ਵਿਸ਼ਵ ਨਾਰੀ ਦਿਵਸ ਨਾਟ-ਉਤਸਵ ਦੇ ਦੂਜੇ ਦਿਨ ਖੇਡੇ ਦੋ ਨਾਟਕ, ਚਿੜੀ ਦੀ ਅੰਬਰ ਵੱਲ ਉਡਾਣ’ ਅਤੇ ‘ਜਦੋਂ ਰੌਸ਼ਨੀ ਹੁੰਦੀ ਹੈ’
ਸੁਚੇਤਕ ਸਕੂਲ ਦੇ ਵਿਦਿਆਥੀਆਂ ਵੱਲੋਂ ਖੇਡੇ ਦੋ ਨਾਟਕ
ਵਿਸ਼ਵ ਨਾਰੀ ਦਿਵਸ ਨਾਟ-ਉਤਸਵ ਦਾ ਦੂਜਾ ਦਿਨ
ਚੰਡੀਗੜ੍ਹ :
ਸੁਚੇਤਕ ਰੰਗਮੰਚ ਮੋਹਾਲੀ ਵਲੋਂ ਕਰਵਾਏ ਜਾ ਰਹੇ ਵਿਸ਼ਵ ਨਾਰੀ ਦਿਵਸ ਨਾਟ-ਉਤਸਵ ਦੇ ਦੂਜੇ ਦਿਨ ਸਾਰਥਕ ਰੰਗਮੰਚ ਸੁਚੇਤਕ ਸਕੂਲ ਆਫ਼ ਐਕਟਿੰਗ ਦੇ ਵਿਦਿਆਥੀਆਂ ਵੱਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਦੋ ਨਾਟਕ ਪੇਸ਼ ਕੀਤੇ ਗਏ, ਇਸ ਟੀਮ ਦਾ ਪਹਿਲਾ ਨਾਟਕ ‘ਚਿੜੀ ਦੀ ਅੰਬਰ ਵੱਲ ਉਡਾਣ’ ਨਾਟਕ ਖੇਡਿਆ ਗਿਆ, ਜੋ ਡਾ. ਗੁਰਮਿੰਦਰ ਸਿੱਧੂ ਦੀਆਂ ਕਵਿਤਾਵਾਂ ’ਤੇ ਆਧਾਰਤ ਸੀ, ਜਿਸਦੀ ਸਕ੍ਰਿਪਟ ਸ਼ਬਦੀਸ਼ ਨੇ ਆਪਣੀਆਂ ਕਵਿਤਾਵਾਂ ਸ਼ਾਮਲ ਕਰਕੇ ਤਿਆਰ ਕੀਤੀ ਹੈ.
ਇਹ ਨਾਟਕ, ਜਿਸਦੇ ਨਿਰਦੇਸ਼ਕ ਅਨੀਤਾ ਸ਼ਬਦੀਸ਼ ਨੇ ਸੋਲੋ ਨਾਟਕ ਵਜੋਂ 123 ਸ਼ੋਅ ਕੀਤੇ ਹਨ. ਇਸ ਵਾਰ ਇਹ ਪੇਸ਼ਕਾਰੀ ਪੰਜ ਕਲਾਕਾਰਾਂ ਵੱਲੋਂ ਕੀਤੀ ਗਈ, ਜਿਸ ਵਿੱਚ ਜਸਪ੍ਰੀਤ ਕੌਰ, ਸਹਰ, ਮੀਨਾਕਸ਼ੀ, ਪ੍ਰੀਤ ਗਿੱਲ ਤੇ ਬਾਲ ਕਲਾਕਾਰ ਮਿਸ਼ਟੀ ਸ਼ਾਮਲ ਸੀ. ਇਸ ਨਾਟਕ ਦੀ ਕਹਾਣੀ ਭਾਰਤੀ ਇਸਤਰੀ ਦੇ ਪੰਜ ਹਜ਼ਾਰ ਸਾਲਾਂ ਦੇ ਸਫ਼ਰ ਨੂੰ ਦਰਸਾ ਰਹੀ ਸੀ, ਇਸ ਵਿੱਚ ਲਿਖਤ ਇਤਿਹਾਸਕ-ਮਿਥਿਹਾਸਕ ਹਵਾਲੇ ਇਸਤਰੀ ਨਾਲ ਅਨਿਆਂ ਦੀ ਕਹਾਣੀ ਜ਼ਾਹਰ ਕਰਦੇ ਹਨ.
