ਚੜ੍ਹਦਾ ਪੰਜਾਬ

August 14, 2022 12:50 AM

‘ਲਾੱਕਡਾਊਨ-ਇੱਕ ਪ੍ਰੇਮ ਕਹਾਣੀ’ ਨਾਟਕ ਨਾਲ ਹੋਇਆ ਵਿਸ਼ਵ ਨਾਰੀ ਦਿਵਸ ਨਾਟ-ਉਤਸਵ ਦਾ ਆਗਾਜ਼

‘ਲਾੱਕਡਾਊਨ-ਇੱਕ ਪ੍ਰੇਮ ਕਹਾਣੀ’ ਨਾਟਕ ਨਾਲ ਹੋਇਆ ਵਿਸ਼ਵ ਨਾਰੀ ਦਿਵਸ ਨਾਟ-ਉਤਸਵ ਦਾ ਆਗਾਜ਼

ਚੰਡੀਗੜ੍ਹ :
ਸੁਚੇਤਕ ਰੰਗਮੰਚ ਮੋਹਾਲੀ ਵਲੋਂ ਕਰਵਾਏ ਜਾ ਰਹੇ ਵਿਸ਼ਵ ਨਾਰੀ ਦਿਵਸ ਨਾਟ-ਉਤਸਵ ਦੇ ਪਹਿਲੇ ਦਿਨ ਸਾਰਥਕ ਰੰਗਮੰਚ ਪਟਿਆਲਾ ਵੱਲੋਂ ‘ਲਾੱਕਡਾਊਨ-ਇੱਕ ਪ੍ਰੇਮ ਕਹਾਣੀ’ ਨਾਟਕ ਪੇਸ਼ ਕੀਤਾ ਗਿਆ.

ਇਹ ਨਾਟਕ ਬਲਜੀਤ ਸਿੰਘ ਦੇ ਕਰੋਨਾ ਕਾਲ ਮਹਾਂਮਾਰੀ ਵੇਲ਼ੇ ਲਗਾਏ ਗਏ ਲਾੱਕਡਾਊਨ ਦੌਰਾਨ ਲਿਖੇ ਚਰਚਿਤ ਨਾਵਲ ਦਾ ਨਾਟਕੀ ਰੂਪਾਂਤਰ ਹੈ। ਡਾ. ਲੱਖਾ ਲਹਿਰੀ ਵੱਲੋਂ ਨਿਰਦੇਸ਼ਤ ਨਾਟਕ ਦੀ ਕਹਾਣੀ ਪਿਆਰ, ਜਜ਼ਬਾਤ, ਸੰਵੇਦਨਾ ਅਤੇ ਸਾਂਝ ਦੀ ਗੱਲ ਕਰਦਾ ਹੋਇਆ, ਜਿਸਦੇ ਸਾਹਮਣੇ ਧਰਮ ਦੀਆਂ ਦੀਵਾਰਾਂ ਆ ਖਲੋਂਦੀਆਂ ਹਨ. ਇਸ ਨਾਟਕ ਦੀ ਕਹਾਣੀ ਨਾਟਕ ਭਾਰਤ ਦੇ ਪ੍ਰਧਾਨ ਮੰਤਰੀ ਸਿਰਫ਼ ਚਾਰ ਘੰਟੇ ਦੇ ਨੋਟਿਸ ਤਹਿਤ ‘ਜਿਥੇ ਹੋ ਓਥੇ ਹੀ ਰਹੋ’ ਦਾ ਫਰਮਾਨ ਜਾਰੀ ਕਰ ਦਿੱਤਾ ਸੀ. ਜਦੋਂ ਅਚਾਨਕ ਗੱਡੀਆਂ ਦੀ ਆਵਾ-ਜਾਈ ਰੁਕ ਗਈ ਤਾਂ ਇੱਕ ਸਿੱਖ ਨੌਜਵਾਨ ਗਗਨ (ਨਵਦੀਪ ਕਲੇਰ) ਤੇ ਮੁਸਲਿਮ ਲੜਕੀ ਸਾਦੀਆ (ਅਰਵਿੰਦਰ ਕੌਰ) ਦਿੱਲੀ ਦੇ ਰੇਲਵੇ ਸਟੇਸ਼ਨ ’ਤੇ ਮੁਸੀਬਤ ਵਿੱਚ ਫਸ ਜਾਂਦੇ ਹਨ। ਨੌਜਵਾਨ ਨੇ ਆਪਣੇ ਘਰ ਪੰਜਾਬ ਪਹੁੰਚਣਾ ਸੀ ਤੇ ਮੁਟਿਆਰ ਨੇ ਹੈਦਰਾਬਾਦ ਜਾਣਾ ਹੈ। ਉਹ ਕੁਰੂਕਸ਼ੇਤਰ ਯੂਨੀਵਰਸਿਟੀ ਵਿੱਚ ਪੜਾਉਂਦੀ ਹੈ. ਉਹ ਇੱਕ ਸੂਝਵਾਨ ਲੜਕੀ ਹੈ, ਪਰ ਬਹੁਤ ਘਬਰਾਈ ਹੋਈ ਹੈ, ਕਿਉਂਕਿ ਉਸਦੇ ਘਰੋਂ ਉਸਦੇ ਮਾਪਿਆਂ ਦੇ ਚਿੰਤਾ ਕਾਰਨ ਵਾਰ-ਵਾਰ ਫੋਨ ਆ ਰਹੇ ਹਨ।

