ਮੋਦੀ ਸਰਕਾਰ ਨੇ ਪੈਟਰੋਲ-ਡੀਜ਼ਲ ਤੇ ਵੈਟ ਘਟਾਇਆ ਪੰਜਾਬ ਸਰਕਾਰ ਵੀ ਘਟਾਏ : ਅਕਾਲੀ-ਭਾਜਪਾ
ਚੰਡੀਗੜ੍ਹ : ਕੇਂਦਰ ਦੀ ਮੋਦੀ ਸਰਕਾਰ ਨੇ ਬੇਸ਼ੱਕ ਪੈਟਰੋਲ ਡੀਜ਼ਲ ਦੇ ਰੇਟ ਘਟਾਏ ਹਨ ਪਰ ਇਸ ਪਿੱਛੇ ਮਨਸ਼ਾ ਕੀ ਹੈ ? ਇਹ ਸਿਆਸੀ ਮਾਹਰ ਜਾਣਦੇ ਤਾਂ ਹਨ ਪਰ ਆਪਣਾ ਮੂੰਹ ਨਹੀਂ ਖੋਲ੍ਹਣਗੇ।
ਦਰਅਸਲ ਇਹ ਲੋਕਾਂ ਨੂੰ ਰਾਹਤ ਆਰਜ਼ੀ ਹੈ, ਛੇਤੀ ਹੀ ਇਹ ਰੇਟ ਫਿਰ ਆਪਣੀ ਥਾਂ ਉਤੇ ਆ ਕੇ ਹੋਰ ਮਹਿੰਗੇ ਹੋ ਜਾਣਗੇ।
ਗੁਜਰਾਤ ਵਿਚ ਚੋਣਾਂ ਆ ਰਹੀਆਂ ਹਨ ਅਤੇ ਨਾਲ ਹੀ ਹਿਮਾਚਲ ਦੀਆਂ ਚੋਣਾਂ ਵੀ ਸਿਰ ਉਤੇ ਆਣ ਪੁੱਜੀਆਂ ਹਨ। ਇਹੀ ਕਾਰਨ ਹੈ ਕਿ ਪੈਟਰੋਲ ਡੀਜ਼ਲ ਅਤੇ ਰਸੋਈ ਗੈਸ ਸਸਤੀ ਕੀਤੀ ਗਈ ਹੈ। ਪਿਛਲੀਆਂ ਪੰਜਾਬ ਸਣੇ ਹੋਰ ਸੂਬਿਆਂ ਦੀਆਂ ਚੋਣਾਂ ਵੇਲੇ ਵੀ ਇਸੇ ਤਰ੍ਹਾਂ ਹੋਇਆ ਸੀ ਕਿ ਚੋਣਾਂ ਤੋਂ ਪਹਿਲਾਂ ਤੇਲ ਦੀਆਂ ਕੀਮਤਾਂ ਘਟਾਈਆਂ ਸਨ ਪਰ ਚੋਣਾਂ ਖ਼ਤਮ ਹੁੰਦਿਆਂ ਹੀ ਰੇਟ ਰੋਜ਼ਾਨਾ ਵੱਧਣ ਲੱਗੇ ਸਨ।
ਹੁਣ ਅਕਾਲੀ ਅਤੇ ਭਾਜਪਾ ਵਾਲੇ ਰੌਲਾ ਪਾ ਰਹੇ ਹਨ ਕਿ ਮੋਦੀ ਸਰਕਾਰ ਨੇ ਪੈਟਰੋਲ ਡੀਜ਼ਲ ਉਤੇ ਵੈਟ ਘਟਾਈ ਹੈ ਅਤੇ ਹੁਣ ਪੰਜਾਬ ਦੀ ਆਮ ਆਦਮੀ ਸਰਕਾਰ ਵੀ ਅਜਿਹਾ ਹੀ ਕਰੇ ਅਤੇ ਲੋਕਾਂ ਨੂੰ ਰਾਹਤ ਦੇਵੇ।
ਯਾਨੀ ਕਿ ਇਹ ਪੰਜਾਬ ਭਾਜਪਾ ਅਤੇ ਅਕਾਲੀ ਦਲ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋਦੀ ਸਰਕਾਰ ਦੀ ਰੀਸ ਕਰਨ ਲਈ ਕਹਿ ਰਹੇ ਹਨ, ਪਰ ਕਦੀ ਇਨ੍ਹਾਂ ਨੇ ਮੋਦੀ ਜੀ ਨੂੰ ਆਖਿਆ ਹੈ ਕਿ ਤੁਸੀ ਵੀ ਆਮ ਆਦਮੀ ਪਾਰਟੀ ਦੀ ਤਰ੍ਹਾਂ ਕੋਈ ਚੰਗਾ ਕੰਮ ਕਰੋ ?
