ਚੜ੍ਹਦਾ ਪੰਜਾਬ

August 13, 2022 11:25 PM

ਮੋਦੀ ਸਰਕਾਰ ਲਗਾਤਾਰ ਪੰਜਾਬ ਦੇ ਹੱਕ ਖੋਹ ਕੇ ਲੋਕਾਂ ਨੂੰ ਉਕਸਾਅ ਅਤੇ ਭੜਕਾਅ ਰਹੀ ਹੈ : ਭਗਵੰਤ ਮਾਨ

ਮੋਦੀ ਸਰਕਾਰ ਲਗਾਤਾਰ ਪੰਜਾਬ ਦੇ ਹੱਕ ਖੋਹ ਕੇ ਲੋਕਾਂ ਨੂੰ ਉਕਸਾਅ ਅਤੇ ਭੜਕਾਅ ਰਹੀ ਹੈ : ਭਗਵੰਤ ਮਾਨ

– ਤਾਨਾਸ਼ਾਹੀ ਹੈ ਬੀਬੀਐਮਬੀ ਤੋਂ ਬਾਅਦ ਚੰਡੀਗੜ ਦੇ ਸਿਹਤ ਵਿਭਾਗ ਅਤੇ ਸਿਟਕੋ ’ਚੋਂ ਪੰਜਾਬ ਦੇ ਅਫਸ਼ਰਾਂ ਤੇ ਮੁਲਾਜ਼ਮਾਂ ਦਾ ਡੈਪੂਟੇਸ਼ਨ ਖਤਮ ਕਰਨਾ