ਇਸ ਮਹਾਂਨਗਰ ਵਿੱਚ ਨੌਕਰੀ ਕਰਦਾ ਸੰਵੇਦਨਸ਼ੀਲ ਨੌਜਵਾਨ ਹਾਲਾਤ ਸਮਝਦਾ ਹੈ ਤੇ ਉਸਨੂੰ ਨੂੰ ਆਪਣੇ ਫਲੈਟ ਵਿੱਚ ਜਾਣ ਲਈ ਕਹਿੰਦਾ ਹੈ। ਉਹ ਕੋਈ ਹੋਰ ਚਾਰਾ ਨਾ ਹੋਣ ਦੀ ਸੂਰਤ ਵਿੱਚ ਨਾਲ ਜਾਣ ਲਈ ਰਾਜ਼ੀ ਹੋ ਜਾਂਦੀ ਹੈ। ਸਿੱਖ ਨੌਜਵਾਨ ਹਿੰਦੂ ਪੱਤਰਕਾਰ ਦੋਸਤ ਸਾਹਿਲ (ਗੁਰਦਿਤ ਪਹੇਸ਼) ਦੀ ਮੱਦਦ ਨਾਲ ਫਲੈਟ ਵਿੱਚ ਲੈ ਜਾਂਦਾ ਹੈ। ਉਹ ਦੋਵੇਂ ਆਪੋ-ਆਪਣੇ ਘਰ ਸਾਰੇ ਹਾਲਾਤ ਦੱਸ ਦਿੰਦੇ ਹਨ. ਇਸ ਤਰ੍ਹਾਂ ਨਾਟਕ ਆਪਣੀ ਨਾਟਕੀਅਤਾ ਵੱਲ ਵਧ ਜਾਂਦਾ ਹੈ.

