ਚੜ੍ਹਦਾ ਪੰਜਾਬ

August 11, 2022 1:45 AM

ਰੂਸ ਵਿਚ ਪੜ੍ਹਦੇ ਭਾਰਤੀ ਵਿਦਿਆਰਥੀਆਂ ਦੇ ਭਵਿੱਖ ਬਾਰੇ ਵੀ ਅਗਾਊਂ ਫੈਸਲਾ ਲਵੇ ਭਾਰਤ ਸਰਕਾਰ  : ਬਲਬੀਰ ਸਿੰਘ ਸਿੱਧੂ

ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ  ….

ਰੂਸ ਵਿਚ ਪੜ੍ਹਦੇ ਭਾਰਤੀ ਵਿਦਿਆਰਥੀਆਂ ਦੇ ਭਵਿੱਖ ਬਾਰੇ ਵੀ ਅਗਾਊਂ ਫੈਸਲਾ ਲਵੇ ਭਾਰਤ ਸਰਕਾਰ  : ਬਲਬੀਰ ਸਿੰਘ ਸਿੱਧੂ  

ਯੂਕਰੇਨ ਵਿੱਚ ਪੜ੍ਹਾਈ ਕਰਦੇ ਭਾਰਤੀ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਯੂਕਰੇਨ ਵਾਂਗ ਧੁੰਦਲਾ ਜਾਪਦਾ, ਸਥਿਤੀ ਸਪਸ਼ਟ ਕਰਨ ਪ੍ਰਧਾਨ ਮੰਤਰੀ  : ਬਲਬੀਰ ਸਿੰਘ ਸਿੱਧੂ  

ਮੁਹਾਲੀ:
ਮੁਹਾਲੀ ਤੋਂ ਵਿਧਾਇਕ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਯੂਕਰੇਨ ਤੋਂ ਵਾਪਸ ਆ ਰਹੇ ਮੈਡੀਕਲ ਸਿੱਖਿਆ ਦੇ ਵਿਦਿਆਰਥੀਆਂ ਨੂੰ ਤੁਰੰਤ ਭਾਰਤ ਦੇ ਸਰਕਾਰੀ ਅਤੇ ਗੈਰ ਸਰਕਾਰੀ ਕਾਲਜਾਂ ਵਿੱਚ ਮੁਫ਼ਤ  ਦਾਖਲਾ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਉਨ੍ਹਾਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਉਜਾੜੇ ਦੀ ਮਾਰ ਝੱਲ ਰਹੇ ਇਨ੍ਹਾਂ ਵਿਦਿਆਰਥੀਆਂ ਤੋਂ ਕੋਈ ਫੀਸ ਨਾ ਲਈ ਜਾਵੇ  ਤੇ ਇਸ ਗੱਲ ਦਾ ਪ੍ਰਬੰਧ ਭਾਰਤ ਸਰਕਾਰ ਕਰੇ ਇਨ੍ਹਾਂ ਦੀ ਪੜ੍ਹਾਈ ਵਿੱਚ ਕੋਈ ਹਰਜਾ ਨਾ ਹੋਵੇ ਤੇ ਕੋਈ ਵਿਘਨ ਨਾ ਪਵੇ।

ਸਾਬਕਾ ਸਿਹਤ ਮੰਤਰੀ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਕ ਅੰਦਾਜ਼ੇ ਅਨੁਸਾਰ ਯੂਕਰੇਨ ਵਿੱਚ  19,000 ਭਾਰਤੀ ਵਿਦਿਆਰਥੀ ਪੜ੍ਹਾਈ ਕਰ ਰਹੇ ਸਨ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਸਭ ਤੋਂ ਵੱਡੀ ਗਿਣਤੀ ਭਾਰਤੀਆਂ ਦੀ ਹੀ ਹੈ। ਇਹ ਵਿਦਿਆਰਥੀ ਮੈਡੀਸਨ, ਨਰਸਿੰਗ ਅਤੇ ਇੰਜੀਨੀਅਰਿੰਗ ਦੀਆਂ ਡਿਗਰੀਆਂ ਦਾ ਅਧਿਐਨ ਕਰਦੇ ਹਨ।