ਚੰਡੀਗੜ : 
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੋਸ਼ ਲਾਇਆ ਕਿ ਕੇਂਦਰ ਵਿਚਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਲਗਾਤਾਰ ਪੰਜਾਬ ਵਿਰੋਧੀ ਫੈਸਲੇ ਲਾਗੂ ਕਰਕੇ ਸੂਬੇ ਦੇ ਲੋਕਾਂ ਨੂੰ ਉਕਸਾਉਣ ਅਤੇ ਭੜਕਾਉਣ ਦੇ ਯਤਨ ਕਰ ਰਹੀ ਹੈ। ਜਿਸ ਦੀ ਤਾਜ਼ਾ ਮਿਸਾਲ ਸੂਬੇ ਦੀ ਰਾਜਧਾਨੀ ਚੰਡੀਗੜ ਦੇ ਕਾਰੋਬਾਰੀ ਅਦਾਰੇ ‘ਚੰਡੀਗੜ ਇੰਡਸਟਰੀਅਲ ਤੇ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ’ (ਸਿਟਕੋ) ਦੇ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਵੀ ਪੰਜਾਬ ਕੋਲੋਂ ਖੋਹ ਕੇ ਪੇਸ਼ ਕੀਤੀ ਗਈ ਹੈ। ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਵਿਰੋਧੀ ਫ਼ੈਸਲੇ ਲਾਗੂ ਕਰਨਾ ਬੰਦ ਕਰਨ ਅਤੇ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਦੇ ਯਤਨਾਂ ਤੋਂ ਗਰੇਜ ਕਰਨ, ਕਿਉਂਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਲੋਕਾਂ ਨੇ ਲੰਮਾ ਸਮਾਂ ਵਧੀਕੀਆਂ ਦਾ ਸੰਤਾਪ ਹੰਢਾਇਆ ਹੈ।
ਐਤਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾ ਦੇ ਪਰਦੇ ’ਚ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਲਗਾਤਾਰ ਪੰਜਾਬ ਵਿਰੋਧੀ ਫ਼ੈਸਲੇ ਲਾਗੂ ਕੀਤੇ ਹਨ, ਜਿਸ ਕਾਰਨ ਪੰਜਾਬੀਆਂ ਵਿੱਚ ਮੋਦੀ ਸਰਕਾਰ ਖ਼ਿਲਾਫ਼ ਅਸੰਤੋਸ਼ ਪੈਦਾ ਹੋ ਰਿਹਾ ਹੈ। ਮਾਨ ਨੇ ਕਿਹਾ, ‘‘ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦੀ ਧਰਤੀ ’ਤੇ ਬਣੇ ਭਾਖੜਾ ਬਿਆਸ ਡੈਮ ਅਤੇ ਰਾਜਧਾਨੀ ਚੰਗੀਗੜ ਵਿਚੋਂ ਸੂਬੇ ਦੀ ਹਿੱਸੇਦਾਰੀ ਅਤੇ ਦਾਅਵੇਦਾਰੀ ਖ਼ਤਮ ਕਰ ਰਹੀ ਹੈ। ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ.ਬੀ.ਐੱਮ.ਬੀ) ਵਿਚੋਂ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰਨ ਅਤੇ ਡੈਮਾਂ ਦੀ ਸੁਰੱਖਿਆ ਤੋਂ ਪੰਜਾਬ ਪੁਲੀਸ ਨੂੰ ਹਟਾਉਣ ਤੋਂ ਬਾਅਦ ਹੁਣ ਮੋਦੀ ਸਰਕਾਰ ਨੇ ‘ਚੰਡੀਗੜ ਇੰਡਸਟਰੀਅਲ ਤੇ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ’ (ਸਿਟਕੋ) ਦੇ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਵੀ ਪੰਜਾਬ ਕੋਲੋਂ ਖੋਹ ਲਿਆ ਹੈ, ਜਦੋਂ ਕਿ ਕੁੱਝ ਦਿਨ ਪਹਿਲਾਂ ਹੀ ਪੰਜਾਬ ਦੇ ਕਰੀਬ 112 ਡਾਕਟਰਾਂ ਨੂੰ ਚੰਡੀਗੜ ਦੇ ਸਿਹਤ ਵਿਭਾਗ ਵਿਚੋਂ ਬਾਹਰ ਕੱਢ ਦਿੱਤਾ ਗਿਆ ਸੀ।’’