ਇਸ ਦਿਨ ਦੀ ਦੂਜੀ ਪੇਸ਼ਕਾਰੀ ਯਾਂ ਪਾਲ ਸਾਰਤਰ ਦੇ ਨਾਟਕ The Flies ਤੋਂ ਪ੍ਰੇਰਤ ਸੀ, ਇਸਨੂੰ ਮਰਹੂਮ ਨਾਟਕਕਾਰ ਸ੍ਰ. ਗੁਰਸ਼ਰਨ ਸਿੰਘ ਨੇ ‘ਜਦੋਂ ਰੌਸ਼ਨੀ ਹੁੰਦੀ ਹੈ’ ਸਿਰਲੇਖ ਤਹਿਤ ਤਿਆਰ ਕੀਤਾ ਸੀ. ਇਹ ਨਾਟਕ ਅਵਾਮ ਦੇ ਦੋਖੀ ਨਿਜ਼ਾਮ ਵਿੱਚ ਸੱਤਾ ਤੇ ਧਰਮ ਦੇ ਗਠਜੋੜ ਦਾ ਪਰਦਾਫਾਸ਼ ਕੀਤਾ ਗਿਆ ਹੈ।
ਇਸ ਨਾਟਕ ਦੀ ਕਹਾਣੀ ਕਾਲੇ ਕੱਪੜੇ ਪਾ ਕੇ ਪਸ਼ਚਾਤਾਪ ਦਾ ਦਿਨ ਮਨਾ ਰਹੇ ਲੋਕਾਂ ਦੀ ਹੋਣੀ ਬਿਆਨ ਕੀਤੀ ਗਈ ਹੈ, ਜਿਨ੍ਹਾਂ ਨੂੰ ਸਫ਼ੇਦ ਵਸਤਰਾਂ ਵਾਲੇ ਬਾਦਸ਼ਾਹ ਤੇ ਉਸਦੇ ਸੇਵਾਦਰ ਬਣੇ ਔਲੀਆ ਨੇ ਪਵਿੱਤਰ ਕਿਤਾਬ ਦਾ ਡਰਾਵਾ ਦੇ ਕੇ ਸਮਝਾਇਆ ਹੈ ਕਿ ਉਹ ਬਾਦਸ਼ਾਹ ਦੇ ਹਰ ਕੰਨੂਨ ਨੂੰ ਰੱਬੀ ਹੁਕਮ ਮੰਨਦੇ ਹੋਏ ਸਵੀਕਾਰ ਕਰਨ.
ਇਸ ਨਾਟਕ ਵਿੱਚ ਨੌਜਵਾਨ ਤੇ ਨੰਗੇ ਆਦਮੀ ਦੇ ਕਿਰਦਾਰ ਬਾਦਸ਼ਾਹ ਅਤੇ ਔਲੀਆ ਦੇ ਸਫ਼ੇਦ ਵਸਤਰਾਂ ਓਹਲੇ ਛੁਪੀ ਕਾਲਖ ਦਰਸ਼ਕਾਂ ਦੇ ਸਾਹਮਣੇ ਜ਼ਾਹਰ ਕਰਦੇ ਹਨ. ਇਸ ਤਰ੍ਹਾਂ ਬਾਦਸ਼ਾਹ ਦੇ ਤਖ਼ਤ ਤੇ ਔਲੀਆ ਦੀ ਗੁਫ਼ਾ ਦਾ ਪਰਦਾਫਾਸ਼ ਹੁੰਦਾ ਹੈ. ਉਹ ਲੋਕਾਂ ਨੂੰ ਦੱਸਦੇ ਹਨ ਕਿ ਉਨ੍ਹਾਂ ਨੂੰ ਆਪਣੀ ਮੁਕਤੀ ਲਈ ਸੱਚ ਦੇ ਚਬੂਤਰੇ ’ਤੇ ਜਾ ਖਲੋਣਾ ਚਾਹੀਦਾ ਹੈ, ਜਿਸ ’ਤੇ ਖੜ੍ਹਾ ਕਰਕੇ ਸੱਚੇ ਬੰਦੇ ਨੂੰ ਫਾਂਸੀ ਦਿੱਤੀ ਗਈ ਸੀ. ਇਸ ਨਾਟਕ ਸੱਤਾ ’ਤੇ ਕਾਬਜ਼ ਗਠਜੋੜ ਦੇ ਮੋਹਰੀਆਂ ਦੇ ਸਫ਼ੇਦ ਵਸਤਰਾਂ ਅੰਦਰਲੀ ਕਾਲਖ਼ ਦੇ ਦਰਸ਼ਨ ਕਰਾਉਂਦਾ ਹੈ.
ਇਸ ਨਾਟਕ ਵਿੱਚ ਹਰਜਾਪ, ਅਰਸ਼ ਸੰਧੂ, ਇਸ਼ਾਂਤ ਗਾਬ੍ਹਾ, ਸਹਰ, ਭਰਤ ਸ਼ਰਮਾ, ਪ੍ਰਦੀਪ ਮਲਕ, ਪ੍ਰੀਤ ਗਿੱਲ, ਸਾਗਰ ਸ਼ਰਮਾ ਤੇ ਬਾਲ ਕਲਾਕਰ ਸਿਦਕ ਨੇ ਭੂਮਿਕਾਵਾਂ ਅਦਾ ਕੀਤੀਆਂ, ਇਸ ਨਾਟਕ ਦੀ ਲਾਇਟਿੰਗ ਹਰਦੀਪ ਭੁੱਲਰ ਵੱਲੋਂ ਕੀਤੀ ਗਈ ਸੀ.