ਕਿਹਾ, ਯੂਕਰੇਨ ਤੋਂ ਵਾਪਸ ਪਰਤ ਰਹੇ ਮੈਡੀਕਲ ਦੇ ਵਿਦਿਆਰਥੀਆਂ ਨੂੰ  ਸਰਕਾਰੀ ਅਤੇ ਗੈਰ ਸਰਕਾਰੀ ਕਾਲਜਾਂ ਵਿੱਚ ਮੁਫਤ ਦਾਖ਼ਲਾ ਦੇਵੇ ਭਾਰਤ ਸਰਕਾਰ

ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਭਾਰਤ ਸਰਕਾਰ ਆਪ੍ਰੇਸ਼ਨ ਗੰਗਾ ਦੇ ਨਾਂ ਤੇ ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦਾ ਸਿਹਰਾ ਖੱਟ ਰਹੀ ਹੈ ਜਦੋਂ ਕਿ ਵਿਦਿਆਰਥੀ ਇਹ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕੋਈ ਮੱਦਦ ਭਾਰਤੀ ਅੰਬੈਸੀਆਂ ਤੋਂ ਨਹੀਂ ਮਿਲੀ ਅਤੇ ਉਹ ਭੁੱਖੇ ਭਾਣੇ ਦਰ ਦਰ ਦੀਆਂ ਠੋਕਰਾਂ ਖਾਂਦੇ ਵਾਪਸ ਆ ਰਹੇ ਹਨ। ਉਨ੍ਹਾਂ ਕਿਹਾ ਕਿ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਨ੍ਹਾਂ ਵਿਦਿਆਰਥੀਆਂ ਦੇ ਅਗਲੇਰੇ ਭਵਿੱਖ ਸੰਬੰਧੀ ਭਾਰਤ ਸਰਕਾਰ ਕੋਈ ਸਪੱਸ਼ਟ ਜਵਾਬ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਜੋ ਵਿਦਿਆਰਥੀ ਅਖੀਰਲੇ ਸਾਲ ਵਿਚ ਪੜ੍ਹਾਈ ਕਰ ਰਹੇ ਸਨ ਜਾਂ ਦੂਜੇ ਤੀਜੇ ਸਾਲ ਦੀ ਪੜ੍ਹਾਈ ਕਰ ਰਹੇ ਸਨ ਜਾਂ ਜਿਨ੍ਹਾਂ ਨੇ ਹਾਲੇ ਦਾਖਲੇ ਲਏ ਸਨ, ਤੇ ਹੁਣ ਹਜ਼ਾਰਾਂ ਦੀ ਗਿਣਤੀ ਵਿੱਚ ਵਾਪਸ ਭਾਰਤ ਪਰਤ ਰਹੇ ਹਨ, ਦਾ ਭਵਿੱਖ ਪੂਰੀ ਤਰ੍ਹਾਂ ਖਤਰੇ ਵਿੱਚ ਹੈ।

ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਇਹ ਵਿਦਿਆਰਥੀ ਆਪਣੇ ਸ਼ੌਕ ਲਈ ਨਹੀਂ ਸਗੋਂ ਮਜਬੂਰੀਵੱਸ ਵਿਦੇਸ਼ਾਂ ਵਿਚ ਪੜ੍ਹਨ ਲਈ ਜਾਂਦੇ ਹਨ ਕਿਉਂਕਿ ਭਾਰਤ ਵਿੱਚ ਮੈਡੀਕਲ ਦੀ ਪੜ੍ਹਾਈ ਦਾ ਖਰਚਾ ਬਹੁਤ ਜ਼ਿਆਦਾ ਹੈ ਅਤੇ ਕਾਲਜ ਘੱਟ ਹਨ।