ਗੱਲ ਹੁਣ ਇਹ ਹੈ ਕਿ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਐਕਸਾਈਜ਼ ਘਟਾ ਦਿੱਤਾ ਹੈ। ਇਸ ਨੂੰ ਦੇਖਦੇ ਹੋਏ ਹੁਣ ਵਿਰੋਧੀਆਂ ਨੇ ਪੰਜਾਬ ਦੀ ‘ਆਪ’ ਸਰਕਾਰ ਤੋਂ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਤੁਰੰਤ ਘਟਾਉਣ ਦੀ ਮੰਗ ਕੀਤੀ ਹੈ। ਪੰਜਾਬ ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਆਪ ਨੂੰ ਆਮ ਆਦਮੀ ਦੀ ਸਰਕਾਰ ਦੱਸਦੀ ਹੈ, ਇਸ ਲਈ ਇਸ ਬਾਰੇ ਤੁਰੰਤ ਫੈਸਲਾ ਲਿਆ ਜਾਵੇ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਮਾਨ ਸਰਕਾਰ ਨੇ ਵੈਟ ਨਾ ਘਟਾਇਆ ਤਾਂ ਇਹ ਪੰਜਾਬ ਦੇ ਬਹੁਗਿਣਤੀ ਲੋਕਾਂ ਨਾਲ ਖਿਲਵਾੜ ਕਰੇਗੀ।
ਭਾਜਪਾ ਦੇ ਜਨਰਲ ਸਕੱਤਰ ਅਨਿਲ ਸਰੀਨ ਨੇ ਕਿਹਾ ਕਿ ਕੇਂਦਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਤੋਂ ਇਲਾਵਾ ਘਰੇਲੂ ਗੈਸ ਸਿਲੰਡਰ ‘ਤੇ 200 ਰੁਪਏ ਦੀ ਸਬਸਿਡੀ ਵੀ ਦਿੱਤੀ ਗਈ ਹੈ। ਕੇਂਦਰ ਨੇ ਲੋਕਾਂ ਦੇ ਇੱਕ ਲੱਖ ਕਰੋੜ ਰੁਪਏ ਦਾ ਬੋਝ ਆਪਣੇ ਸਿਰ ਲੈ ਲਿਆ ਹੈ। ਅਸੀਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਉਹ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਵੀ ਘਟਾਵੇ। ਪੈਟਰੋਲ ਅਤੇ ਡੀਜ਼ਲ ‘ਤੇ 10-10 ਰੁਪਏ ਵੈਟ ਘਟਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਪੰਜਾਬ ਵਿੱਚ ਵੈਟ ਦੂਜੇ ਰਾਜਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਹੈ।
ਮੁਸੀਬਤ ‘ਚ ਫਸੇ ਆਮ ਆਦਮੀ ਤੇ ਕਿਸਾਨ, ਸਰਕਾਰ ਦੇਵੇ ਰਾਹਤ: ਸੁਖਬੀਰ ਬਾਦਲ
ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਤੇ ਕਿਸਾਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਦੀ ‘ਆਪ’ ਸਰਕਾਰ ਅਤੇ CM ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਘਟਾ ਕੇ ਤੁਰੰਤ ਰਾਹਤ ਦੇਵੇ। ਉਨ੍ਹਾਂ ਕੇਂਦਰ ਸਰਕਾਰ ਦੀ ਤਰਜ਼ ‘ਤੇ ਪੈਟਰੋਲ ‘ਤੇ 9.50 ਰੁਪਏ ਪ੍ਰਤੀ ਲੀਟਰ ਅਤੇ ਪੈਟਰੋਲ ‘ਤੇ 7 ਰੁਪਏ ਪ੍ਰਤੀ ਲੀਟਰ ਵੈਟ ਘਟਾਉਣ ਦੀ ਮੰਗ ਕੀਤੀ।
