ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੋਟਾਂ ਤੋਂ ਅਗਲਾ ਦਿਨ ਪਰਿਵਾਰ ਨਾਲ ਕੀਤਾ ਬਤੀਤ
ਵੋਟਾਂ ਤੋਂ ਅਗਲਾ ਦਿਨ ਪੋਤੀਆਂ ਨਾਲ ਖੇਡਦੇ ਦਿਖਾਈ ਦਿੱਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ
ਮੁਹਾਲੀ:
ਮੁਹਾਲੀ ਦੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਵਿਧਾਨ ਸਭਾ ਹਲਕੇ ਵਿੱਚ ਬੀਤੇ ਕੱਲ੍ਹ ਪਈਆਂ ਵੋਟਾਂ ਤੋਂ ਬਾਅਦ ਅੱਜ ਆਪਣੇ ਪਰਿਵਾਰ ਨਾਲ ਸਮਾਂ ਬਿਤਾਇਆ। ਇਸ ਮੌਕੇ ਉਹ ਆਪਣੀਆਂ ਪੋਤੀਆਂ ਨਾਲ ਖੇਡਦੇ ਨਜ਼ਰ ਆਏ ਅਤੇ ਆਪਣੀ ਧਰਮ ਪਤਨੀ ਦਲਜੀਤ ਕੌਰ ਸਿੱਧੂ, ਬੇਟਾ ਰੂਬੀ ਸਿੱਧੂ ਅਤੇ ਆਪਣੀ ਨੂੰਹ ਨਾਲ ਉਨ੍ਹਾਂ ਨੇ ਪੂਰਾ ਸਮਾਂ ਬਤੀਤ ਕੀਤਾ।
ਸਵੇਰੇ ਤੋਂ ਹੀ ਸਾਬਕਾ ਸਿਹਤ ਮੰਤਰੀ ਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਨੂੰ ਘਰ ਵਿੱਚ ਆ ਕੇ ਮਿਲਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ ਜੋ ਬਲਬੀਰ ਸਿੰਘ ਸਿੱਧੂ ਨੂੰ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਦੀ ਅਡਵਾਂਸ ਵਧਾਈ ਦੇਣ ਆਏ ਸਨ।
ਖ਼ੁਦ ਬਲਬੀਰ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਸਪੁੱਤਰ ਰੂਬੀ ਸਿੱਧੂ ਨੇ ਘਰ ਆਏ ਲੋਕਾਂ ਨਾਲ ਮੁਲਾਕਾਤ ਵੀ ਕੀਤੀ। ਇਸ ਮੌਕੇ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਸਿਰਫ਼ ਅਤੇ ਸਿਰਫ਼ ਮੁਹਾਲੀ ਹਲਕੇ ਵਿੱਚ ਲਿਆਂਦੇ ਗਏ ਕਰੋੜਾਂ ਰੁਪਏ ਦੇ ਪ੍ਰੋਜੈਕਟ ਅਤੇ ਵਿਕਾਸ ਕਾਰਜਾਂ ਨੂੰ ਲੈ ਕੇ ਮੋਹਾਲੀ ਦੇ ਵਸਨੀਕਾਂ ਤੋਂ ਵੋਟ ਪਾਉਣ ਦੀ ਅਪੀਲ ਕੀਤੀ ਸੀ ਤੇ ਮੁਹਾਲੀ ਵਾਸੀਆਂ ਨੇ ਉਨ੍ਹਾਂ ਨੂੰ ਆਪਣਾ ਭਰਪੂਰ ਅਸ਼ੀਰਵਾਦ ਅਤੇ ਸਮਰਥਨ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਚੋਣ ਮੁਹਿੰਮ ਵਿੱਚ ਬਹੁਤ ਜ਼ਿਆਦਾ ਰੁੱਝੇ ਰਹੇ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਵੀ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਪੂਰਾ ਯੋਗਦਾਨ ਪਾਉਂਦਾ ਰਿਹਾ। ਉਨ੍ਹਾਂ ਕਿਹਾ ਕਿ ਵੋਟਾਂ ਪੈਣ ਤੋਂ ਬਹੁਤ ਬਾਅਦ ਅੱਜ ਦਾ ਪੂਰਾ ਦਿਨ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਹੀ ਬਿਤਾਉਣ ਦਾ ਫ਼ੈਸਲਾ ਕੀਤਾ ਸੀ ਤੇ ਅੱਜ ਉਹ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰ ਰਹੇ ਹਨ।
