ਚੰਡੀਗੜ੍ਹ : ਖੇਤੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਚੋਣ ਲੜ ਰਹੇ ਸੰਯੁਕਤ ਸਮਾਜ ਮੋਰਚੇ ਦੇ ਚੋਣ ਨਿਸ਼ਾਨ ਨੂੰ ਲੈ ਕੇ ਭੰਬਲਭੂਸਾ ਬਰਕਰਾਰ ਹੈ। ਜ਼ਿਆਦਾਤਰ ਉਮੀਦਵਾਰ ਗੁਰਨਾਮ ਚੜੂਨੀ ਦੀ ਪਾਰਟੀ ਦੇ ਚੋਣ ਨਿਸ਼ਾਨ ‘ਕੱਪ ਪਲੇਟ’ ‘ਤੇ ਚੋਣ ਲੜਨ ਲਈ ਤਿਆਰ ਹਨ, ਪਰ ਰਾਜੇਵਾਲ ਪੱਖੀ ਇਸ ਲਈ ਤਿਆਰ ਨਹੀਂ।
ਸੂਤਰਾਂ ਦੇ ਮੁਤਾਬਿਕ, ਸੰਯੁਕਤ ਸੰਘਰਸ਼ ਮੋਰਚਾ ਨਾਲ ਮਿਲ ਕੇ ਚੋਣ ਲੜ ਰਹੇ ਸੰਯੁਕਤ ਸਮਾਜ ਮੋਰਚਾ ਨੂੰ ਚੋਣ ਕਮਿਸ਼ਨ ਵੱਲੋਂ ਅਜੇ ਤੱਕ ਚੋਣ ਨਿਸ਼ਾਨ ਨਹੀਂ ਦਿੱਤਾ ਗਿਆ ਹੈ। ਦੋਵਾਂ ਪਾਰਟੀਆਂ ਵੱਲੋਂ 102 ਉਮੀਦਵਾਰਾਂ ਦੇ ਨਾਂਅ ਦਾ ਐਲਾਨ ਕੀਤਾ ਗਿਆ ਹੈ। ਪਰ ਇਹ ਉਮੀਦਵਾਰ ਇਸ ਗੱਲ ਨੂੰ ਲੈ ਕੇ ਭੰਬਲਭੂਸੇ ਵਿਚ ਹਨ ਕਿ ਉਹ ਕਿਸ ਪਾਰਟੀ ਦੇ ਨਾਂ ‘ਤੇ ਨਾਮਜ਼ਦਗੀ ਭਰਨ।
ਹੁਣ ਜਦੋਂ ਚੋਣ ਕਮਿਸ਼ਨ ਵੱਲੋਂ ਚੋਣ ਨਿਸ਼ਾਨ ਅਲਾਟ ਨਹੀਂ ਕੀਤਾ ਜਾ ਰਿਹਾ ਹੈ, ਤਾਂ ਸੰਯੁਕਤ ਸਮਾਜ ਮੋਰਚਾ ਅਤੇ ਸੰਯੁਕਤ ਸੰਘਰਸ਼ ਮੋਰਚਾ ਨੂੰ ਇਹ ਤੈਅ ਕਰਨਾ ਹੋਵੇਗਾ ਕਿ ਉਹ ਕਿਸ ਚੋਣ ਨਿਸ਼ਾਨ ‘ਤੇ ਚੋਣ ਲੜ ਰਹੇ ਹਨ। ਫਰੰਟ ਕੋਲ ਦੋ ਵਿਕਲਪ ਹਨ, ਜਾਂ ਤਾਂ ਉਹ ਚੜੂਨੀ ਦੇ ਚੋਣ ਨਿਸ਼ਾਨ ਕੱਪ ਪਲੇਟ ‘ਤੇ ਚੋਣ ਲੜਨ ਜਾਂ ਆਜ਼ਾਦ ਉਮੀਦਵਾਰ ਬਣਨ।
ਜੇਕਰ ਆਜ਼ਾਦ ਚੋਣ ਲੜਦੇ ਹਨ ਤਾਂ ਹਰ ਕਿਸੇ ਦੇ ਵੱਖ-ਵੱਖ ਚੋਣ ਨਿਸ਼ਾਨ ਹੋਣਗੇ।ਜਿਸਨੂੰ ਉਮੀਦਵਾਰ ਸਵੀਕਾਰ ਨਹੀਂ ਕਰ ਰਹੇ ਹਨ। ਇਸੇ ਲਈ ਜ਼ਿਆਦਾਤਰ ਉਮੀਦਵਾਰ ਕੱਪ ਪਲੇਟ ਨਿਸ਼ਾਨ ‘ਤੇ ਹੀ ਚੋਣ ਲੜਨਾ ਚਾਹੁੰਦੇ ਹਨ। ਇਸ ਨਾਲ ਲੋਕਾਂ ਨੂੰ ਸਮਝਾਉਣਾ ਆਸਾਨ ਹੋ ਜਾਵੇਗਾ।
