ ਦੇਣ।

    ਗੁਰਨਾਮ ਭੁੱਲਰ ਅਤੇ ਸੁਨੰਦਾ ਸ਼ਰਮਾ ਨੇ ਆਪਣੀ ਦਿਲਚਸਪ ਪੇਸ਼ਕਾਰੀ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ ਦੀ ਅਲਾਮਤ ਤੋਂ ਸੁਚੇਤ ਕਰਦਿਆਂ ਆਪਣੇ ਟੀਚੇ ਨਾਲ ਅੱਗੇ ਵਧਣ ਅਤੇ ਮਾੜੇ ਅਨਸਰਾਂ ਅਤੇ ਆਦਤਾਂ ਤੋਂ ਦੂਰ ਰਹਿਣ ਲਈ ਕਿਹਾ।

    ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸਨ ਪ੍ਰਭਜੋਤ ਕੌਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਮਾਨਦਾਰ ਯਤਨਾਂ ਨਾਲ ਪੰਜਾਬ ਦੀ ਸ਼ਾਨ ਨੂੰ ਮੁੜ ਸੁਰਜੀਤ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਜ਼ਿਲ੍ਹਾ ਪੁਲਿਸ ਵੱਲੋਂ ਅਜਿਹੇ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਲੋਕਾਂ ਨੂੰ, ਖਾਸ ਕਰਕੇ ਸਾਫਟ ਟਾਰਗੇਟ, ਵਿਦਿਆਰਥੀਆਂ ਨੂੰ ਨਸ਼ਿਆਂ ਦੀ ਅਲਾਮਤ ਪ੍ਰਤੀ ਜਾਗਰੂਕ ਕਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ।

    ਨਸ਼ਿਆਂ ਦੀ ਬੁਰਾਈ ਵਿਰੁੱਧ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀ ਜਗਮੀਤ ਸਿੰਘ, ਤਨੀਸ਼ਾ ਸ਼ਰਮਾ ਕੌਸ਼ਿਕ ਅਤੇ ਨੰਦਿਨੀ ਰਾਣੀ ਨੂੰ ਵੀ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

     ਐਸ ਪੀ (ਐਚ) ਡਾ. ਜਯੋਤੀ ਯਾਦਵ ਵਲੋਂ ਧੰਨਵਾਦ ਕੀਤਾ ਗਿਆ। ਹੋਰਨਾਂ ਵਿੱਚ ਐਸ ਡੀ ਐਮ ਚੰਦਰ ਜਯੋਤੀ ਸਿੰਘ, ਐਸ ਪੀਜ਼ ਅਕਾਸ਼ਦੀਪ ਸਿੰਘ ਔਲਖ, ਐਚ ਐਸ ਮਾਨ, ਮਨਪ੍ਰੀਤ ਸਿੰਘ, ਡੀ ਐਸ ਪੀਜ਼ ਹਰਸਿਮਰਨ ਸਿੰਘ ਬੱਲ, ਹਰਸਿਮਰਤ ਸਿੰਘ ਛੇਤਰਾ, ਉਲੰਪੀਅਨ ਧਰਮਵੀਰ, ਨਰਿੰਦਰ ਚੌਧਰੀ, ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਗਿੰਨੀ ਦੁੱਗਲ, ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਮੌਜੂਦ ਸਨ।

dawn punjab
Author: dawn punjab

Leave a Comment

RELATED LATEST NEWS

Top Headlines

Live Cricket

Rashifal