ਭਗਵੰਤ ਮਾਨ ਨੇ ਦੱਸਿਆ ਕਿ ਪੰਜਾਬ ਪੁਨਰਗਠਨ ਐਕਟ ਤਹਿਤ ਚੰਡੀਗੜ ਵਿੱਚ ਹਰ ਤਰਾਂ ਦੀਆਂ ਸੇਵਾਵਾਂ ਅਤੇ ਪ੍ਰਬੰਧਨ ਵਿੱਚ ਪੰਜਾਬ ਦਾ 60 ਫ਼ੀਸਦੀ ਹਿੱਸਾ ਰਾਖਵਾਂ ਕੀਤਾ ਗਿਆ ਸੀ, ਜਿਸ ਦੇ ਤਹਿਤ ਚੰਡੀਗੜ ਦੇ ਅਫ਼ਸਰਾਂ, ਪੁਲੀਸ, ਸਕੂਲਾਂ, ਹਸਪਤਾਲਾਂ ਅਤੇ ਹੋਰ ਸੇਵਾਵਾਂ ਵਿੱਚ ਪੰਜਾਬ ਤੋਂ ਆਈ.ਏ.ਐਸ, ਆਈ.ਪੀ.ਐਸ, ਪੁਲੀਸ ਮੁਲਾਜ਼ਮ, ਅਧਿਆਪਕ, ਡਾਕਟਰ ਅਤੇ ਹੋਰ ਮੁਲਾਜ਼ਮ ਡੈਪੂਟੇਸ਼ਨ ’ਤੇ ਲਏ ਜਾਂਦੇ ਸਨ। ਉਨਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਪੰਜਾਬ ਵਿਚੋਂ ਲਏ ਜਾਂਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦਾ ਡੈਪੂਟੇਸ਼ਨ ਜਬਰਦਸਤੀ ਖ਼ਤਮ ਕਰ ਰਹੀ ਹੈ, ਇਸੇ ਲਈ ਮੋਦੀ ਸਰਕਾਰ ਨੇ ਸਿਟਕੋ ਦੇ ਐਮ.ਡੀ ਦੇ ਅਹੁਦੇ ’ਤੇ ਨਿਯੁਕਤ ਪੰਜਾਬ ਕੇਡਰ ਦੀ ਅਧਿਕਾਰੀ ਜਸਵਿੰਦਰ ਕੌਰ ਨੂੰ ਹਟਾ ਕੇ ਕੇਂਦਰੀ ਕੇਡਰ ਦੀ ਅਧਿਕਾਰੀ ਪੂਰਵਾ ਗਰਗ ਨੂੰ ਨਿਯੁਕਤ ਕਰ ਦਿੱਤਾ ਹੈ। ਜੋ ਸਰਾਸਰ ਪੰਜਾਬ ਨਾਲ ਧੱਕਾ ਅਤੇ ਵਧੀਕੀ ਹੈ। ਮਾਨ ਨੇ ਕਿਹਾ ਕਿ ਪਹਿਲਾਂ ਇਹ ਧੱਕਾ ਕੇਂਦਰ ’ਚ ਕਾਬਜ਼ ਕਾਂਗਰਸ ਦੀਆਂ ਸਰਕਾਰਾਂ ਕਰਦੀਆਂ ਸਨ, ਹੁਣ ਉਹੋ ਰਾਹ ਭਾਜਪਾ ਦੀ ਅਗਵਾਈ ਵਾਲੀ ਮੋਦੀ ਸਰਕਾਰ ਨੇ ਫੜ ਲਿਆ ਹੈ। ਭਾਜਪਾ ਦੀ ਮੋਦੀ ਸਰਕਾਰ ਰਾਜਾਂ ਦੇ ਅਧਿਕਾਰਾਂ ’ਤੇ ਡਾਕੇ ਮਾਰਨ ’ਚ ਜੁਟੀ ਹੋਈ ਹੈ, ਜੋ ਭਾਰਤ ਦੀ ਸੰਘੀ (ਫੈਡਰਲ) ਵਿਵਸਥਾ ਉੱਤੇ ਵੀ ਸਿੱਧੀ ਸੱਟ ਹੈ।
ਭਗਵੰਤ ਮਾਨ ਨੇ ਪੰਜਾਬ ਨਾਲ ਹੋ ਰਹੀਆਂ ਵਧੀਕੀਆਂ ਲਈ ਸਾਬਕਾ ਮੁੱਖ ਮੰਤਰੀਆਂ ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਦੱਸਿਆ, ਜਿਨਾਂ ਨੇ ਪੰਜਾਬ ਦੇ ਹੱਕਾਂ ’ਤੇ ਵੱਜਦੇ ਡਾਕਿਆਂ ਵਿਰੁੱਧ ਕਦੇ ਆਵਾਜ਼ ਬੁਲੰਦ ਹੀ ਨਹੀਂ ਕੀਤੀ। ਉਨਾਂ ਭਾਜਪਾ ਨਾਲ ਚੋਣ ਗੱਠਜੋੜ ਕਾਰਨ ਵਾਲੀ ਸਾਬਕਾ ਧਿਰ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਮੌਜੂਦਾ ਧਿਰਾਂ ਸੁਖਦੇਵ ਸਿੰਘ ਢੀਂਡਸਾ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਮੋਦੀ ਸਰਕਾਰ ਨੂੰ ਪੰਜਾਬ ਦੇ ਹੱਕਾਂ ’ਤੇ ਡਾਕੇ ਮਾਰਨ ਤੋਂ ਰੋਕਣ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਹੱਕਾਂ ਦੀ ਸੁਰੱਖਿਆ ਅਤੇ ਬਹਾਲੀ ਲਈ ਵਚਨਬੱਧ ਹੈ ਅਤੇ 10 ਮਾਰਚ ਨੂੰ ਬਣਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹੱਕਾਂ ਲਈ ਸੜਕ ਤੋਂ ਲੈ ਕੇ ਸੰਸਦ ਤੱਕ ਅਤੇ ਸੁਪਰੀਮ ਕੋਰਟ ਤੱਕ ਲੜਾਈ ਲੜੇਗੀ।

Leave a Reply

Your email address will not be published.

Related Posts

ਚੋਟੀ ਦੀਆਂ ਖ਼ਬਰਾਂ

014804