ਚੜ੍ਹਦਾ ਪੰਜਾਬ

August 11, 2022 1:37 AM

ਮੈਡੀਕਲ ਕਾਲਜ ਨੂੰ ਮੁਹਾਲੀ ਤੋਂ ਤਬਦੀਲ ਕਰਨ ਦੀ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਵਲੋਂ ਸਖਤ ਨਿਖੇਧੀ

ਮੈਡੀਕਲ ਕਾਲਜ ਨੂੰ ਮੁਹਾਲੀ ਤੋਂ ਤਬਦੀਲ ਕਰਨ ਦੀ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਵਲੋਂ ਸਖਤ ਨਿਖੇਧੀ  

ਪੰਜਾਬ ਸਰਕਾਰ ਦੇ ਇਸ ਧੋਖੇ ਨੂੰ ਮੋਹਾਲੀ ਦੇ ਲੋਕ ਕਿਸੇ ਵੀ ਸੂਰਤ ਵਿੱਚ ਨਹੀਂ ਕਰਨਗੇ ਬਰਦਾਸ਼ਤ  : ਬਲਬੀਰ ਸਿੰਘ ਸਿੱਧੂ  

ਵੱਡੇ ਪੱਧਰ ਤੇ ਹੋਣਗੇ ਰੋਸ ਪ੍ਰਦਰਸ਼ਨ ਅਤੇ ਧਰਨੇ : ਹਾਈ ਕੋਰਟ ਦਾ ਦਰ ਖੜਕਾਇਆ ਜਾਏਗਾ ਦਰਵਾਜ਼ਾ  : ਬਲਬੀਰ ਸਿੰਘ ਸਿੱਧੂ

ਮੁਹਾਲੀ : ਸਾਬਕਾ ਸਿਹਤ ਮੰਤਰੀ ਅਤੇ ਮੁਹਾਲੀ ਹਲਕੇ ਦੇ ਸਾਬਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ  ਮੋਹਾਲੀ ਦੇ ਮੈਡੀਕਲ ਕਾਲਜ ਤਬਦੀਲ ਕਰਨ ਦੇ ਪ੍ਰਸਤਾਵ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਅਣਥੱਕ ਮਿਹਨਤ ਅਤੇ ਉਪਰਾਲਿਆਂ  ਸਦਕਾ ਮੁਹਾਲੀ ਵਿੱਚ ਮੈਡੀਕਲ ਕਾਲਜ ਲਿਆਂਦਾ ਹੈ ਜਿਸ ਦੀਆਂ ਕਲਾਸਾਂ ਵੀ ਇਸ ਸੈਸ਼ਨ ਤੋਂ ਚਾਲੂ ਹੋ ਗਈਆਂ ਹਨ। ਉਨ੍ਹਾਂ ਕਿਹਾ ਆਮ ਆਦਮੀ ਪਾਰਟੀ ਦਾ ਮੈਡੀਕਲ ਕਾਲਜ ਨੂੰ ਇੱਥੋਂ ਤਬਦੀਲ ਕਰਨ ਦਾ  ਇਹ ਪ੍ਰਸਤਾਵ ਮੋਹਾਲੀ ਦੇ ਲੋਕਾਂ ਨਾਲ ਇੱਕ ਬਹੁਤ ਵੱਡਾ ਧੋਖਾ ਹੈ  ਅਤੇ ਉਹ ਅਜਿਹੀ ਕਿਸੇ ਵੀ ਕੋਸ਼ਿਸ਼ ਦਾ ਪੁਰਜ਼ੋਰ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਨਾ ਸਿਰਫ਼ ਇਸ ਦੇ ਖ਼ਿਲਾਫ਼ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਏਗਾ ਸਗੋਂ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖ਼ਿਲਾਫ਼  ਰੋਸ ਮੁਜ਼ਾਹਰੇ, ਪ੍ਰਦਰਸ਼ਨ ਅਤੇ ਧਰਨੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਮੁਹਾਲੀ ਤੋਂ ਮੈਡੀਕਲ ਕਾਲਜ ਸ਼ਿਫਟ ਕਰਨ ਦੇ ਇਸ ਪ੍ਰਸਤਾਵ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਸਿਹਤ ਮੰਤਰੀ ਪੰਜਾਬ ਡਾ ਵਿਜੇ ਸਿੰਗਲਾ  ਅਤੇ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੇ ਤੌਰ ਤੇ ਜ਼ਿੰਮੇਵਾਰ ਮੰਨੇ ਜਾਣਗੇ।

ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਡਾ ਵਿਜੇ ਸਿੰਗਲਾ ਨੇ ਮੋਹਾਲੀ ਦੇ ਮੈਡੀਕਲ ਕਾਲਜ ਨੂੰ ਤਬਦੀਲ ਕਰਨ ਦਾ ਪ੍ਰਸਤਾਵ  ਮੁੱਖ ਮੰਤਰੀ ਨੂੰ ਭੇਜਿਆ ਹੈ ਜਿਸ ਸੰਬੰਧੀ ਖੁਦ ਡਾ ਸਿੰਗਲਾ ਨੇ ਜਾਣਕਾਰੀ ਦਿੱਤੀ ਹੈ। ਡਾ ਸਿੰਗਲਾ ਨੇ ਕਿਹਾ ਕਿ ਮੁਹਾਲੀ ਵਿਖੇ ਜੋ ਮੈਡੀਕਲ ਕਾਲਜ ਬਣ ਰਿਹਾ ਹੈ ਉਸ ਦੀ ਜਗ੍ਹਾ ਠੀਕ ਨਹੀਂ ਹੈ ਅਤੇ ਇਸ ਦੇ ਪਿੱਛੇ ਗੰਦਾ ਨਾਲਾ ਲੰਘਦਾ ਹੈ ਇਸ ਲਈ ਮੈਡੀਕਲ ਕਾਲਜ ਕਿਤੇ ਹੋਰ ਬਣਨਾ ਚਾਹੀਦਾ ਹੈ ਤੇ ਇਸ ਲਈ ਜਗ੍ਹਾ ਦੀ  ਤਲਾਸ਼ ਕੀਤੀ ਜਾ ਰਹੀ ਹੈ।
ਸਾਬਕਾ ਸਿਹਤ ਮੰਤਰੀ ਅਤੇ ਸਾਬਕਾ ਵਿਧਾਇਕ ਮੁਹਾਲੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਹੈ ਕਿ ਕਿੰਨੀਆਂ ਮੁਸ਼ਕਲਾਂ ਅਤੇ ਮਿਹਨਤ ਮੁਸ਼ੱਕਤ  ਤੋਂ ਬਾਅਦ ਇਹ ਮੈਡੀਕਲ ਕਾਲਜ ਉਨ੍ਹਾਂ ਨੇ ਮੋਹਾਲੀ ਵਿਖੇ ਤਿਆਰ ਕਰਵਾਇਆ। ਉਨ੍ਹਾਂ ਕਿਹਾ ਕਿ ਇਸ ਵਾਸਤੇ  ਜ਼ਮੀਨ ਮੁਹੱਈਆ ਕਰਵਾਉਣਾ ਵੀ ਕੋਈ  ਖਾਲਾ ਜੀ ਦਾ ਵਾੜਾ ਨਹੀਂ ਸੀ ਪਰ ਉਨ੍ਹਾਂ ਨੇ ਤਮਾਮ ਉਪਰਾਲੇ  ਕਰਕੇ ਇਸ ਦੇ ਲਈ ਲੋੜੀਂਦੀ  ਜ਼ਮੀਨ ਦਿਵਾਈ। ਉਨ੍ਹਾਂ ਕਿਹਾ ਕਿ ਹੁਣ ਜਦੋਂ ਇਸ ਦੀ ਚਾਰਦੀਵਾਰੀ ਹੋ ਚੁੱਕੀ ਹੈ ਅਤੇ ਨਾਲ ਲੱਗਦਾ ਨਾਲਾ ਵੀ ਅੰਡਰਗਰਾਊਂਡ ਹੋ ਜਾਣਾ ਹੈ ਤਾਂ  ਨਵੀਂ ਸਰਕਾਰ ਵੱਲੋਂ ਇਸ ਕਾਲਜ ਨੂੰ ਇਸ ਨੂੰ ਇੱਥੋਂ ਸ਼ਿਫਟ ਕਰਨ ਦਾ ਕੀ ਮਤਲਬ ਬਣਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਸਿਰਫ਼ ਮੈਡੀਕਲ ਕਾਲਜ ਨਹੀਂ ਸਗੋਂ 500 ਬੈੱਡਾਂ ਦਾ ਹਸਪਤਾਲ ਵੀ ਬਣ ਰਿਹਾ ਹੈ ਜਿਸਦਾ ਲਾਭ ਮੁਹਾਲੀ ਵਾਸੀਆਂ ਨੂੰ  ਹਾਸਲ ਹੋਣਾ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੇ ਦੌਰਾਨ ਮੁਹਾਲੀ ਨੂੰ ਮੈਡੀਕਲ ਹੱਬ ਬਣਾਉਣ ਵਿੱਚ ਕੋਈ ਕਸਰ ਨਹੀਂ ਸੀ ਛੱਡੀ  ਅਤੇ ਮੁਹਾਲੀ ਦਾ ਸਿਵਲ ਹਸਪਤਾਲ ਵੀ ਮੈਡੀਕਲ ਕਾਲਜ ਵਿੱਚ ਰਲਾ ਕੇ ਸੈਕਟਰ 66 ਵਿੱਚ ਨਵਾਂ ਸਿਵਲ ਹਸਪਤਾਲ ਬਣਾਉਣ ਵਾਸਤੇ ਜ਼ਮੀਨ ਗਮਾਡਾ ਤੋਂ ਹਾਸਲ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਨਵੀਂ ਸਰਕਾਰ ਨੂੰ ਚਾਹੀਦਾ ਹੈ ਤੇ ਜੰਗੀ ਪੱਧਰ ਤੇ ਕਾਰਵਾਈ ਕਰਕੇ  ਮੁਹਾਲੀ ਦੇ ਮੈਡੀਕਲ ਕਾਲਜ ਦੀ ਉਸਾਰੀ ਮੁਕੰਮਲ ਕਰਵਾਏ ਪਰ ਉਲਟਾ ਮੌਜੂਦਾ ਸਰਕਾਰ ਦੇ ਸਿਹਤ ਮੰਤਰੀ ਇਥੋਂ  ਮੈਡੀਕਲ ਕਾਲਜ ਨੂੰ ਹੀ ਤਬਦੀਲ ਕਰਨ ਦੀਆਂ ਗੱਲਾਂ ਕਰ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਸਾਬਕਾ ਸਿਹਤ ਮੰਤਰੀ ਅਤੇ ਸਾਬਕਾ ਹਲਕਾ ਵਿਧਾਇਕ ਮੋਹਾਲੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਹੈ ਕਿ ਮੁਹਾਲੀ ਦੇ ਲੋਕ ਸਰਕਾਰ ਦੇ ਇਸ ਧੋਖੇ ਨੂੰ  ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰਨਗੇ ਅਤੇ ਜੇਕਰ ਅਜਿਹੀ ਕੋਈ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੇ ਖ਼ਿਲਾਫ਼  ਵੱਡੇ ਪੱਧਰ ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਾਏਗਾ ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792