ਯੂਕਰੇਨ ਅਤੇ ਰੂਸ ਵਿਚਾਲੇ ਜੰਗ ਹੋਣ ਤੋਂ ਬਾਅਦ ਯੂਕਰੇਨ ਵਿੱਚ ਫ਼ਸ ਗਏ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਕੋਲ ਭਾਰਤ ਆਉਣ ਤੋਂ ਬਗ਼ੈਰ ਹੋਰ ਕੋਈ ਚਾਰਾ ਹੀ ਨਹੀਂ ਹੈ। ਪਹਿਲਾਂ ਤਾਂ ਉਹ ਭੁੱਖੇ ਭਾਣੇ ਕਿਸੇ ਤਰੀਕੇ ਨਾਲ ਸੈਂਕੜੇ ਕਿਲੋਮੀਟਰ ਚੱਲ ਕੇ ਬਾਰਡਰ ਕਰਾਸ ਕਰਕੇ ਹੋਰਨਾਂ ਮੁਲਕਾਂ ਵਿੱਚ ਪੁੱਜੇ ਜਿੱਥੋਂ ਉਨ੍ਹਾਂ ਨੂੰ ਭਾਰਤ ਲਿਆਂਦਾ ਗਿਆ ਹੈ। ਹੁਣ ਮਾਪਿਆਂ ਨੂੰ ਅਤੇ ਵਿਦਿਆਰਥੀਆਂ ਨੂੰ ਇਸ ਗੱਲ ਦਾ ਚਿੰਤਾ ਸਤਾ ਰਹੀ ਹੈ ਕਿ ਉਨ੍ਹਾਂ ਦੇ ਮੈਡੀਕਲ ਕਾਲਜਾਂ ਦੀਆਂ ਕਲਾਸਾਂ ਦਾ ਕੀ ਹੋਵੇਗਾ ਇਸ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਮਿਲ ਰਿਹਾ। ਕਈ ਵਿਦਿਆਰਥੀਆਂ ਦੇ ਤਾਂ ਛੇ ਛੇ ਸਾਲ ਦੇ ਕੋਰਸਾਂ ਦੇ ਹੁਣ ਇੱਕ ਦੋ ਸਾਲ ਬਚੇ ਹਨ ਜਾਂ ਕੋਰਸ ਲਗਪਗ ਪੂਰੇ ਹੋ ਰਹੇ ਹਨ ਉਨ੍ਹਾਂ ਦੀ ਇੰਟਰਨਸ਼ਿਪ ਦਾ ਵੀ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਹੁਣ ਆਪਣਾ ਭਵਿੱਖ ਯੂਕਰੇਨ ਵਾਂਗ ਹੀ ਧੁੰਦਲਾ ਜਾਪ ਰਿਹਾ ਹੈ ਜੋ ਜੰਗ ਵਿੱਚ ਤਬਾਹੀ ਦੇ ਕੰਢੇ ਤੇ ਹੈ। ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਯੂਕਰੇਨ ਵਿੱਚ ਸ਼ਾਂਤਮਈ ਸਥਿਤੀ ਹੋਣ ਵਿਚ ਹੀ ਕਈ ਮਹੀਨੇ ਲੱਗ ਜਾਣੇ ਹਨ ਅਤੇ ਕਾਲਜ ਅਤੇ ਯੂਨੀਵਰਸਿਟੀਆਂ ਕਦੋਂ ਖੁੱਲ੍ਹਣਗੀਆਂ ਇਸ ਬਾਰੇ ਕੋਈ ਅੰਦਾਜ਼ਾ ਨਹੀਂ ਹੈ।

ਉਨ੍ਹਾਂ ਕਿਹਾ ਕਿ ਇਹੀ ਨਹੀਂ ਇੱਕ ਵੱਡੀ ਚਿੰਤਾ ਦੀ ਗੱਲ ਇਹ ਵੀ ਹੈ ਕਿ  ਰੂਸ ਵਿਚ ਡਿਗਰੀਆਂ ਹਾਸਲ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੀ ਅਨਿਸ਼ਚਿਤ ਭਵਿੱਖ ਦਾ ਸਾਹਮਣਾ ਕਰਨਾ ਪੈਣਾ ਹੈ। ਉਨ੍ਹਾਂ ਕਿਹਾ ਕਿ ਹੁਣ ਇਹ ਵੀ ਵੇਖਣਾ ਪਵੇਗਾ ਕਿ ਕਿੰਨੇ ਦੇਸ਼ ਰੂਸੀ ਡਿਗਰੀਆਂ ਨੂੰ ਸਵੀਕਾਰ ਕਰਨਗੇ ਕਿਉਂਕਿ ਰੂਸ ਕਈ ਤਰ੍ਹਾਂ ਦੀਆਂ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵੀ ਭਾਰਤ ਸਰਕਾਰ ਨੂੰ ਅਗਾਊਂ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਰੂਸ ਵਿਚ ਪਡ਼੍ਹਨ ਵਾਲੇ ਵਿਦਿਆਰਥੀਆਂ ਦਾ ਭਵਿੱਖ ਵੀ ਸੁਰੱਖਿਅਤ ਰਹਿ ਸਕੇ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014792