ਦੋਵੇਂ ਵੱਖੋ-ਵੱਖਰੇ ਧਰਮ ਨਾਲ ਬਾਵਸਤਾ ਹਨ, ਜਵਾਨ ਹਨ ਤੇ ਇੱਕੋ ਛੱਤ ਹੇਠ ਰਹਿ ਰਹੇ ਹਨ ਤੇ ਪਰੇਸ਼ਾਨ ਮਾਪੇ ਵਾਰ-ਵਾਰ ਫ਼ੋਨ ਕਰਦੇ ਹਨ. ਦੋਵਾਂ ਪਰਿਵਾਰਾਂ ਵਿੱਚ ਕਲੇਸ਼ ਖੜਾ ਹੋ ਜਾਂਦਾ ਹੈ। ਉਹ ਆਪਣੇ-ਆਪਣੇ ਮਾਪਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਰਵਾਇਤੀ ਸੋਚ ਤੇ ਧਾਰਮਕ ਆਸਥਾ ਦੀ ਦੀਵਾਰ ਸਾਹਮਣੇ ਬੇਵੱਸ ਹਨ. ਇਸ ਨਾਟਕ ਪਿਆਰ, ਜਜ਼ਬਾਤ, ਸੰਵੇਦਨਾ ਅਤੇ ਸਾਂਝ-ਅਸਾਂਝ ਦੀ ਗੱਲ ਕਰਦਾ ਹੋਇਆ, ਕਰੋਨਾ ਕਾਲ ਦੌਰਾਨ ਗਰੀਬਾਂ ਦੀ ਦਸ਼ਾ ਨੂੰ ਬਿਆਨਦਾ ਕਰਦਾ ਹੈ, ਸਿਆਸਤ ’ਤੇ ਵੀ ਚੋਟ ਕਰਦਾ ਹੈ। ਇੱਕ ਪਾਸੇ ਪਰੇਸ਼ਾਨ ਪਰਿਵਾਰਾਂ ਦੀਆਂ ਹਦਾਇਤਾਂ ਹਨ, ਦੂਜੇ ਪਾਸੇ ਦੋਵਾਂ ਦਾ ਆਪਸੀ ਮਿਲਵਰਤਨ, ਸੁਭਾਅ, ਲਿਆਕਤ, ਬੌਧਿਕ ਪੱਧਰ ਤੇ ਇੱਕ ਦੂਜੇ ਲਈ ਸਮਰਪਣ ਖਾਮੋਸ਼ ਰੂਹਾਨੀ ਪਿਆਰ ਵੱਲ ਵਧਦਾ ਜਾਂਦਾ ਹੈ।

ਉਹ ਅਸਿਧੇ ਢੰਗ ਨਾਲ ਇੱਕ-ਦੂਜੇ ਕੋਲ ਇਜ਼ਹਾਰ ਵੀ ਕਰਦੇ ਹਨ, ਪਰ ਖੁੱਲ੍ਹ ਕੇ ਗੱਲ ਕਰਨ ਤੋਂ ਬਚ ਵੀ ਰਹੇ ਹਨ. ਇਸ ਰਿਸ਼ਤੇ ਦੇ ਸ਼ਿਖਰ ਤੱਕ ਜਾਣ ਤੋਂ ਪਹਿਲਾਂ ਹੀ ਲਾੱਕਡਾਊਨ ਖਤਮ ਹੋ ਜਾਂਦਾ ਹੈ ਤੇ ਉਹ ਦੋਵੇਂ ਢੇਰ ਸਾਰੇ ਸਿਆਸੀ-ਸਮਾਜੀ ਸੱਚ ਜ਼ਾਹਰ ਕਰਦੇ ਹੋਏ ਆਪੋ-ਆਪਣੇ ਰਾਹ ਪੈ ਜਾਂਦੇ ਹਨ. ਇਸ ਭਾਵਪੂਰਨ ਮੋੜ ‘ਤੇ ਖ਼ਤਮ ਹੋਇਆ ਨਾਟਕ ਦਰਸ਼ਕਾਂ ਦੇ ਦਿਲਾਂ ਵਿੱਚ ਸਵਾਲਾਂ ਦੀ ਖ਼ਲਬਲੀ ਪੈਦਾ ਕਰਕੇ ਖਤਮ ਹੋ ਜਾਂਦਾ ਹੈ।

ਇਸ ਨਾਟਕ ਦਾ ਪੰਜਾਬੀ ਨੌਜਵਾਨ ਆਪਣੀ ਮਾਤ-ਭਾਸ਼ਾ ਬੋਲਦਾ ਹੈ, ਜਦਕਿ ਹੈਦਰਾਬਾਦ ਦੀ ਮੁਸਲਿਮ ਕੁੜੀ ਉਰਦੂ ਬੋਲਦੀ ਹੈ, ਪਰ ਦੋਵਾਂ ਕਲਾਕਾਰਾਂ ਦੇ ਅਹਿਸਾਸ ਦੀ ਸਾਝ ਭਾਸ਼ਾ ਦੀ ਦੀਵਾਰ ਤੋੜਦੀ ਹੋਈ ਦਰਸ਼ਕਾਂ ਤੱਕ ਜਾਂਦੀ ਹੈ. ਇਸ ਮੌਕੇ ਨਾਵਲ ਦੇ ਲੇਖਕ ਬਲਜੀਤ ਸਿੰਘ ਹਾਜ਼ਰ ਸਨ, ਜਿਨ੍ਹਾਂ ਨੂੰ ਲੋਕ ਦੂਰਦਰਸ਼ਨ ਦੇ ਚਰਚਿਤ ਪ੍ਰੋਗਰਾਮ ‘ਸੰਦਲੀ ਪੈੜਾਂ’ ਦੇ ਪੇਸ਼ਕਾਰ ਵਜੋਂ ਜਾਣਦੇ ਹਨ.

ਮਿੰਨੀ ਟੈਗੋਰ ਵਿੱਚ ਹੋਣਗੇ ਦੋ ਨਾਟਕ
ਇਸ ਨਾਟ-ਉਤਸਵ ਦੇ ਦੂਜੇ ਦਿਨ (7 march )ਮਿੰਨੀ ਟੈਗੋਰ ਵਿੱਚ ਦੋ ਨਾਟਕ ਖੇਡੇ ਜਾਣਗੇ.

ਇਹ ਦੋਵੇਂ ਨਾਟਕ ਸੁਚੇਤਕ ਸਕੂਲ ਆਫ਼ ਐਕਟਿੰਗ ਦੇ ਵਿਦਿਆਰਥੀਆਂ ਵੱਲੋਂ ਅਨੀਤਾ ਸ਼ਬਦੀਸ਼ ਦੀ ਨਿਰਦੇਸ਼ਨਾ ਹੇਠ ਪੇਸ਼ ਹੋਣਗੇ. ਇਸ ਦਿਨ ਦਾ ਪਹਿਲਾ ਨਾਟਕ ‘ਚਿੜੀ ਦੀ ਅੰਬਰ ਵੱਲ ਉਡਾਣ’ ਹੋਵੇਗਾ, ਜੋ ਡਾ. ਗੁਰਮਿੰਦਰ ਸਿੱਧੂ ਦੀਆਂ ਕਵਿਤਾਵਾਂ ’ਤੇ ਆਧਾਰਤ ਹੈ,

ਜਦਿਕ ਦੂਜਾ ਨਾਟਕ ‘ਜਦੋਂ ਰੌਸ਼ਨੀ ਹੁੰਦੀ ਹੈ’ ਹੋਵੇਗਾ. ਗੁਰਸ਼ਰਨ ਸਿੰਘ ਦਾ ਇਹ ਨਾਟਕ ਦੁਧ ਚਿੱਟੇ ਕੱਪੜਿਆਂ ਵਾਲੇ ਹਾਕਮਾਂ ਤੇ ਉਨ੍ਹਾਂ ਦੇ ਸੇਵਾਦਾਰ ਬਣੇ ਧਾਰਮਕ ਨੇਤਾਵਾਂ ਦੇ ਅੰਦਰਲੀ ਕਾਲਖ਼ ਦੇ ਦਰਸ਼ਨ ਕਰਾਉਂਦਾ ਹੈ.

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804